ਸਕੂਲ ਸਮੇਂ ਕੋਚਿੰਗ ਦਿੰਦੇ ਸੈਂਟਰਾਂ ’ਤੇ ਹੋਵੇਗੀ ਸਖ਼ਤੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਜੁਲਾਈ
ਯੂਟੀ ਦੇ ਕੋਚਿੰਗ ਸੈਂਟਰਾਂ ਵੱਲੋਂ ਸਕੂਲ ਸਮੇਂ ’ਤੇ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ, ਜਿਸ ਕਾਰਨ ਵਿਦਿਆਰਥੀ ਸਕੂਲ ਦੀਆਂ ਜਮਾਤਾਂ ਨਹੀਂ ਲਾਉਂਦੇ ਤੇ ਕੋਚਿੰਗ ਸੈਂਟਰਾਂ ਵੱਲ ਜਾਣ ਨੂੰ ਤਰਜੀਹ ਦਿੰਦੇ ਹਨ।
ਇਸ ਕਾਰਨ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਅਮਲ ਨੂੰ ਰੋਕਣ ਲਈ ਯੂਟੀ ਦੇ ਸਿੱਖਿਆ ਵਿਭਾਗ ਨੇ ਨਵੀਂ ਚਾਰਾਜ਼ੋਈ ਆਰੰਭੀ ਹੈ। ਯੂਟੀ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਕੋਚਿੰਗ ਸੈਂਟਰਾਂ ਦੇ ਮਾਲਕਾਂ ਨੂੰ 18 ਜੁਲਾਈ ਨੂੰ ਸਕੱਤਰੇਤ ਸੱਦਿਆ ਹੈ, ਜਨਿ੍ਹਾਂ ਨੂੰ ਵਿਦਿਆਰਥੀਆਂ ਨੂੰ ਸਕੂਲ ਸਮੇਂ ਕੋਚਿੰਗ ਨਾ ਦੇਣ ਲਈ ਕਿਹਾ ਜਾਵੇਗਾ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ 70 ਦੇ ਕਰੀਬ ਕੋਚਿੰਗ ਸੰਸਥਾਵਾਂ ਹਨ, ਜੋ ਹਰ ਸਾਲ ਵੀਹ ਤੋਂ ਤੀਹ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਵੱਖ ਵੱਖ ਕੋਰਸਾਂ ਦੀ ਸਿਖਲਾਈ ਦਿੰਦੇ ਹਨ। ਇੱਥੇ ਕਈ ਪ੍ਰਾਈਵੇਟ ਸਕੂਲ ਅਜਿਹੇ ਵੀ ਹਨ, ਜੋ ਵਿਦਿਆਰਥੀਆਂ ਦੇ ਫਰਜ਼ੀ ਦਾਖਲੇ ਕਰਦੇ ਹਨ।
ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿਚ ਵੀ ਦਾਖਲੇ ਲਏ ਹਨ, ਜੋ ਸਕੂਲ ਨਹੀਂ ਜਾਂਦੇ ਤੇ ਕੋਚਿੰਗ ਸੰਸਥਾਵਾਂ ਵਿੱਚ ਜਾ ਕੇ ਪੜ੍ਹਦੇ ਹਨ।
ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਕੋਚਿੰਗ ਸੰਸਥਾਵਾਂ ਖ਼ਿਲਾਫ਼ ਨਹੀਂ ਹਨ ਪਰ ਇਹ ਕੋਚਿੰਗ ਸੰਸਥਾਵਾਂ ਸਕੂਲ ਸਮੇਂ ਦੀ ਥਾਂ ਦੁਪਹਿਰ ਤੋਂ ਬਾਅਦ ਕੋਚਿੰਗ ਦੇਣ ਤਾਂ ਕਿ ਵਿਦਿਆਰਥੀਆਂ ਦੀ ਸਕੂਲੀ ਪੜ੍ਹਾਈ ਦਾ ਨੁਕਸਾਨ ਵੀ ਨਾ ਹੋਵੇ।
ਯੂਟੀ ਕੇਡਰ ਐਜੂਕੇਸ਼ਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਕਈ ਸਾਲ ਪਹਿਲਾਂ ਤਿੰਨ ਵਜੇ ਤੋਂ ਪਹਿਲਾਂ ਕੋਚਿੰਗ ਸੈਂਟਰ ਨਾ ਖੋਲ੍ਹਣ ਲਈ ਡੀਸੀ ਕੋਲ ਵੀ ਮੁੱਦਾ ਚੁੱਕਿਆ ਸੀ, ਜਿਸ ਮਗਰੋਂ ਡੀਸੀ ਨੇ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਸਨ ਪਰ ਬਾਅਦ ਵਿੱਚ ਇਸ ’ਤੇ ਅਮਲ ਨਹੀਂ ਹੋਇਆ।
ਵਿਦਿਆਰਥੀਆਂ ਦੀ ਹਾਜ਼ਰੀ ਲਈ ਬਣੇ ਨਿਯਮ
ਹਰੇਕ ਪ੍ਰਾਈਵੇਟ ਤੇ ਸਰਕਾਰੀ ਸਕੂਲ ਨੂੰ ਆਪਣੇ ਦਾਖਲ ਕੀਤੇ ਵਿਦਿਆਰਥੀਆਂ ਦਾ ਪੂਰਾ ਰਿਕਾਰਡ ਵੈੱਬਸਾਈਟ ਉਤੇ ਅਪਲੋਡ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਗਿਆਰ੍ਹਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਦਾ ਹਾਜ਼ਰੀ ਰਜਿਸਟਰ ਰੋਜ਼ਾਨਾ ਅਪਡੇਟ ਰੱਖਣਾ ਚਾਹੀਦਾ ਹੈ, ਜਦਕਿ ਗਿਣਤੀ ਦੇ ਹੀ ਸਕੂਲ ਇਨ੍ਹਾਂ ਨਿਯਮਾਂ ਦਾ ਪਾਲਣ ਕਰਦੇ ਹਨ। ਜ਼ਿਕਰਯੋਗ ਹੈ ਕਿ ਸਕੂਲਾਂ ਵਿੱਚ ਫ਼ਰਜ਼ੀ ਦਾਖਲਾ ਲੈਣ ਤੋਂ ਬਾਅਦ ਵਿਦਿਆਰਥੀ ਕਲਾਸਾਂ ਦੀ ਥਾਂ ਕੋਚਿੰਗ ਸੈਂਟਰ ਜਾਂਦੇ ਹਨ ਤੇ ਬਦਲੇ ਵਿਚ ਸਕੂਲ ਮੋਟੀਆਂ ਫੀਸਾਂ ਵਸੂਲਦੇ ਹਨ। ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੋਚਿੰਗ ਸੈਂਟਰਾਂ ਦੇ ਮਾਲਕਾਂ ਨਾਲ ਮੀਟਿੰਗ ਕਰ ਕੇ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਜਾਵੇਗਾ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ 18 ਜੁਲਾਈ ਨੂੰ ਸੈਕਟਰ 20, 34, 35 ਤੇ 36 ਦੇ ਸੈਂਟਰ ਮਾਲਕਾਂ ਨੂੰ ਸੱਦਿਆ ਗਿਆ ਹੈ।