ਇਸਲਾਮਾਬਾਦ ’ਚ ਭਾਰਤ-ਪਾਕਿਸਤਾਨ ਸਬੰਧਾਂ ’ਤੇ ਕੋਈ ਚਰਚਾ ਨਹੀਂ ਹੋਵੇਗੀ: ਜੈਸ਼ੰਕਰ
ਅਜੇ ਬੈਨਰਜੀ
ਨਵੀਂ ਦਿੱਲੀ, 5 ਅਕਤੂਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਉਹ ਇਸਲਾਮਾਬਾਦ ਦੌਰੇ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ’ਤੇ ਕੋਈ ਚਰਚਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਜਾ ਰਹੇ ਹਨ ਅਤੇ ਉਨ੍ਹਾਂ ਦਾ ਧਿਆਨ ਉਸੇ ’ਤੇ ਕੇਂਦਰਤ ਹੈ। ਵਿਦੇਸ਼ ਮੰਤਰਾਲੇ ਨੇ ਸ਼ੁੱਕਵਾਰ ਨੂੰ ਐਲਾਨ ਕੀਤਾ ਸੀ ਕਿ ਜੈਸ਼ੰਕਰ 15 ਅਤੇ 16 ਅਕਤੂਬਰ ਨੂੰ ਇਸਲਾਮਾਬਾਦ ’ਚ ਐੱਸਸੀਓ ਮੁਖੀਆਂ ਦੀ ਕੌਂਸਲ ਦੇ ਸਿਖ਼ਰ ਸੰਮੇਲਨ ’ਚ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਕੌਮੀ ਰਾਜਧਾਨੀ ’ਚ ਇਕ ਪ੍ਰੋਗਰਾਮ ਦੌਰਾਨ ਜੈਸ਼ੰਕਰ ਨੂੰ ਗੁਆਂਢੀ ਮੁਲਕ ਦੇ ਦੌਰੇ ਬਾਰੇ ਸਵਾਲ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਇਹ ਇਕ ਬਹੁਧਿਰੀ ਪ੍ਰੋਗਰਾਮ ਹੋਵੇਗਾ। ਮੈਂ ਉਥੇ ਭਾਰਤ-ਪਾਕਿਸਤਾਨ ਦੇ ਸਬੰਧਾਂ ਬਾਰੇ ਚਰਚਾ ਕਰਨ ਨਹੀਂ ਜਾ ਰਿਹਾ ਹਾਂ। ਮੈਂ ਐੱਸਸੀਓ ਦੇ ਇਕ ਵਧੀਆ ਮੈਂਬਰ ਵਜੋਂ ਉਥੇ ਹਾਜ਼ਰੀ ਭਰਾਂਗਾ।’’ ਉਨ੍ਹਾਂ ਕਿਹਾ ਕਿ ਉਹ ਇਕ ਨਿਮਰ ਅਤੇ ਸੱਭਿਅਕ ਵਿਅਕਤੀ ਹਨ ਅਤੇ ਉਹ ਇਸੇ ਸੁਭਾਅ ਮੁਤਾਬਕ ਚੰਗਾ ਵਿਹਾਰ ਕਰਨਗੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਆਮ ਤੌਰ ’ਤੇ ਪ੍ਰਧਾਨ ਮੰਤਰੀ ਹੀ ਅਜਿਹੀਆਂ ਉੱਚ ਪੱਧਰੀ ਮੀਟਿੰਗਾਂ ’ਚ ਹਿੱਸਾ ਲੈਂਦੇ ਹਨ ਪਰ ਕਦੇ-ਕਦੇ ਇਨ੍ਹਾਂ ’ਚ ਬਦਲਾਅ ਹੋ ਜਾਂਦਾ ਹੈ।