ਬਿਨਾਂ ਪੱਖਪਾਤ ਹੋਵੇਗਾ ਪਿੰਡਾਂ ਦਾ ਸਰਬਪੱਖੀ ਵਿਕਾਸ: ਈਟੀਓ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 3 ਨਵੰਬਰ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾਂ ਤੇ ਸਰਪੰਚਾਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਭੇਦਭਾਵ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣ ਅਤੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਗਤੀ ਦੇਣ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਨ।
ਪਿੰਡਾਂ ਵਿੱਚ ਧੰਨਵਾਦੀ ਦੌਰੇ ਦੌਰਾਨ ਉਨ੍ਹਾਂ ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਨੂੰ ਸਨਮਾਨਿਤ ਕੀਤਾ। ਪਿੰਡ ਕੋਟਲਾ ਬਥੂਨਗੜ੍ਹ ਦੇ ਸਰਪੰਚ ਡਾ. ਗੁਰਦੀਪ ਕੋਟਲਾ, ਨਵਾਂ ਪਿੰਡ ਦੇ ਸਰਪੰਚ ਡਾ. ਸਰਬਜੀਤ ਸਿੰਘ, ਸਰਾਂ ਤਲਵੰਡੀ ਦੇ ਸਰਪੰਚ ਜਗਬੀਰ ਸਿੰਘ, ਪਰਮਜੀਤ ਸਿੰਘ ਮੈਂਬਰ ਅਤੇ ਹੋਰਨਾਂ ਨੂੰ ਸਨਮਾਨਿਤ ਕਰਨ ਪਹੁੰਚੇ ਕੈਬਨਿਟ ਮੰਤਰੀ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੁਣ ਪਿੰਡਾਂ ਦੇ ਵਿਕਾਸ ਦਾ ਖਾਕਾ ਤਿਆਰ ਹੋ ਗਿਆ ਹੈ। ਪਿੰਡਾਂ ਵਿੱਚ ਹੁਣ ਪੱਕੀਆਂ, ਗਲੀਆਂ, ਨਾਲੀਆਂ, ਸੀਵਰੇਜ, ਜਲ ਸਪਲਾਈ, ਰੋਸ਼ਨੀ, ਪੀਣ ਵਾਲਾ ਸਾਫ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਛੱਪੜਾਂ ਦੀ ਸਫ਼ਾਈ, ਕਮਿਊਨਿਟੀ ਸੈਂਟਰਾਂ ਦਾ ਨਿਰਮਾਣ ਤੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਚੌੜਾ ਕਰਨ ਤੋਂ ਇਲਾਵਾ ਵੀ ਹੋਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਪਿੰਡਾਂ ਦੇ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ, ਆਮ ਆਦਮੀ ਕਲੀਨਿਕ ਲੋਕਾਂ ਤੇ ਘਰਾਂ ਨੇੜੇ ਮਿਆਰੀ ਮੁੱਢਲੀਆਂ ਸਿਹਤ ਸਹੂਲਤਾਂ ਉਪਲਬਧ ਕਰਵਾ ਰਹੇ ਹਨ। ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਲਈ ਟ੍ਰਾਂਸਪੋਰਟ ਸੁਵਿਧਾ ਉਪਲਬਧ ਕਰਵਾਈ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਜਿਹੜੇ ਵਿਕਾਸ ਦੇ ਕੰਮ ਕਰਵਾਉਣੇ ਹਨ, ਉਨ੍ਹਾਂ ਦੇ ਫ਼ੈਸਲੇ ਸਾਂਝੀ ਸੱਥ ਵਿਚ ਲਏ ਜਾਣਗੇ, ਲੋਕਾਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ ਕਿ ਕਿਹੜੇ ਕੰਮ ਪ੍ਰਮੁੱਖਤਾ ਨਾਲ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਹਰ ਖੇਤਰ ਵਿੱਚ ਨਵੀਂ ਚੁਣੀ ਗਈ ਪੰਚਾਇਤ ਨੂੰ ਬਿਨਾਂ ਭੇਦਭਾਵ ਵਿਕਾਸ ਕਰਨ ਲਈ ਫੰਡ ਉਪਲੱਬਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦਾ ਵੀ ਇਹ ਫਰਜ਼ ਹੈ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਪੱਖਪਾਤ ਤੋਂ ਪਿੰਡਾਂ ਦੇ ਵਿਕਾਸ ਕਰਵਾਉਣ।