ਵਿੱਤੀ ਘਾਟੇ ਨਾਲ ਜੂਝ ਰਹੀਆਂ 26 ਮਾਰਕੀਟ ਕਮੇਟੀਆਂ ਦਾ ਹੋਵੇਗਾ ਰਲੇਵਾਂ
ਚਰਨਜੀਤ ਭੁੱਲਰ
ਚੰਡੀਗੜ੍ਹ, 2 ਅਪਰੈਲ
ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਵਿੱਚ ਕਰੀਬ 26 ਮਾਰਕੀਟ ਕਮੇਟੀਆਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਦੀ ਵਿੱਤੀ ਤੌਰ ’ਤੇ ਖਸਤਾ ਹਾਲਤ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ 19 ਫਰਵਰੀ ਨੂੰ ‘ਬੋਰਡ ਆਫ ਡਾਇਰੈਕਟਰਜ਼’ ਦੀ ਮੀਟਿੰਗ ਵਿੱਚ ਉਕਤ ਮਾਰਕੀਟ ਕਮੇਟੀਆਂ ਨੂੰ ਮਰਜ ਕਰਨ ਦੀ ਤਜਵੀਜ਼ ਦੇਣ ਦੇ ਹੁਕਮ ਦਿੱਤੇ ਸਨ। ਇਸ ਫੈਸਲੇ ਮਗਰੋਂ ਮੰਡੀ ਬੋਰਡ ਨੇ ਦਸ ਜ਼ਿਲ੍ਹਿਆਂ ਦੀਆਂ 26 ਮਾਰਕੀਟ ਕਮੇਟੀਆਂ ਦੀ ਨਿਸ਼ਾਨਦੇਹੀ ਕੀਤੀ ਸੀ ਜਿਥੇ ਮਾਰਕੀਟ ਫੀਸ ਤੋਂ ਆਮਦਨੀ ਚਾਰ ਕਰੋੜ ਤੋਂ ਘੱਟ ਹੈ। ਮੁੱਢਲੇ ਪੜਾਅ ’ਤੇ ਮੁਹਾਲੀ ਅਤੇ ਖਰੜ ਮਾਰਕੀਟ ਕਮੇਟੀ ਨੂੰ ਮਰਜ ਕਰਨ ਸਬੰਧੀ ਮਤਾ ‘ਬੋਰਡ ਆਫ ਡਾਇਰੈਕਟਰਜ਼’ ਨੇ ਪਾਸ ਕਰ ਦਿੱਤਾ ਹੈ ਹਾਲਾਂਕਿ ਬਾਕੀ ਮਾਰਕੀਟ ਕਮੇਟੀਆਂ ਦਾ ਰਲੇਵਾਂ ਕਰਨ ਦਾ ਮਾਮਲਾ ਅੱਗੇ ਨਹੀਂ ਵਧਿਆ। ਕਿਸੇ ਸਮੇਂ ਮਾਰਕੀਟ ਕਮੇਟੀ ਖਰੜ ’ਚੋਂ ਮਾਰਕੀਟ ਕਮੇਟੀ ਮੁਹਾਲੀ ਹੋਂਦ ਵਿਚ ਆਈ ਸੀ। ਇਸ ਵੇਲੇ ਖਰੜ ਮਾਰਕੀਟ ਕਮੇਟੀ ਸਿਰ 2.48 ਕਰੋੜ ਦੀਆਂ ਦੇਣਦਾਰੀਆਂ ਹਨ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਪੈਨਸ਼ਨ ਦੇਣ ਜੋਗੇ ਪੈਸੇ ਨਹੀਂ ਹਨ। ਖਰੜ ਕਮੇਟੀ ਦੀ ਆਮਦਨ ਵੀ ਸਾਲ 2022-23 ਦੀ 1.66 ਕਰੋੜ ਹੀ ਸੀ। ਸੂਤਰ ਆਖਦੇ ਹਨ ਕਿ ਮਾਰਕੀਟ ਕਮੇਟੀਆਂ ਦੇ ਵਿੱਤੀ ਘਾਟੇ ਵਧ ਰਹੇ ਹਨ ਅਤੇ ਆਮਦਨ ਘਟ ਰਹੀ ਹੈ। ਸਰਕਾਰੀ ਅਧਿਕਾਰੀ ਆਖਦੇ ਹਨ ਕਿ ਮਾਰਕੀਟ ਕਮੇਟੀਆਂ ਦਾ ਆਪਸ ਵਿਚ ਰਲੇਵਾਂ ਹੋਣ ਦੀ ਸੂਰਤ ਵਿੱਚ ਖਰੀਦ ਕੇਂਦਰਾਂ ’ਤੇ ਕੋਈ ਅਸਰ ਨਹੀਂ ਪਵੇਗਾ।
ਜਿਨ੍ਹਾਂ ਕਮੇਟੀਆਂ ਦੀ ਮਾਰਕੀਟ ਫੀਸ ਤੋਂ ਆਮਦਨੀ ਚਾਰ ਕਰੋੜ ਤੋਂ ਘੱਟ ਹੈ, ਉਨ੍ਹਾਂ ਵਿੱਚ ਅਟਾਰੀ, ਮਹਿਤਾ, ਮਜੀਠਾ, ਬੱਸੀ ਪਠਾਣਾਂ, ਗੋਬਿੰਦਗੜ੍ਹ, ਚਨਾਰਥਲ, ਪੰਜੇ ਕੀ ਉਤਾੜ, ਦੀਨਾਨਗਰ, ਦਸੂਹਾ, ਭੋਗਪੁਰ, ਗੁਰਾਇਆ, ਮਲੌਦ ਤੇ ਫਤਹਿਗੜ੍ਹ ਪੰਜਤੂਰ ਕਮੇਟੀ ਸ਼ਾਮਲ ਹੈ। ਇਸੇ ਤਰ੍ਹਾਂ ਚਾਰ ਕਰੋੜ ਤੋਂ ਘੱਟ ਮਾਰਕੀਟ ਫੀਸ ਵਾਲੀਆਂ ਵਿਚ ਨਰੋਟ ਜੈਮਲ ਸਿੰਘ, ਰੋਪੜ, ਮੋਰਿੰਡਾ, ਚਮਕੌਰ ਸਾਹਿਬ ਤੇ ਆਨੰਦਪੁਰ ਸਾਹਿਬ, ਖਰੜ, ਕੁਰਾਲੀ, ਡੇਰਾ ਬੱਸੀ, ਲਾਲੜੂ, ਮੁਹਾਲੀ, ਬਨੂੜ, ਬਲਾਚੌਰ ਅਤੇ ਹਰੀਕੇ ਦੀ ਕਮੇਟੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਪੰਜਾਬ ’ਚ ਅਕਾਲੀ ਭਾਜਪਾ-ਗੱਠਜੋੜ ਸਰਕਾਰ ਸਮੇਂ ਨਵੀਆਂ ਮਾਰਕੀਟ ਕਮੇਟੀਆਂ ਸਥਾਪਿਤ ਕਰਨ ਵਾਸਤੇ 9 ਨਵੰਬਰ 1998 ਨੂੰ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਤਹਿਤ ਨਵੀਂ ਮਾਰਕੀਟ ਕਮੇਟੀ ਬਣਾਉਣ ਬਾਰੇ 50 ਲੱਖ ਦੀ ਆਮਦਨੀ ਦੀ ਸ਼ਰਤ ਲਾਈ ਗਈ ਸੀ ਅਤੇ ਪੰਜਾਬ ਮੰਡੀ ਬੋਰਡ ਨੇ 18 ਮਾਰਚ 2014 ਨੂੰ ਆਮਦਨੀ ਦੀ ਸ਼ਰਤ ਸੋਧ ਕੇ ਢਾਈ ਕਰੋੜ ਕਰ ਦਿੱਤੀ ਸੀ। ਨਵੀਂ ਕਮੇਟੀ ਨਾਲ ਪੰਜਾਹ ਪਿੰਡ ਹੋਣ ਅਤੇ ਦੂਸਰੀ ਕਮੇਟੀ ਤੋਂ 16 ਕਿਲੋਮੀਟਰ ਦਾ ਫਾਸਲਾ ਹੋਣ ਦੀ ਸ਼ਰਤ ਵੀ ਲਾਈ ਸੀ। ਮਾਰਕੀਟ ਕਮੇਟੀਆਂ ਦੇ ਵਿੱਤੀ ਸਰੋਤ ਸੁੰਗੜ ਰਹੇ ਹਨ ਜਦਕਿ ਖਰਚੇ ਵਧ ਰਹੇ ਹਨ। ਸੂਤਰ ਆਖਦੇ ਹਨ ਕਿ ਸੂਬੇ ਵਿਚ ਮਾਰਕੀਟ ਫੀਸ ਦੀ ਕਾਫੀ ਚੋਰੀ ਵੀ ਹੁੰਦੀ ਹੈ ਜਿਸ ਨੂੰ ਰੋਕਣ ਵਾਸਤੇ ਸਖ਼ਤ ਕਦਮ ਉਠਾਏ ਜਾਣ ਦੀ ਲੋੜ ਹੈ। ਸਾਲ 2022-23 ਵਿੱਚ ਅਟਾਰੀ ਕਮੇਟੀ ਦੀ ਆਮਦਨ 3.47 ਕਰੋੜ ਸੀ ਜਦਕਿ ਖਰਚ 5.57 ਕਰੋੜ ਸੀ ਅਤੇ ਮਜੀਠਾ ਕਮੇਟੀ ਦੀ ਆਮਦਨ 3.11 ਕਰੋੜ ਅਤੇ ਖਰਚ 6.65 ਕਰੋੜ ਸੀ। ਚਨਾਰਥਲ ਕਮੇਟੀ ਦੀ ਆਮਦਨ 3.20 ਕਰੋੜ ਅਤੇ ਖਰਚ 5.86 ਕਰੋੜ ਰਿਹਾ ਹੈ ਜਦਕਿ ਨਰੋਟ ਜੈਮਲ ਸਿੰਘ ਕਮੇਟੀ ਦੀ ਆਮਦਨ 2.58 ਕਰੋੜ ਅਤੇ ਖਰਚ 6.57 ਕਰੋੜ ਹੈ। ਇਸੇ ਤਰ੍ਹਾਂ ਕੁਰਾਲੀ ਕਮੇਟੀ ਦੀ ਆਮਦਨ 2.84 ਕਰੋੜ ਅਤੇ ਖਰਚ 5.22 ਕਰੋੜ ਰੁਪਏ ਹੈ।