For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਹਲਕੇ ਦੇ ਪਿੰਡਾਂ ’ਚ ਭਾਜਪਾ ਆਗੂਆਂ ਦੇ ਦਾਖ਼ਲੇ ਖ਼ਿਲਾਫ਼ ਫਲੈਕਸ ਲੱਗੇ

07:47 AM Apr 11, 2024 IST
ਬਠਿੰਡਾ ਹਲਕੇ ਦੇ ਪਿੰਡਾਂ ’ਚ ਭਾਜਪਾ ਆਗੂਆਂ ਦੇ ਦਾਖ਼ਲੇ ਖ਼ਿਲਾਫ਼ ਫਲੈਕਸ ਲੱਗੇ
ਪਿੰਡ ਭੈਣੀਬਾਘਾ ਵਿੱਚ ਫਲੈਕਸ ਲਾਉਂਦੇ ਹੋਏ ਕਿਸਾਨ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 10 ਅਪਰੈਲ
ਭਾਵੇਂ ਬਠਿੰਡਾ ਲੋਕ ਸਭਾ ਹਲਕੇ ਤੋਂ ਅਜੇ ਤੱਕ ਭਾਜਪਾ ਵੱਲੋਂ ਕਿਸੇ ਪਾਰਟੀ ਆਗੂ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਨਹੀਂ ਉਤਾਰਿਆ ਹੈ, ਇਸ ਦੇ ਬਾਵਜੂਦ ਇਸ ਖੇਤਰ ਦੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਭਾਜਪਾ ਨੇਤਾਵਾਂ ਨੂੰ ਸੰਸਦੀ ਚੋਣਾਂ ਦੌਰਾਨ ਪਿੰਡਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਣ ਲਈ ਸੁਚੇਤ ਕਰਦਿਆਂ ਪੋਸਟਰ ਅਤੇ ਫਲੈਕਸ ਲਾਉਣ ਦਾ ਸਿਲਸਿਲਾ ਆਰੰਭ ਹੋ ਗਿਆ ਹੈ। ਇਲਾਕੇ ਦੇ ਕਈ ਪਿੰਡਾਂ ਵਿੱਚ ਅੱਜ ਬਕਾਇਦਾ ਇਕੱਠ ਕਰ ਕੇ ਭਾਜਪਾ ਨੇਤਾਵਾਂ ਨੂੰ ਪਿੰਡਾਂ ਵਿੱਚ ਨਾ ਆਉਣ ਦੀ ਚਿਤਾਵਨੀ ਦਿੱਤੀ ਗਈ ਹੈ।
ਅੱਜ ਪਿੰਡ ਭੈਣੀਬਾਘਾ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਭਾਜਪਾ ਦੇ ਬਾਈਕਾਟ ਸਬੰਧੀ ਪੋਸਟਰ ਲਾਏ ਗਏ ਹਨ ਤਾਂ ਜੋ ਕੋਈ ਵੀ ਆਗੂ ਪਿੰਡ ਵਿੱਚ ਵੋਟਾਂ ਮੰਗਣ ਨਾ ਆ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿੱਚ ਅਜਿਹੀ ਲਾਮਬੰਦੀ ਆਰੰਭ ਕੀਤੀ ਗਈ ਹੈ। ਇਸ ਲਈ ਅਗਲੇ ਪੂਰੇ ਹਫ਼ਤੇ ਤੱਕ ਪਿੰਡਾਂ ਵਿੱਚ ਅਜਿਹੇ ਫਲੈਕਸ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਸ਼ੰਭੂ ਬਾਰਡਰ ’ਤੇ ਮਾਰੇ ਗਏ ਨੌਜਵਾਨ ਸ਼ੁਭਕਰਨ ਸਿੰਘ ਅਤੇ ਹੋਰ ਸ਼ਹੀਦ ਕਿਸਾਨਾਂ ਦੀ ਕਾਤਲ ਕੇਂਦਰ ਸਰਕਾਰ ਅਤੇ ਉਸ ਦੀਆਂ ਭਾਈਵਾਲ ਧਿਰਾਂ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਜਦੋਂ ਪਿੰਡਾਂ ਵਿੱਚ ਪ੍ਰਚਾਰ ਲਈ ਆਉਣਗੇ ਤਾਂ ਉਨ੍ਹਾਂ ਦਾ ਡਟਵਾਂ ਵਿਰੋਧ ਕਰਦਿਆਂ ਭਾਜਪਾ ਦੇ ਭਗਵੇਂ ਝੰਡਿਆਂ ਨੂੰ ਗੱਡੀਆਂ ਤੋਂ ਉਤਾਰਿਆ ਜਾਵੇਗਾ।
ਜਥੇਬੰਦੀ ਦੇ ਆਗੂ ਸਿਕੰਦਰ ਸਿੰਘ, ਨਾਜਰ ਸਿੰਘ ਅਤੇ ਕਮਲਜੀਤ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਭਾਜਪਾ ਨੇਤਾਵਾਂ ਨੂੰ ਲੋਕ ਸਭਾ ਚੋਣਾਂ ਲਈ ਪ੍ਰਚਾਰ ਤੋਂ ਰੋਕਣ ਲਈ ਬਾਕਾਇਦਾ ਫਲੈਕਸ ਮੁਹਿੰਮ ਆਰੰਭ ਦਿੱਤੀ ਗਈ ਹੈ ਅਤੇ ਜੇ ਫਿਰ ਵੀ ਕੋਈ ਭਾਜਪਾ ਆਗੂ ਪਿੰਡਾਂ ਵਿੱਚ ਵੋਟਾਂ ਲਈ ਆਉਂਦੇ ਹਨ ਤਾਂ ਉਨ੍ਹਾਂ ਦਾ ਨਾਅਰੇਬਾਜ਼ੀ ਕਰ ਕੇ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਪ੍ਰਕਾਸ਼ ਕੌਰ, ਪਾਲ ਸਿੰਘ, ਕੌਰਾ ਸਿੰਘ, ਬਲਜਿੰਦਰ ਸਿੰਘ, ਲੀਲਾ ਸਿੰਘ ਤੇ ਹੋਰ ਵਰਕਰਾਂ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਵੱਲੋਂ ਭਾਜਪਾ ਨੇਤਾਵਾਂ ਨੂੰ ਪਿੰਡਾਂ ਵਿੱਚ ਆਉਣ ਦੀ ਮਨਾਹੀ ਕੀਤੀ ਗਈ ਸੀ ਤਾਂ ਜੋ ਕਾਲੀਆਂ ਝੰਡੀਆਂ ਦਿਖਾਉਂਦਿਆਂ ਅਤੇ ਪਿੰਡ ਵਿੱਚ ਆਉਣ ਦੇ ਵਿਰੋਧ ਦੌਰਾਨ ਕੋਈ ਕਾਟੋ-ਕਲੇਸ਼ ਤੋਂ ਬਚਿਆ ਜਾ ਸਕੇ।

Advertisement

Advertisement
Author Image

sukhwinder singh

View all posts

Advertisement
Advertisement
×