ਸਕੂਲਾਂ ਵਿੱੱਚ ਤੀਆਂ ਦੀਆਂ ਰੌਣਕਾਂ ਲੱਗੀਆਂ
ਪੱਤਰ ਪ੍ਰੇਰਕ
ਸੰਦੌੜ, 13 ਅਗਸਤ
ਡਾ. ਜਗਜੀਤ ਸਿੰਘ ਧੂਰੀ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਵਿੱਚ ਵਿਦਿਆਰਥਣਾਂ ਅਤੇ ਅਧਿਆਪਕਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ।
ਸਮਾਗਮ ਵਿੱਚ ਬੱਚਿਆਂ ਵੱਲੋਂ ਗਿੱਧਾ ਪਾਇਆ ਗਿਆ ਤੇ ਤੀਜ ਦੇ ਤਿਉਹਾਰ ਨਾਲ ਸੰਬੰਧਿਤ ਬੋਲੀਆਂ ਪਾਈਆਂ ਗਈਆਂ। ਪ੍ਰਿੰਸੀਪਲ ਡਾ. ਪੁਨੀਤ ਅਮਨਦੀਪ ਸਿੰਘ ਸੋਹੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਤੇ ਪੁਰਾਣੀਆਂ ਰਿਵਾਇਤਾਂ ਨਾਲ ਜੋੜਨ ਤੇ ਉਨ੍ਹਾਂ ਪ੍ਰਤੀ ਜਾਣੂ ਕਰਵਾਉਣ ਲਈ ਹਰ ਇੱਕ ਤਿਉਹਾਰ ਨੂੰ ਮਨਾਉਣਾ ਜ਼ਰੂਰੀ ਹੈ।
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਸਥਿਤ ਭਾਈ ਸਾਹਿਬ ਭਾਈ ਦਇਆ ਸਿੰਘ ਸਕੂਲ ਵਿੱਚ ਪ੍ਰਿੰਸੀਪਲ ਸੋਨੀਆ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦਾ ਉਦਘਾਟਨ ਸਮਾਜ ਸੇਵੀ ਜਗਦੀਸ਼ ਕੁਮਾਰ ਜੱਗਾ ਵੱਲੋਂ ਕੀਤਾ ਗਿਆ। ਸਕੂਲੀ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ। ਇਸ ਦੌਰਾਨ ਸਕੂਲ ਦੀਆਂ ਸਾਬਕਾ ਵਿਦਿਆਰਥਣਾਂ ਨੇ ਗਿੱਧਾ ਪਾ ਕੇ ਤੀਆਂ ਮਨਾਈਆਂ। ਇਸ ਮੌਕੇ ਬੱਚਿਆਂ ਦੀਆਂ ਮਾਵਾਂ ਨੇ ਵੀ ਗਿੱਧਾ ਪਾ ਕੇ ਖ਼ੂਬ ਰੌਣਕਾਂ ਲਾਈਆਂ।
ਇਸ ਪ੍ਰੋਗਰਾਮ ਦੌਰਾਨ ਬੱਚੀ ਰੂਪਨੀਤ ਕੌਰ (ਵੁਆਇਸ ਆਫ਼ ਪੰਜਾਬ) ਨੇ ਪੰਜਾਬੀ ਸਭਿਆਚਾਰਕ ਗੀਤ ਗਾ ਕੇ ਆਏ ਹੋਏ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਸਕੂਲ ਦੇ ਡਾਇਰੈਕਟਰ ਭਰਪੂਰ ਸਿੰਘ ਨੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ’ਤੇ ਕਰਾਰੀ ਚੋਟ ਮਾਰਦੀ ਕਵਿਤਾ ਪੇਸ਼ ਕੀਤੀ। ਮੰਚ ਸੰਚਾਲਨ ਕੁਲਵੰਤ ਸਿੰਘ, ਰਾਜਿੰਦਰ ਕੌਰ, ਪਰਮਜੀਤ ਕੌਰ, ਨੀਰੂ ਬਾਂਸਲ, ਰਵਿੰਦਰ ਕੌਰ, ਰੇਖਾ ਸ਼ਰਮਾ ਨੇ ਬਾਖ਼ੂਬੀ ਨਿਭਾਈ।