ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਬਿਜਲੀ ਹੋਈ ਗੁੱਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਦਿੱਲੀ ਦੇ ਬਿਜਲੀ ਮੰਤਰੀ ਆਤਿਸ਼ੀ ਨੇ ਮੰਗਲਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੰਡੋਲਾ ਵਿੱਚ ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਪੀਜੀਸੀਆਈਐੱਲ) ਦੇ ਸਬ-ਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਬਿਜਲੀ ਬੰਦ ਹੋ ਗਈ। ਐਕਸ ’ਤੇ ਇੱਕ ਪੋਸਟ ਵਿੱਚ ਆਤਿਸ਼ੀ ਨੇ ਕਿਹਾ ਕਿ ਉਹ ਕੇਂਦਰੀ ਊਰਜਾ ਮੰਤਰੀ ਅਤੇ ਪੀਜੀਸੀਆਈਐੱਲ ਦੇ ਚੇਅਰਮੈਨ ਨਾਲ ਮੁਲਾਕਾਤ ਦੀ ਮੰਗ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੀ ਸਥਿਤੀ ਦੁਹਰਾਈ ਨਾ ਜਾਵੇ। ਦਿੱਲੀ ਦੇ ਕਈ ਹਿੱਸਿਆਂ ਵਿੱਚ ਦੁਪਹਿਰ 2.11 ਵਜੇ ਤੋਂ ਮਗਰੋਂ ਬਿਜਲੀ ਬੰਦ ਹੈ। ਇਹ ਯੂਪੀ ਦੇ ਮੰਡੋਲਾ ਵਿੱਚ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੇ ਸਬ-ਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਹੋਇਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਨੂੰ ਮੰਡੋਲਾ ਤੋਂ 1200 ਮੈਗਾਵਾਟ ਬਿਜਲੀ ਮਿਲਦੀ ਹੈ। ਇਸ ਕਾਰਨ ਸਬ-ਸਟੇਸ਼ਨ ਤੇ ਕੌਮੀ ਰਾਜਧਾਨੀ ਦੇ ਕਈ ਹਿੱਸੇ ਪ੍ਰਭਾਵਿਤ ਹੋਏ ਹਨ ਅਤੇ ਬਿਜਲੀ ਬਹਾਲੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਹੁਣ ਹੌਲੀ-ਹੌਲੀ ਵੱਖ-ਵੱਖ ਖੇਤਰਾਂ ਵਿੱਚ ਬਿਜਲੀ ਵਾਪਸ ਆ ਰਹੀ ਹੈ। ਆਤਿਸ਼ੀ ਨੇ ਪੋਸਟ ਵਿੱਚ ਕਿਹਾ ਕਿ ਰਾਸ਼ਟਰੀ ਪਾਵਰ ਗਰਿੱਡ ਵਿੱਚ ਅਜਿਹਾ ਹੋਣਾ ਚਿੰਤਾਜਨਕ ਹੈ। ਉਹ ਕੇਂਦਰੀ ਊਰਜਾ ਮੰਤਰੀ ਅਤੇ ਪੀਜੀਸੀਆਈਐੱਲ ਦੇ ਚੇਅਰਮੈਨ ਨਾਲ ਮਿਲਣ ਦਾ ਸਮਾਂ ਮੰਗ ਰਹੇ ਹਨ। ਮੁਲਾਕਾਤ ਕਰਕੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਰਾਜਧਾਨੀ ਵਿੱਚ ਮੁੜ ਅਜਿਹੀ ਸਥਿਤੀ ਦੁਹਰਾਈ ਨਾ ਜਾਵੇ।