ਮੋਦੀ ਦਾ ਮੇਰੇ ਘਰ ਆਉਣ ’ਚ ਕੁਝ ਵੀ ਗ਼ਲਤ ਨਹੀਂ ਸੀ: ਚੀਫ ਜਸਟਿਸ
ਨਵੀਂ ਦਿੱਲੀ, 4 ਨਵੰਬਰ
ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਕਿਹਾ ਕਿ ਗਣਪਤੀ ਪੂਜਾ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਨ੍ਹਾਂ ਘਰ ਆਉਣ ਵਿਚ ਕੁਝ ਵੀ ‘ਗ਼ਲਤ ਨਹੀਂ’ ਸੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਅਜਿਹੇ ਮਸਲਿਆਂ ਨੂੰ ਲੈ ਕੇ ‘ਸਿਆਸੀ ਹਲਕਿਆਂ ਨੂੰ ਵਧੇਰੇ ਸਿਆਣਪ ਤੇ ਵਿਵੇਕ ਨਾਲ ਕੰਮ’ ਲੈਣ ਦੀ ਲੋੜ ਹੈ। ਇਕ ਅਖ਼ਬਾਰੀ ਸਮੂਹ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਟਿਸ ਚੰਦਰਚੂੜ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੇਰੇ ਘਰ ਗਣਪਤੀ ਪੂਜਾ ਲਈ ਆਏ ਸਨ। ਇਸ ਵਿਚ ਕੁਝ ਵੀ ਗ਼ਲਤ ਨਹੀਂ ਸੀ ਕਿਉਂਕਿ ਨਿਆਂਪਾਲਿਕਾ ਤੇ ਕਾਰਜਪਾਲਿਕਾ ਦਰਮਿਆਨ ਸਮਾਜਿਕ ਪੱਧਰ ਉੱਤੇ ਪਹਿਲਾਂ ਵੀ ਅਜਿਹੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਹਨ। ਅਸੀਂ ਰਾਸ਼ਟਰਪਤੀ ਭਵਨ, ਗਣਤੰਤਰ ਦਿਵਸ ਆਦਿ ਮੌਕੇ ਮਿਲਦੇ ਹਾਂ। ਅਸੀਂ ਪ੍ਰਧਾਨ ਮੰਤਰੀ ਤੇ ਮੰਤਰੀਆਂ ਨਾਲ ਵੀ ਗੱਲਬਾਤ ਕਰਦੇ ਹਾਂ। ਉਂਝ ਇਸ ਗੁਫ਼ਤਗੂ ਵਿਚ ਉਹ ਕੇਸ ਸ਼ਾਮਲ ਨਹੀਂ ਹੁੰਦੇ ਜਿਸ ਦਾ ਅਸੀਂ ਫੈਸਲਾ ਕਰਦੇ ਹਾਂ.... ਗੱਲਬਾਤ ਸਮਾਜ ਤੇ ਜੀਵਨ ਨੂੰ ਲੈ ਕੇ ਹੁੰਦੀ ਹੈ।’’ ਸੀਜੇਆਈ ਨੇ ਕਿਹਾ ਕਿ ਅੰਤਰ-ਸੰਸਥਾਗਤ ਚੋਖਟੇ ਦੀ ਮਜ਼ਬੂਤੀ ਲਈ ਹੁੰਦੇ ਸੰਵਾਦ ਦਾ ਸਤਿਕਾਰ ਕਰਨਾ ਬਣਦਾ ਹੈ ਅਤੇ ਨਿਆਂਪਾਲਿਕਾ ਤੇ ਕਾਰਜਪਾਲਿਕਾ ਦਰਮਿਆਨ ਤਾਕਤਾਂ ਦੀ ਵੰਡ ਦਾ ਇਹ ਮਤਲਬ ਨਹੀਂ ਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਨਾ ਮਿਲਣ। ਅਯੁੱਧਿਆ ਰਾਮ ਮੰਦਿਰ ਵਿਵਾਦ ਦੇ ਹੱਲ ਲਈ ਰੱਬ ਨੂੰ ਪ੍ਰਾਰਥਨਾ ਕਰਨ ਬਾਰੇ ਆਪਣੇ ਬਿਆਨ ਦੇ ਹਵਾਲੇ ਨਾਲ ਜਸਟਿਸ ਚੰਦਰਚੂੜ ਨੇ ਕਿਹਾ ਕਿ ਉਹ ‘ਸ਼ਰਧਾ ਰੱਖਣ ਵਾਲੇ ਵਿਅਕਤੀ’ ਹਨ ਤੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਨ। -ਪੀਟੀਆਈ