ਛੇ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਕੋਈ ਉਘ-ਸੁੱਘ ਨਾ ਲੱਗੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਗਸਤ
ਵਿਦੇਸ਼ ਜਾਣ ਤੋਂ ਪਹਿਲਾਂ 2 ਦੋਸਤਾਂ ਦੇ ਨਾਲ ਸਤਲੁਜ ਕਿਨਾਰੇ ਘੁੰਮਣ ਗਏ ਪਿੰਡ ਖਹਿਰਾ ਬੇਟ ਦੇ ਰਹਿਣ ਵਾਲੇ ਗੁਰਮਨਜੋਤ ਸਿੰਘ ਦਾ ਛੇ ਦਿਨ ਬੀਤਣ ਤੋਂ ਬਾਅਦ ਕੋਈ ਉੱਘ-ਸੁੱਘ ਨਹੀਂ ਮਿਲੀ। ਗੁਰਮਨਜੋਤ ਸਿੰਘ ਦੀ ਭਾਲ ’ਚ ਜਿੱਥੇ ਗੋਤਾਖੋਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ, ਉੱਥੇ ਹੀ ਐੱਨਡੀਆਰਐੱਫ਼ ਦੀਆਂ ਟੀਮਾਂ ਵੀ ਆਪਣੇ ਕੰਮ ’ਤੇ ਲੱਗ ਗਈਆਂ ਹਨ, ਪਰ ਇਸ ਦੇ ਬਾਵਜੂਦ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਧਰ, ਗੁਰਮਨਜੋਤ ਦੇ ਨਾਲ ਘੁੰਮਣ ਲਈ ਸਤਲੁਜ ਕਿਨਾਰੇ ਗਏ ਉ ਦੇ ਦੋਸਤ ਗੁਰਲਾਲ ਤੇ ਗੁਰਸਿਮਰਨ ਦੇ ਬਿਆਨ ਵੀ ਦਰਜ ਨਹੀਂ ਹੋ ਸਕੇ ਕਿ ਆਖਰ ਜਿਸ ਦਿਨ ਗੁਰਮਨਜੋਤ ਗਾਇਬ ਹੋਇਆ, ਅਸਲ ’ਚ ਉਦੋਂ ਹੋਇਆ ਕੀ ਸੀ। ਪਰਿਵਾਰ ਵਾਲਿਆਂ ਨੇ ਥਾਣਾ ਲਾਡੋਵਾਲ ਪੁਲੀਸ ’ਤੇ ਦੋਸ਼ ਲਾਏ ਹਨ ਕਿ ਛੇ ਦਿਨ ਬੀਤਣ ਦੇ ਬਾਵਜੂਦ ਉਨ੍ਹਾਂ ਦੋਹਾਂ ਦੇ ਬਿਆਨ ਦਰਜ ਨਹੀਂ ਹੋਏ ਤੇ ਪੁਲੀਸ ਆਪਣੀ ਕਾਰਵਾਈ ਢਿੱਲੀ ਕਰ ਰਹੀ ਹੈ। ਖਹਿਰਾ ਬੇਟ ਦੇ ਰਹਿਣ ਵਾਲੇ ਗੁਰਮਨਜੋਤ ਸਿੰਘ ਨੇ 30 ਅਗਸਤ ਨੂੰ ਕੈਨੇਡਾ ਚਲੇ ਜਾਣਾ ਸੀ। ਉਹ 6 ਦਿਨ ਪਹਿਲਾਂ ਆਪਣੇ ਦੋਸਤ ਗੁਰਲਾਲ ਤੇ ਗੁਰਸਿਮਰਨ ਨਾਲ ਸਤਲੁਜ ਕਿਨਾਰੇ ਘੁੰਮਣ ਚਲਾ ਗਿਆ। ਗੁਰਮਨਜੋਤ ਦੇ ਮਾਮਾ ਨੇ ਦੱਸਿਆ ਕਿ ਪਿਛਲੇਂ ਵੀਰਵਾਰ ਦੀ ਸ਼ਾਮ ਸਾਢੇ 7 ਵਜੇ ਉਸ ਦੇ ਦੋਸਤਾਂ ਨੇ ਘਰ ਆ ਕੇ ਦੱਸਿਆ ਕਿ ਉਹ ਮਿਲ ਨਹੀਂ ਰਿਹਾ। ਨੌਜਵਾਨਾਂ ਨੇ ਦੱਸਿਆ ਕਿ ਗੁਰਮਨਜੋਤ ਉਨ੍ਹਾਂ ਨਾਲ ਗਿਆ ਸੀ, ਪਰ ਸਤਲੁਜ ’ਚ ਕਿਧਰੇ ਗੁੰਮ ਗਿਆ। ਪਰਿਵਾਰ ਨੇ ਦੋਸ਼ ਲਾਇਆ ਕਿ ਗੁਰਮਨਜੋਤ ਦੇ ਦੋਸਤ ਗੁਰਸਿਮਰਨ ਦਾ ਕਿਸੇ ਲੜਕੀ ਨਾਲ ਚੱਕਰ ਹੈ, ਇਸ ਲਈ ਉਹ ਸਤਲੁਜ ’ਚ ਛਾਲ ਮਾਰਨ ਗਿਆ ਸੀ। ਉਸ ਨੂੰ ਡੁੱਬਦਾ ਦੇਖ ਤੁਰੰਤ ਗੁਰਲਾਲ ਨੇ ਰੌਲਾ ਪਾਇਆ। ਇੰਨ੍ਹੇ ’ਚ ਗੁਰਮਨਜੋਤ ਨੇ ਆਪਣੀ ਪੱਗ ਨਾਲ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਗੁਰਸਿਮਰਨ ਤਾਂ ਪਾਣੀ ’ਚੋਂ ਬਾਹਰ ਆ ਗਿਆ, ਪਰ ਗੁਰਮਨਜੋਤ ਕਿਧਰੇ ਲਾਪਤਾ ਹੋ ਗਿਆ। ਪਰਿਵਾਰ ਅਨੁਸਾਰ ਮਾਮਲਾ ਸ਼ੱਕੀ ਹੈ। ਵੀਰਵਾਰ ਨੂੰ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ।
ਥਾਣਾ ਲਾਡੋਵਾਲ ਦੀ ਇੰਚਾਰਜ ਰੂਪਦੀਪ ਕੌਰ ਨੇ ਦੱਸਿਆ ਕਿ ਕਿਸੇ ਪਿੰਡ ਵਾਸੀ ਨੇ ਨੌਜਵਾਨ ਨੂੰ ਡੁੱਬਦੇ ਨਹੀਂ ਦੇਖਿਆ। ਦਰਿਆ ਦਾ ਵਹਾਅ ਇੰਨਾ ਜ਼ਿਆਦਾ ਹੈ ਕਿ ਲਾਸ਼ ਰੁਕਣ ਦਾ ਕੋਈ ਚਾਂਸ ਨਹੀਂ ਹੈ। ਫਿਰ ਵੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਪਰਿਵਾਰ ਵਾਲਿਆਂ ਨੇ ਜੋ ਵੀ ਦੋਸ਼ ਲਾਏ ਹਨ, ਉਸ ’ਤੇ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਜਾਵੇਗਾ।