ਬਾਰਦਾਨੇ ਦੀ ਘਾਟ ਕਾਰਨ ਖਰੜ ਅਨਾਜ ਮੰਡੀ ’ਚ ਨਾ ਹੋਈ ਖ਼ਰੀਦ
ਸ਼ਸ਼ੀ ਪਾਲ ਜੈਨ
ਖਰੜ, 19 ਅਕਤੂਬਰ
ਖਰੜ ਅਨਾਜ ਮੰਡੀ ਵਿਚ ਬਾਰਦਾਨੇ ਦੀ ਘਾਟ ਕਾਰਨ ਝੋਨੇ ਦੇ ਅੰਬਾਰ ਲੱਗ ਗਏ ਹਨ। ਇਸ ਕਾਰਨ ਅੱਜ ਇੱਥੇ ਝੋਨੇ ਦੀ ਬੋਲੀ ਨਹੀਂ ਹੋਈ। ਆੜ੍ਹਤੀ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਨਰਿੰਦਰ ਸ਼ਰਮਾ ਅਤੇ ਸੀਨੀਅਰ ਆਗੂ ਅਮਨਦੀਪ ਗਰਗ ਨੇ ਦੱਸਿਆ ਕਿ ਅਨਾਜ ਮੰਡੀ ਵਿੱਚ ਨਾ ਤਾਂ ਨਵਾਂ ਬਾਰਦਾਨਾ ਹੈ ਅਤੇ ਕਿਉਂਕਿ ਅਜੇ ਤੱਕ ਸ਼ੈੱਲਰ ਮਾਲਕਾਂ ਨੂੰ ਝੋਨਾ ਅਲਾਟ ਨਹੀਂ ਹੋ ਸਕਿਆ, ਇਸ ਲਈ ਉਨ੍ਹਾਂ ਵੱਲੋਂ ਪੁਰਾਣਾ ਬਾਰਦਾਨਾ ਵੀ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਵਿੱਚ ਪਨਗਰੇਨ ਖ਼ਰੀਦ ਕਰਦੀ ਹੈ ਪਰ ਉਨ੍ਹਾਂ ਕੋਲ ਬਾਰਦਾਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਡੇਢ ਲੱਖ ਬੋਰੀ ਦੇ ਕਰੀਬ ਝੋਨਾ ਖੁੱਲ੍ਹੇ ਵਿੱਚ ਪਿਆ ਹੈ ਅਤੇ ਜੇ ਥੋੜ੍ਹੀ ਜਿਹੀ ਬਾਰਸ਼ ਹੋ ਗਈ ਤਾਂ ਝੋਨਾ ਖ਼ਰਾਬ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸਥਾਨਕ ਵਿਧਾਇਕ ਜਾਂ ਹਾਕਮ ਪਾਰਟੀ ਦੇ ਕਿਸੇ ਜ਼ਿੰਮੇਵਾਰ ਵਿਅਕਤੀ ਨੇ ਅਨਾਜ ਮੰਡੀ ਦਾ ਦੌਰਾ ਨਹੀਂ ਕੀਤਾ ਅਤੇ ਨਾ ਹੀ ਇੱਥੇ ਕੀ ਹਾਲਾਤ ਹਨ, ਇਸ ਦੀ ਜਾਣਕਾਰੀ ਪ੍ਰਾਪਤ ਕੀਤੀ।
ਉਨ੍ਹਾਂ ਕਿਹਾ ਕਿ ਅਜਿਹਾ ਹੋਣ ਕਾਰਨ ਮੰਡੀ ਵਿੱਚ ਜਿੱਥੇ ਕਿਸਾਨ ਖ਼ੁਆਰ ਹੋ ਰਹੇ ਹਨ, ਉੱਥੇ ਆੜ੍ਹਤੀ ਅਤੇ ਮਜ਼ਦੂਰ ਵੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੀ ਹਾਲ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਖ਼ਰੀਦ ਪ੍ਰਭਾਵਿਤ ਹੋ ਸਕਦੀ ਹੈ ਕਿਉਂਕਿ ਖ਼ਰੀਦੇ ਝੋਨੇ ਦੀ ਭਰਾਈ ਲਈ ਵਾਰਦਾਨੇ ਦੀ ਵੱਡੀ ਕਮੀ ਹੈ।