ਪੰਜਾਬ ਦੇ ਕਈ ਸ਼ਹਿਰਾਂ ਵਿੱਚ ਹਲਕਾ ਮੀਂਹ ਪਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜੁਲਾਈ
ਪੰਜਾਬ ਦੇ ਇਕ ਦਰਜਨ ਦੇ ਕਰੀਬ ਸ਼ਹਿਰਾਂ ਵਿੱਚ ਅੱਜ ਹਲਕਾ ਮੀਂਹ ਪਿਆ। ਮੀਂਹ ਪੈਣ ਕਾਰਨ ਲੋਕਾਂ ਨੇ ਹੁੰਮਸ ਅਤੇ ਗਰਮੀ ਤੋਂ ਮਾਮੂਲੀ ਰਾਹਤ ਮਹਿਸੂਸ ਕੀਤੀ। ਉਧਰ, ਮਾਝੇ ਦੇ ਦੁਆਬੇ ਖੇਤਰ ਵਿੱਚ ਕਿਣ-ਮਿਣ ਹੋਣ ਕਰਕੇ ਉਥੇ ਹੁੰਮਸ ਭਰੀ ਗਰਮੀ ਦਾ ਕਹਿਰ ਜਾਰੀ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ, ਮੁਹਾਲੀ, ਰੋਪੜ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ, ਫ਼ਤਹਿਗੜ੍ਹ ਸਾਹਿਬ ਅਤੇ ਕੁਝ ਹੋਰ ਸ਼ਹਿਰਾਂ ਵਿੱਚ ਮੀਂਹ ਪਿਆ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 31 ਜੁਲਾਈ ਤੇ 1 ਅਗਸਤ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਪੰਜਾਬ ਵਿੱਚ ਹੁੰਮਸ ਭਰੀ ਗਰਮੀ ਦਾ ਕਹਿਰ ਜਾਰੀ ਸੀ, ਪਰ ਬਾਅਦ ਦੁਪਹਿਰ ਪਏ ਮੀਂਹ ਕਰਕੇ ਮੌਸਮ ਵਿੱਚ ਹਲਕੀ ਤਬਦੀਲੀ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਚੰਡੀਗੜ੍ਹ ਵਿੱਚ 30 ਐੱਮਐੱਮ ਮੀਂਹ ਪਿਆ। ਇਸ ਤੋਂ ਇਲਾਵਾ ਪਟਿਆਲਾ ਵਿੱਚ 4 ਐੱਮਐੱਮ, ਮੋਗਾ ਵਿੱਚ 2, ਪਠਾਨਕੋਟ ਵਿੱਚ 7.2 ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਵਿੱਚ ਡੇਢ ਐੱਮਐੱਮ ਮੀਂਹ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਬਠਿੰਡਾ ਦਾ ਹਵਾਈ ਅੱਡਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 4.4 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 36.2 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 38.1, ਲੁਧਿਆਣਾ ਵਿੱਚ 36.2, ਪਟਿਆਲਾ ਵਿੱਚ 36.3, ਪਠਾਨਕੋਟ ਵਿੱਚ 38.3, ਗੁਰਦਾਸਪੁਰ ਵਿੱਚ 38, ਨਵਾਂ ਸ਼ਹਿਰ ਵਿੱਚ 35.9, ਬਰਨਾਲਾ ਵਿੱਚ 37.4, ਫ਼ਤਹਿਗੜ੍ਹ ਸਾਹਿਬ ਵਿੱਚ 36.1 ਅਤੇ ਫਿਰੋਜ਼ਪੁਰ ਵਿੱਚ 39 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।