ਖ਼ਾਲਸਾ ਕਾਲਜ ਵਿੱਚ ਤੀਆਂ ਦੇ ਮੇਲੇ ਮੌਕੇ ਲੱਗੀਆਂ ਰੌਣਕਾਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਗਸਤ
ਸਥਾਨਕ ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ਤੀਆਂ ਦਾ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਮੌਕੇ ਮੇਲੇ ਵਿੱਚ ਐੱਸਡੀਐੱਮ ਪਾਇਲ ਕ੍ਰਿਤਿਕਾ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਅਜੀਤ ਕੰਗ, ਕੁਸ਼ਲ ਢਿੱਲੋਂ, ਰਵਿੰਦਰ ਕੌਰ ਅਤੇ ਰਮਿੰਦਰ ਗਰੇਵਾਲ ਆਦਿ ਹਾਜ਼ਰ ਹੋਏ। ਇਸ ਸਮਾਗਮ ਦੇ ਇੰਚਾਰਜ ਅਤੇ ਪੰਜਾਬੀ ਵਿਭਾਗ ਦੀ ਮੁਖੀ ਡਾ. ਨਰਿੰਦਰਜੀਤ ਕੌਰ ਨੇ ਮੁੱਖ ਮਹਿਮਾਨ, ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਕਾਲਜ ਪ੍ਰਿੰਸੀਪਲ, ਡਾਇਰੈਕਟਰ, ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਮੇਲੇ ਦੌਰਾਨ ਕਾਲਜ ਦੇ ਮੇਨ ਹਾਲ ਵਿੱਚ ਸੱਭਿਆਚਾਰਕ ਪ੍ਰਦਰਸ਼ਨੀ ਲਾਈ ਗਈ। ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਬੋਲੀਆਂ, ਪੀਂਘਾਂ ਝੂਟਣ, ਫੁਲਕਾਰੀ ਕੱਢਣ, ਚਰਖਾ ਕੱਤਣ ਤੇ ਕਸੀਦਾ ਕੱਢਣ ਆਦਿ ਨਾਲ ਮਾਹੌਲ ਨੂੰ ਦਿਲਕਸ਼ ਬਣਾ ਦਿੱਤਾ। ਮੇਲੇ ਵਿੱਚ ਵੱਖ-ਵੱਖ ਪਕਵਾਨਾਂ, ਸਜਾਵਟ ਅਤੇ ਹਾਰ ਸ਼ਿੰਗਾਰ ਦੇ ਸੁੰਦਰ ਸਟਾਲ ਵੀ ਲਾਏ ਗਏ।
ਤੀਜ ਮੇਲੇ ਵਿੱਚ ਗਿੱਧੇ ਦੀ ਪੇਸ਼ਕਾਰੀ ਸਿਖਰ ਹੋ ਨਿੱਬੜੀ। ਇਸ ਮੌਕੇ ਲੋਕ ਗਾਇਕਾ ਹਰਿੰਦਰ ਹੁੰਦਲ ਨੇ ਸੁਹਾਗ ਅਤੇ ਹੋਰ ਲੋਕ-ਗੀਤਾਂ ਨਾਲ ਰੰਗ ਬੰਨ੍ਹਿਆ। ਵਿੱਦਿਅਕ ਅਦਾਰਿਆਂ ਵਿੱਚ ਲੋਕ-ਨਾਚ ਗਿੱਧੇ ਦੀ ਪਰੰਪਰਾ ਨੂੰ ਕਾਇਮ ਰੱਖਣ ਵਾਲੀ ਉੱਘੀ ਸ਼ਖ਼ਸੀਅਤ ਪਾਲ ਸਿੰਘ ਸਮਾਓਂ ਨੇ ਗਿੱਧੇ ਦੀਆਂ ਬੋਲੀਆਂ ਨਾਲ ਵਿਦਿਆਰਥਣਾਂ ਨੂੰ ਖੂਬ ਨਚਾਇਆ।
ਗੁਰੂ ਹਰਿਕ੍ਰਿਸ਼ਨ ਸਕੂਲ ’ਚ ਤੀਜ ਮੇਲਾ ਮਨਾਇਆ
ਦੋਰਾਹਾ: ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ‘ਮੇਲਾ ਤੀਆਂ ਦਾ’ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਆਰੰਭ ਤੀਆਂ ਦੀ ਖਾਸ ਮਹੱਤਤਾ ਰੱਖਣ ਵਾਲੀ ਰੀਤ ਸੰਧਾਰਾ ਤੋਂ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾਇਰੈਕਟਰ ਕਰਮਵੀਰ ਸਿੰਘ ਅਤੇ ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਤੀਜ ਦੇ ਤਿਉਹਾਰ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥਣਾਂ ਨੇ ਲੋਕ ਗੀਤ, ਗਜ਼ਲ, ਸਮੂਹ ਨਾਚ, ਸਿੱਠਣੀਆਂ, ਲੁੱਡੀਆਂ, ਚਰਖੇ ਕੱਤਣ, ਗਿੱਧਾ, ਭੰਗੜੇ ਪਾ ਕੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ। ਇਸ ਮੌਕੇ ਵਿਦਿਆਰਥੀਆਂ ਲਈ ਖੀਰ ਪੂੜੇ ਦਾ ਲੰਗਰ ਤਿਆਰ ਕੀਤਾ ਗਿਆ। ਅਮਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰੰਦਿਆਂ ਪੰਜਾਬ ਦੇ ਅਮੀਰ ਵਿਰਸੇ ਨੂੰ ਸੰਭਾਲਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। -ਪੱਤਰ ਪ੍ਰੇਰਕ