ਮਜ਼ਦੂਰਾਂ ਦੇ ਮਸਲੇ ਹੱਲ ਨਾ ਕਰਨ ’ਤੇ ਰੋਸ ਵਧਿਆ
ਪੱਤਰ ਪ੍ਰੇਰਕ
ਜੈਂਤੀਪੁਰ, 11 ਜੂਨ
ਮਜ਼ਦੂਰ ਮੁਕਤੀ ਮੋਰਚਾ ਬਲਾਕ ਮਜੀਠਾ ਦੀ ਮੀਟਿੰਗ ਪਿੰਡ ਪਾਖਰਪੁਰਾ ਵਿਖੇ ਕਾਮਰੇਡ ਮਦਨਜੀਤ ਸਿੰਘ ਕਾਦਰਾਂਬਦ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸੀ.ਪੀ.ਆਈ.ਐਮ.ਐਲ.( ਲਿਬਰੇਸ਼ਨ) ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤ ਅਤੇ ਕਿਸਾਨ ਆਗੂ ਬਲਬੀਰ ਸਿੰਘ ਮੂਧਲ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਕਾਮਰੇਡ ਬੱਖਤਾਪੁਰ ਅਤੇ ਸ੍ਰ੍ਰੀ ਮੂਧਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਆਪਣੇ 14 ਮਹੀਨੇ ਦੇ ਰਾਜ ਵਿੱਚ ਮਜ਼ਦੂਰਾਂ ਤੇ ਆਮ ਲੋਕਾਂ ਦੇ ਮਸਲੇ ਹੱਲ ਕਰਨ ਅਤੇ ਗਾਰੰਟੀਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੇ ਝੰਬੇ ਮਜ਼ਦੂਰ ਖ਼ਾਸ ਕਰਕੇ ਮਜ਼ਦੂਰ ਔਰਤਾਂ ਮਨਰੇਗਾ ਰੁਜ਼ਗਾਰ ਲੈਣ ਲਈ ਦਫਤਰਾਂ ਅੰਦਰ ਧੱਕੇ ਖਾ ਰਹੇ ਹਨ ਅਤੇ ਸਰਕਾਰ 10% ਮਜ਼ਦੂਰਾਂ ਨੂੰ ਵੀ ਮਨਰੇਗਾ ਰੁਜ਼ਗਾਰ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਲਾਲ ਲਕੀਰ ਅੰਦਰ ਆਉਂਦੇ ਮਜ਼ਦੂਰਾਂ ਦੇ ਘਰਾਂ ਨੂੰ ਮਾਲ ਵਿਭਾਗ ਵਿੱਚ ਦਰਜ ਕਰਨ, ਪੰਜ ਮਰਲੇ ਦੇ ਪਲਾਟ ਦੇਣ, ਕੱਚੇ ਮਕਾਨ ਪੱਕੇ ਕਰਨ, ਬੁਢਾਪਾ ਤੇ ਵਿਧਵਾ ਪੈਨਸ਼ਨ 2500 ਰੁਪਏ ਕਰਨ ਅਤੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਜਿਹੀਆਂ ਗਾਰੰਟੀਆਂ ਨੂੰ ਪੂਰਾ ਨਹੀਂ ਕਰ ਸਕੀ।