ਟਰੱਕ ਦੀ ਖਰਾਬੀ ਕਾਰਨ ਦਿੱਲੀ ਕੈਂਟ ’ਚ ਜਾਮ ਲੱਗਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਸਤੰਬਰ
ਸੋਮਵਾਰ ਸਵੇਰੇ ਦਿੱਲੀ ਛਾਉਣੀ ਦੇ ਬਰਾੜ ਸਕੁਏਅਰ ਨੇੜੇ ਇੱਕ ਟਰੱਕ ਦੀ ਖਰਾਬੀ ਕਾਰਨ ਧੌਲਾ ਕੂੰਆਂ, ਕਰਿਅੱਪਾ ਮਾਰਗ ਅਤੇ ਸਰਦਾਰ ਪਟੇਲ ਮਾਰਗ ਦੇ ਆਲੇ-ਦੁਆਲੇ ਕਈ ਕਿਲੋਮੀਟਰ ਤੱਕ ਵਾਹਨਾਂ ਦਾ ਚੱਕਾ ਜਾਮ ਹੋ ਗਿਆ। ਪੁਲੀਸ ਨੇ ਦੱਸਿਆ ਕਿ ਟਰੱਕ ਨੂੰ ਹਟਾ ਲਿਆ ਗਿਆ ਹੈ ਅਤੇ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਦਿੱਲੀ ਛਾਉਣੀ ਸਰਕਲ ਦੇ ਇੱਕ ਟ੍ਰੈਫਿਕ ਇੰਸਪੈਕਟਰ ਨੇ ਕਿਹਾ ਕਿ ਇਲਾਕੇ ਵਿੱਚ ਟਰੱਕ ਦੇ ਟੁੱਟਣ ਤੋਂ ਬਾਅਦ ਧੌਲਾ ਕੁੂੰਆਂ ਦੇ ਆਲੇ-ਦੁਆਲੇ ਆਵਾਜਾਈ ਪ੍ਰਭਾਵਿਤ ਹੋਈ। ਇਸ ਨੂੰ ਹੁਣ ਹਟਾ ਦਿੱਤਾ ਗਿਆ। ਇਸ ਜਾਮ ਕਾਰਨ ਕਈ ਲੋਕ ਹਫ਼ਤੇ ਦੇ ਪਹਿਲੇ ਦਿਨ ਦੇਰੀ ਨਾਲ ਦਫ਼ਤਰਾਂ ਤੇ ਆਪਣੀਆਂ ਹੋਰ ਮੰਜ਼ਿਲਾਂ ਤੱਕ ਪਹੁੰਚੇ। ਹਵਾਈ ਅੱਡੇ ਤੱਕ ਜਾਮ ਦਾ ਅਸਰ ਦੇਖਿਆ ਗਿਆ ਤੇ ਕਈਆਂ ਨੇ ਬਦਲਵੇਂ ਰੂਟਾਂ ਰਾਹੀਂ ਆਪਣੇ ਟਿਕਾਣਿਆਂ ਤੱਕ ਪਹੁੰਚਣਾ ਬਿਹਤਰ ਸਮਝਿਆ। ਯਾਤਰੀਆਂ ਨੇ ਸੋਸ਼ਲ ਮੀਡੀਆ ’ਤੇ ਟ੍ਰੈਫਿਕ ਦੇ ਮਾੜੇ ਪ੍ਰਬੰਧਾਂ ’ਤੇ ਸਵਾਲ ਉਠਾਏ। ਇੱਕ ਉਪਭੋਗਤਾ ਨੇ ਕਿਹਾ ਕਿ ਧੌਲਾ ਕੂੰਆਂ ਵਿੱਚ ਬਹੁਤ ਜ਼ਿਆਦਾ ਕੁਪ੍ਰਬੰਧ। ਲੋਕ ਪਿਛਲੇ 1 ਘੰਟੇ ਤੋਂ ਫਸੇ ਹੋਏ ਹਨ। ਕਿਸੇ ਨੂੰ ਵੀ ਟ੍ਰੈਫਿਕ ਨੂੰ ਘਟਾਉਣ ਜਾਂ ਮੁੜ ਰੂਟ ਕਰਨ ਦੀ ਕੋਸ਼ਿਸ਼ ਕਰਦਿਆਂ ਨਹੀਂ ਦੇਖਿਆ।