For the best experience, open
https://m.punjabitribuneonline.com
on your mobile browser.
Advertisement

ਹਾਥਰਸ ’ਚ ਸਤਿਸੰਗ ਦੌਰਾਨ ਭਗਦੜ ਮਚੀ, 116 ਮੌਤਾਂ

06:32 AM Jul 03, 2024 IST
ਹਾਥਰਸ ’ਚ ਸਤਿਸੰਗ ਦੌਰਾਨ ਭਗਦੜ ਮਚੀ  116 ਮੌਤਾਂ
ਹਾਥਰਸ ਜ਼ਿਲ੍ਹੇ ’ਚ ਮੰਗਲਵਾਰ ਨੂੰ ਧਾਰਮਿਕ ਸਮਾਗਮ ਦੌਰਾਨ ਮਚੀ ਭਗਦੜ ਮਗਰੋਂ ਹਸਪਤਾਲ ਦੇ ਬਾਹਰ ਜ਼ਮੀਨ ’ਤੇ ਪਏ ਪੀੜਤ। -ਫੋਟੋ: ਪੀਟੀਆਈ
Advertisement

* ਸ਼ਾਹ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ
* ਆਗਰਾ ਦੇ ਏਡੀਜੀਪੀ ਅਤੇ ਅਲੀਗੜ੍ਹ ਦੇ ਡਿਵੀਜ਼ਨਲ ਕਮਿਸ਼ਨਰ ਦੀ ਸ਼ਮੂਲੀਅਤ ਵਾਲੀ ਟੀਮ 24 ਘੰਟਿਆਂ ਅੰਦਰ ਸੌਂਪੇਗੀ ਜਾਂਚ ਰਿਪੋਰਟ

Advertisement

ਹਾਥਰਸ, 2 ਜੁਲਾਈ
ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਫੁਲਰਾਈ ਵਿਚ ਅੱਜ ਸਤਿਸੰਗ ਦੌਰਾਨ ਭਗਦੜ ਮੱਚਣ ਕਾਰਨ 116 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਮ੍ਰਿਤਕਾਂ ਵਿਚ ਬਹੁਗਿਣਤੀ ਔਰਤਾਂ ਦੀ ਹੈ ਤੇ ਜ਼ਿਆਦਾਤਰ ਮੌਤਾਂ ਸਾਹ ਘੁੱਟਣ ਕਰਕੇ ਹੋਈਆਂ। ਸਤਿਸੰਗ ਭੋਲੇ ਬਾਬਾ ਨਾਂ ਦੇ ਸਾਧ ਵੱਲੋਂ ਕਰਵਾਇਆ ਗਿਆ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਆਗਰਾ ਦੇ ਏਡੀਜੀਪੀ ਅਤੇ ਅਲੀਗੜ੍ਹ ਦੇ ਡਿਵੀਜ਼ਨਲ ਕਮਿਸ਼ਨਰ ਦੀ ਸ਼ਮੂਲੀਅਤ ਵਾਲੀ ਟੀਮ ਘਟਨਾ ਦੀ ਜਾਂਚ ਕਰਕੇ 24 ਘੰਟਿਆਂ ਅੰਦਰ ਰਿਪੋਰਟ ਸੌਂਪੇਗੀ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਸਤਿਸੰਗ ਕਰਵਾਉਣ ਵਾਲੇ ਪ੍ਰਬੰਧਕਾਂ ਖਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਲਈ ਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਏਟਾ ਦੇ ਐੱਸਐੱਸਪੀ ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ 27 ਲਾਸ਼ਾਂ ਨਾਲ ਲੱਗਦੇ ਏਟਾ ਜ਼ਿਲ੍ਹੇ ਦੇ ਹਸਪਤਾਲ ਵਿਚ ਲਿਆਂਦੀਆਂ ਗਈਆਂ ਹਨ। ਇਨ੍ਹਾਂ ਵਿਚ 23 ਔਰਤਾਂ, ਤਿੰਨ ਬੱਚੇ ਤੇ ਇਕ ਪੁਰਸ਼ ਸ਼ਾਮਲ ਹਨ ਜਦੋਂਕਿ 89 ਲਾਸ਼ਾਂ ਹਾਥਰਸ ਵਿਚ ਹੀ ਪਈਆਂ ਹਨ। ਅਲੀਗੜ੍ਹ ਰੇਂਜ ਦੇ ਆਈਜੀ ਸ਼ਲਭ ਮਾਥੁਰ ਨੇ ਮੌਤਾਂ ਦੀ ਗਿਣਤੀ 116 ਦੱਸੀ ਹੈ। ਪੀੜਤਾਂ, ਜਿਨ੍ਹਾਂ ਵਿਚ ਮ੍ਰਿਤਕ ਜਾਂ ਬੇਸੁੱਧ ਸ਼ਾਮਲ ਸਨ, ਨੂੰ ਟਰੱਕਾਂ ਤੇ ਟੈਂਪੂਆਂ ਵਿਚ ਪਾ ਕੇ ਸਿਕੰਦਰਾ ਰਾਓ ਟਰੌਮਾ ਸੈਂਟਰ ਲਿਆਂਦਾ ਗਿਆ ਹੈ। ਮ੍ਰਿਤਕਾਂ ਦੀਆਂ ਦੇਹਾਂ ਹਸਪਤਾਲ ਦੇ ਬਾਹਰ ਪਈਆਂ ਸਨ, ਜਿਨ੍ਹਾਂ ਦੁਆਲੇ ਲੋਕ ਇਕੱਠੇ ਹੋਏ ਸਨ। ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਕੁਮਾਰ ਨੇ ਕਿਹਾ ਕਿ ਸਤਿਸੰਗ ਨਿੱਜੀ ਸਮਾਗਮ ਸੀ, ਜਿਸ ਲਈ ਸਬ-ਡਿਵੀਜ਼ਨਲ ਮੈਜਿਸਟਰੇਟ ਨੇ ਲੋੜੀਂਦੀ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੇ ਸਮਾਗਮ ਵਾਲੀ ਥਾਂ ਬਾਹਰਲੇ ਪਾਸੇ ਸੁਰੱਖਿਆ ਮੁਹੱਈਆ ਕਰਵਾਈ ਸੀ ਜਦੋਂਕਿ ਅੰਦਰਲੇ ਇੰਤਜ਼ਾਮ ਪ੍ਰਬੰਧਕਾਂ ਵੱਲੋਂ ਖੁ਼ਦ ਕੀਤੇ ਗਏ ਸਨ। ਮੌਕੇ ਦੀ ਗਵਾਹ ਸ਼ਕੁੰਤਲਾ ਦੇਵੀ ਨੇ ਕਿਹਾ ਕਿ ਭਗਦੜ ਦੀ ਘਟਨਾ ਸਤਿਸੰਗ ਖਤਮ ਹੋਣ ਮਗਰੋਂ ਲੋਕਾਂ ਵੱਲੋਂ ਇੱਕ-ਦੂਜੇ ਤੋਂ ਪਹਿਲਾਂ ਨਿਕਲਣ ਦੀ ਕਾਹਲ ਕਰਕੇ ਵਾਪਰੀ। ਉਹ ਇੱਕ ਦੂੁਜੇ ਦੇ ਉੱਤੇ ਡਿੱਗ ਪਏ। ਉਂਜ ਭਗਦੜ ਤੋਂ ਪਹਿਲਾਂ ਦੀਆਂ ਤਸਵੀਰਾਂ ਵਿਚ ਲੋਕ ਇਕ ਵੱਡੇ ਸ਼ਾਮਿਆਨੇ ਵਿਚ ਭੋਲੇ ਬਾਬਾ ਨੂੰ ਸੁਣਦੇ ਦਿਖਾਈ ਦੇ ਰਹੇ ਹਨ। ਬਾਬਾ ਆਪਣੇ ਭਗਤਾਂ ਅੱਗੇ ਸਿੰਘਾਸਨ ਵਰਗੀ ਕੁਰਸੀ ’ਤੇ ਬੈਠਾ ਹੈ। ਸਿਕੰਦਰ ਰਾਓ ਦੇ ਸਬਡਿਵੀਜ਼ਨ ਮੈਜਿਸਟਰੇਟ ਰਵਿੰਦਰ ਕੁਮਾਰ ਨੇ ਕਿਹਾ ਕਿ ਸ਼ਰਧਾਲੂ ਭੋਲੇ ਬਾਬਾ ਦੀ ਇਕ ਝਲਕ ਪਾਉਣ ਲਈ ਅੱਗੇ ਵਧੇ ਤਾਂ ਭਗਦੜ ਮਚ ਗਈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਬਾਬੇ ਦੇ ਪੈਰਾਂ ਹੇਠੋਂ ਮਿੱਟੀ ਲੈਣ ਲਈ ਕਾਹਲੇ ਸਨ। ਸਿਕੰਦਰਾ ਰਾਓ ਪੁਲੀਸ ਥਾਣੇ ਦੇ ਐੱਸਐੱਚਓ ਆਸ਼ੀਸ਼ ਕੁਮਾਰ ਨੇ ਕਿਹਾ ਕਿ ਸਤਿਸੰਗ ਵਿਚ ਲੋੜੋਂ ਵੱਧ ਭੀੜ ਕਰਕੇ ਭਗਦੜ ਮਚੀ।
ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਾਥਰਸ ਵਿੱਚ ਭਗਦੜ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਵਾਸਤੇ ਕੇਂਦਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। -ਪੀਟੀਆਈ

ਮੁਰਮੂ, ਮੋਦੀ, ਖੜਗੇ ਤੇ ਰਾਹੁਲ ਨੇ ਦੁੱਖ ਪ੍ਰਗਟਾਇਆ

ਨਵੀਂ ਦਿੱਲੀ/ਲਖਨਊ: ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਸਣੇ ਹੋਰਨਾਂ ਆਗੂਆਂ ਨੇ ਹਾਥਰਸ ’ਚ ਸਤਿਸੰਗ ਦੌਰਾਨ ਭਗਦੜ ਕਾਰਨ ਮੌਤਾਂ ਨੂੰ ਦੁਖਦਾਈ ਕਰਾਰ ਦਿੰਦਿਆਂ ਤੇ ਜ਼ਖਮੀਆਂ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਹੈ। ਖੜਗੇ ਨੇ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਉੱਤਰ ਪ੍ਰਦੇਸ਼ ਸਰਕਾਰ ਨੂੰ ਜ਼ਖਮੀਆਂ ਦੇ ਇਲਾਜ ’ਚ ਕੋਈ ਕਸਰ ਨਾ ਛੱਡਣ ਅਤੇ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ। ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਅਤੇ ਬਸਪਾ ਮੁਖੀ ਮਾਇਆਵਤੀ ਨੇ ਹਾਦਸੇ ਅਤੇ ਮੌਤਾਂ ’ਤੇ ਦੁੱਖ ਜਤਾਇਆ ਹੈ। ਅਖਿਲੇਸ਼ ਯਾਦਵ ਨੇ ਪੀੜਤਾਂ ਲਈ ਸੰਭਵ ਮੈਡੀਕਲ ਸਹਾਇਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਜਦਕਿ ਮਾਇਆਵਤੀ ਨੇ ਮੰਗ ਕੀਤੀ ਕਿ ਘਟਨਾ ਦੀ ਜਾਂਚ ਕਰਵਾ ਕੇ ਇਸ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। -ਪੀਟੀਆਈ

Advertisement
Author Image

joginder kumar

View all posts

Advertisement
Advertisement
×