For the best experience, open
https://m.punjabitribuneonline.com
on your mobile browser.
Advertisement

ਇੱਕ ਸੀ ਚਿੜੀ

07:50 AM Jun 19, 2024 IST
ਇੱਕ ਸੀ ਚਿੜੀ
Advertisement

ਮਾਸਟਰ ਅਜੀਤ ਸਿੰਘ

Advertisement

ਹੁਣ ਮੈਂ ਪਚਾਸੀ ਤੋਂ ਟੱਪ ਗਿਆ ਹਾਂ। ਜਦੋਂ ਵੀ ਮਨ ਦੀ ਪਟਾਰੀ ਵਿੱਚੋਂ ਬਚਪਨ ਦੀਆਂ ਯਾਦਾਂ ਨੂੰ ਫਰੋਲਦਾ ਹਾਂ ਤਾਂ ਚੂਕਦੀ ਚਿੜੀ ਸਾਹਮਣੇ ਆਣ ਖਲੋਂਦੀ ਹੈ। ਇਨ੍ਹਾਂ ਚਿੜੀਆਂ ਨੂੰ ਘਰੇਲੂ ਚਿੜੀਆਂ ਕਿਹਾ ਜਾਂਦਾ ਹੈ ਜਾਂ ਇਹ ਕਹਿ ਲਵੋ ਕਿ ਇਹ ਚਿੜੀਆਂ ਪਿੰਡਾਂ ਵਿੱਚ ਸਾਡੇ ਪਰਿਵਾਰਾਂ ਨਾਲ ਰਹਿਣਾ ਪਸੰਦ ਕਰਦੀਆਂ ਸਨ ਜੋ ਹੁਣ ਕਿਧਰੇ ਨਜ਼ਰ ਨਹੀਂ ਆਉਂਦੀਆਂ।
ਉਸ ਵੇਲੇ ਕੱਚੇ ਕੋਠੇ ਹੁੰਦੇ ਸਨ। ਗਰਮੀਆਂ ਨੂੰ ਠੰਢੇ ਤੇ ਸਰਦੀਆਂ ਨੂੰ ਨਿੱਘੇ। ਸ਼ਤੀਰੀਆਂ ਉੱਪਰ ਬਾਲੇ, ਬਾਲਿਆਂ ਉੱਪਰ ਕਾਨੇ/ਸਰਕੜਾ ਪਾਇਆ ਹੁੰਦਾ ਸੀ। ਜੇ ਕੋਈ ਸਰਦਾ ਪੁੱਜਦਾ ਹੋਵੇ ਤਾਂ ਸਿਰਕੀਆਂ ਪਾ ਕੇ ਉੱਪਰ ਫਿਰ ਸਰਕੜਾ ਵਗੈਰਾ ਪਾ ਕੇ ਪਹਿਲਾਂ ਸੁੱਕੀ ਬਾਰੀਕ ਮਿੱਟੀ ਪਾਉਣੀ ਤੇ ਫਿਰ ਤੂੜੀ ਰਲਾਈ ਹੋਈ ਗਿੱਲੀ ਮਿੱਟੀ ਦੀ ਲਿਪਾਈ ਕੀਤੀ ਜਾਂਦੀ ਸੀ। ਜਿਸ ਨੂੰ ਪੇਂਡੂ ਭਾਸ਼ਾ ਵਿੱਚ ਚਾਹਾ ਕਿਹਾ ਜਾਂਦਾ ਸੀ। ਸਾਲ ਛਿਮਾਹੀ ਲਿਪਾਈ ਜ਼ਰੂਰ ਕਰਨੀ ਪੈਂਦੀ ਸੀ। ਚਿੜੀਆਂ ਬਾਲਿਆਂ ਦੇ ਵਿਚਕਾਰ ਆਪਣਾ ਰੈਣ ਬਸੇਰਾ (ਆਲ੍ਹਣਾ) ਬਣਾ ਲੈਦੀਆਂ ਸਨ।
ਉਦੋਂ ਘੜੀਆਂ ਦੀ ਹੋਂਦ ਨਾ ਦੇ ਬਰਾਬਰ ਸੀ ਜਾਂ ਇਹ ਕਹਿ ਲਵੋ ਪੇਂਡੂ ਜਨਤਾ ਵਿੱਚ ਖ਼ਰੀਦ ਸ਼ਕਤੀ ਨਾ ਦੇ ਬਰਾਬਰ ਹੁੰਦੀ ਸੀ। ਸ਼ਹਿਰਾਂ ਵਿੱਚ ਵੀ ਘੜੀਆਂ ਆਮ ਨਹੀਂ ਸਨ। ਸੋ ਪੇਂਡੂ ਜ਼ਿੰਦਗੀ ਵਿੱਚ ਘੜੀ ਦਾ ਕੰਮ ਚਿੜੀਆਂ ਹੀ ਕਰਦੀਆਂ ਸਨ। ਚੌਥੇ ਪਹਿਰ ਜਦੋਂ ਚਿੜੀ ਦੇ ਚੂਕਣ ਦੀ ਆਵਾਜ਼ ਕੰਨਾਂ ਵਿੱਚ ਪੈਣੀ ਤਾਂ ਸਵਾਣੀਆਂ ਨੇ ਉਦੋਂ ਹੀ ਚਾਟੀ ਵਿੱਚ ਮਧਾਣੀ ਪਾ ਦੇਣੀ, ਚੁੱਲ੍ਹੇ ਉੱਪਰ ਚਾਹ ਵੀ ਧਰ ਦੇਣੀ। ਚਾਹ ਵੀ ਕਾਹਦੀ ਗੜਵੀ ਦੁੱਧ ਦੀ ਤੇ ਗੜਵੀ ਪਾਣੀ ਦੀ ਹੁੰਦੀ ਸੀ, ਪੱਤੀ ਨਾਂਮਾਤਰ ਹੁੰਦੀ ਸੀ।
ਹਾਲੀ ਨੇ ਉੱਠ ਕੇ ਢੱਗਿਆਂ ਨੂੰ ਪੱਠਾ ਨੀਰਾਂ ਖੁਰਲੀਆਂ ਵਿੱਚ ਪਾ ਦੇਣਾ। ਗੱਭਰੂ ਪੁੱਤਰਾਂ ਨੂੰ ਕੰਗਣੀ ਵਾਲਾ ਗਲਾਸ ਅਧਰਿੜਕੇ ਦਾ ਪਿਆ ਦੇਣਾ ਤੇ ਵੱਡਿਆਂ ਨੇ ਵੱਡਾ ਗਲਾਸ ਚਾਹ ਦਾ ਪੀ ਕੇ ਜੋਗਾਂ ਲੈ ਕੇ ਖੇਤਾਂ ਨੂੰ ਤੁਰ ਜਾਣਾ। ਸਵਾਣੀਆਂ ਨੇ ਚਾਟੀਆਂ ਵਿੱਚ ਮਧਾਣੀਆਂ ਨੂੰ ਖ਼ੂਬ ਗੇੜੇ ਦੇਣੇ, ਇਹ ਗੇੜੇ ਵੀ ਜਾਨ ਨਾਲ ਹੀ ਦੇ ਹੁੰਦੇ ਸਨ। ਦੋ ਮੱਝਾਂ ਤੋਂ ਘੱਟ ਕਿਸੇ ਕੋਲ ਲਵੇਰਾ ਹੁੰਦਾ ਹੀ ਨਹੀਂ ਸੀ। ਦਸ ਬਾਰਾਂ ਕਿਲੋ ਦਹੀਂ ਨੂੰ ਰਿੜਕਣ ਵਿੱਚ ਸਵਾਣੀਆਂ ਦਾ ਪੂਰਾ ਜ਼ੋਰ ਲੱਗ ਜਾਂਦਾ ਸੀ। ਪਰਿਵਾਰ ਸਾਂਝੇ ਹੁੰਦੇ ਸਨ। ਇੱਕ ਨੇ ਹਾਲੀਆਂ ਲਈ ਸਬਜ਼ੀ ਜਾਂ ਦਾਲ ਧਰ ਕੇ ਰੋਟੀਆਂ ਵੀ ਪਕਾਈ ਜਾਣੀਆਂ। ਹਾਲੀਆਂ ਲਈ ਜਦੋਂ ਰੋਟੀ ਲਿਜਾਣੀ ਤਾਂ ਦੋ ਕੁ ਬੰਦਿਆਂ ਦੀ ਵਾਧੂ ਲਿਜਾਣੀ। ਸਬਜ਼ੀ, ਦਹੀਂ ਦਾ ਕੁੱਜਾ, ਨਾਲ ਅਚਾਰ ਤੇ ਗੰਢਾ ਹਮੇਸ਼ਾ ਹੁੰਦਾ ਸੀ। ਲੱਸੀ ਦਾ ਕੁੱਜਾ ਵੀ ਛਾਬੇ ਦਾ ਸ਼ਿੰਗਾਰ ਹੁੰਦਾ ਸੀ। ਉੱਥੇ ਚਿੜੀਆਂ ਨੇ ਆਸ ਪਾਸ ਫਿਰਦੇ ਰਹਿਣਾ। ਖੇਤਾਂ ਵਿੱਚੋਂ ਕੋਈ ਜੀ-ਜਨੌਰ ਮਿਲੇ ਤਾਂ ਉਸ ਨੂੰ ਛਕ ਲੈਣਾ। ਨਹੀਂ ਤਾਂ ਭੱਤੇ ਵਿੱਚੋਂ ਉਨ੍ਹਾਂ ਨੂੰ ਵੀ ਭੋਰਾ ਰੋਟੀ ਦਾ ਮਿਲ ਹੀ ਜਾਂਦਾ ਸੀ।
ਦੋ ਹਾਲੀ, ਭੱਤਾ ਆਉਣ ਤੱਕ ਲਗਭਗ ਇੱਕ ਖੇਤ ਨੂੰ ਵਾਹ ਲੈਂਦੇ ਸਨ। ਫਿਰ ਭੱਤੇ ਵਾਲੀ ਸੁਆਣੀ ਨੂੰ ਉਡੀਕਣ ਲੱਗ ਪੈਂਦੇ। ‘‘ਔਹ ਤੁਰੀ ਆਉਂਦੀ ਐ ਭੱਤਾ ਲਈ ਤੇਰੀ ਭਾਬੀ ਤਾਰੋ, ਆਪਾਂ ਹੁਣ ਟਾਹਲੀ ਕੋਲ ਜਾ ਕੇ ਹਲ ਰੋਕ ਦੇਣੇ ਆ ਜੈਲੇ। ਡੰਗਰ ਪੱਠੇ ਖਾ ਲੈਣਗੇ, ਆਪਾਂ ਫੁਲਕਾ ਛਕ ਲਾਵਾਂਗੇ।’’ ਜਦੋਂ ਹਾਲੀਆਂ ਨੇ ਫੁਲਕਾ ਛਕਣਾ ਹੁੰਦਾ ਤਾਂ ਆਂਢ ਗੁਆਂਢ ਜੇ ਕੋਈ ਵੀ ਬੰਦਾ ਹੋਵੇੇ ਤਾਂ ਉਹਨੂੰ ਜ਼ਰੂਰ ’ਵਾਜ਼ ਮਾਰਨੀ, ‘‘ਆਜੋ ਬਈ ਗਿੰਦਰ ਤੇ ਛਿੰਦਰ ਦੋਵੇਂ ਭਰਾ ਫੁਲਕਾ ਛਕੀਏ।’’ ਇਹ ਵਰਤਾਰਾ ਉਸ ਵੇਲੇ ਦੀ ਆਪਣੇਪਣ ਦੀ ਜਿਊਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਕਹਿਣਾ, ‘‘ਚਾਚਾ ਔਹ ਤੁਰੀਂ ਆਉਂਦੀ ਏ ਤੁਹਾਡੀ ਨੂੰਹ ਭੱਤਾ ਲੈ ਕੇ।’’ ਭੱਤਾ ਹਾਲੀਆਂ ਨੂੰ ਛਕਾ ਕੇ ਭੱਤੇ ਵਾਲੀ ਨੇੇ ਆਪ ਵੀ ਛਕ ਲੈਣਾ। ਜੇ ਕੋਈ ਸਬਜ਼ੀ ਭਾਜੀ ਲਾਈ ਹੋਣੀ, ਉਹ ਤੋੜਨੀ ਤੇ ਘਰ ਨੂੰ ਮੋੜੇ ਪਾ ਲੈਣੇ। ਉਦੋਂ ਆਟਾ ਪੀਸਣ ਲਈ ਖਰਾਸ ਵੀ ਪਿੰਡਾਂ ਵਿੱਚ ਘੱਟ ਹੀ ਹੁੰਦੇ ਸਨ। ਜ਼ਿਆਦਾਤਰ ਸਵਾਣੀਆਂ ਆਟਾ ਚੱਕੀ ਨਾਲ ਪੀਸਦੀਆਂ ਸਨ। ਉਨ੍ਹਾਂ ਦੇ ਆਸ ਪਾਸ ਚਿੜੀਆਂ ਨੇ ਫਿਰਦੇ ਰਹਿਣਾ ਕਿਉਂਕਿ ਉਨ੍ਹਾਂ ਨੂੰ ਦਾਣੇ ਮਿਲ ਜਾਂਦੇ ਸਨ।
ਸਾਰੀ ਦਿਹਾੜੀ ਚਿੜੀਆਂ ਨੇ ਫਿਰ ਤੁਰ ਕੇ ਚੋਗਾ ਚੁਗਣਾ। ਜੇ ਬੱਚੇ ਹੋਣ ਤਾਂ ਉਨ੍ਹਾਂ ਦੇ ਚੋਗੇ ਲਈ ਚਿੜੀ ਤੇ ਚਿੜੇ ਨੇ ਵਾਰੀ ਵਾਰੀ ਜਾਣਾ, ਆਪ ਖਾ ਆਉਣਾ ਤੇ ਬੱਚਿਆਂ ਲਈ ਚੋਗਾ ਲਿਆ ਕੇ ਬੋਟਾਂ ਦੇ ਮੂੰਹ ਵਿੱਚ ਪਾਉਣਾ। ਦੋਵਾਂ ਵਿੱਚ ਇੱਕ ਜਣਾ ਬੋਟਾਂ ਕੋਲ ਰਾਖੀ ਲਈ ਜ਼ਰੂਰ ਰਹਿੰਦਾ ਸੀ। ਰਾਤ ਨੂੰ ਚਿੜੀਆਂ ਨੇ ਸਾਡੇ ਤੋਂ ਪਹਿਲਾਂ ਆਪਣੇ ਆਲ੍ਹਣਿਆਂ ਵਿੱਚ ਲੁਕ ਜਾਣਾ। ਸਾਨੂੰ ਛੋਟੇ ਹੁੰਦਿਆਂ ਨੂੰ ਮਾਤਾ ਜੀ ਨੇ ਕਈ ਵਾਰ ਚਿੜੀ ਤੇ ਕਾਂ ਦੀ ਬਾਤ ਵੀ ਸੁਣਾਉਣੀ। ਅਸੀਂ ਬੜੇ ਧਿਆਨ ਨਾਲ ਸੁਣਨੀ। ਹੁਣ ਪਤਾ ਲੱਗਦਾ ਹੈ ਕਿ ਬੱਚਿਆਂ ਨੂੰ ਰਾਤ ਨੂੰ ਸਵਾਉਣ ਲਈ ਪੰਛੀਆਂ ਦੀਆਂ ਜਾਂ ਪਸ਼ੂਆਂ ਦੀਆਂ ਕਲਪਿਤ ਕਹਾਣੀਆਂ ਹੋਂਦ ਵਿੱਚ ਲਿਆਂਦੀਆਂ ਹੋਈਆਂ ਸਨ। ਉਦੋਂ ਅਸੀਂ ਇਸ ਨੂੰ ਸੱਚ ਹੀ ਮੰਨ ਲੈਂਦੇ ਸੀ। ਸਾਨੂੰ ਇਹ ਬਹੁਤ ਚੰਗੀਆਂ ਲੱਗਦੀਆਂ ਹੁੰਦੀਆਂ ਸਨ। ਇਨ੍ਹਾਂ ਨੂੰ ਸੁਣਦਿਆਂ ਨੂੰ ਹੀ ਸਾਨੂੰ ਨੀਂਦ ਆ ਜਾਂਦੀ ਸੀ। ਚਿੜੀਆਂ ਦੀ ਚੀਂ ਚੀਂ ਕਰਦੀ ਆਵਾਜ਼ ਕਿਸੇ ਮਧੁਰ ਸੰਗੀਤ ਤੋਂ ਘੱਟ ਨਹੀਂ ਹੁੰਦੀ ਸੀ। ਸਾਰੀ ਦਿਹਾੜੀ ਕਦੀ ਬਾਹਰ ਦਾ ਗੇੜਾ, ਕਦੀ ਆਲ੍ਹਣੇ ਦਾ ਫੇਰਾ, ਚੱਲਦਾ ਹੀ ਰਹਿੰਦਾ ਸੀ।
ਇੱਕ ਵਾਰ ਅਸੀਂ ਵਿਹੜੇੇ ਵਿੱਚ ਦੋ ਜਣੇ ਖੇਡ ਰਹੇ ਸੀ, ਇੱਕ ਚਿੜੀ ਸਾਡੇ ਉੱਪਰ ਦੀ ਆਉਂਦੀ ਜਾਂਦੀ ਸੀ, ਅਸੀਂ ਝਾੜੂ ਮਾਰ ਕੇ ਉਸ ਨੂੰ ਸੁੱਟ ਲਿਆ। ਮਾਤਾ ਦੀ ਨਿਗ੍ਹਾ ਪੈ ਗਈ। ‘‘ਢਹਿ ਜਾਣੀ ਦਿਓ ਇਹ ਕੀ ਕਹਿਰ ਕਮਾਇਆ ਤੁਸੀਂ। ਉਹ ਆਪਣੇ ਬੱਚਿਆਂ ਲਈ ਚੋਗਾ ਲਿਆ ਕੇ ਖਵਾਉਣ ਡਹੀ ਸੀ।’’ ਮਾਤਾ ਨੇ ਸਾਨੂੰ ਡਾਂਟਦਿਆਂ ਫਟਾਫਟ ਘੜੇ ’ਚੋਂ ਚੂਲੀ ਪਾਣੀ ਦੀ ਭਰੀ ਤੇ ਚਿੜੀ ਦੇ ਮੂੰਹ ਵਿੱਚ ਤੁਪਕੇ ਪਾਏ। ਉਹ ਫੁਰਰ ਕਰ ਕੇ ਉੱਡ ਗਈ। ਸ਼ੁਕਰ ਹੋਇਆ ਚਿੜੀ ਨੌਂ ਬਰ ਨੌਂ ਹੋ ਗਈ, ਨਹੀਂ ਤਾਂ ਬੋਟ (ਬੱਚੇ) ਵਿਚਾਰੇ ਮਾਂ ਮਹਿੱਟਰ ਹੋ ਜਾਂਦੇ।
ਮਾਂ ਨੇ ਸਮਝਾਉਂਦਿਆਂ ਕਿਹਾ, ‘‘ਪੁੱਤਰ ਜਿਸ ਤਰ੍ਹਾਂ ਮੈਂ ਤੁਹਾਡੀ ਮਾਂ ਹੋਣ ਕਰ ਕੇ ਤੁਹਾਡਾ ਦੁਖ ਨਹੀਂ ਸਹਾਰ ਸਕਦੀ, ਇਸ ਤਰ੍ਹਾਂ ਚਿੜੀ ਵੀ ਆਪਣੇ ਬੱਚਿਆਂ ਦਾ ਦੁਖ ਨਹੀਂ ਸਹਾਰ ਸਕਦੀ। ਜੇ ਉਹਨੂੰ ਕੁਝ ਹੋ ਜਾਂਦਾ ਤਾਂ ਬੱਚੇ ਯਤੀਮ ਹੋ ਜਾਣੇ ਸੀ। ਅੱਗੇ ਤੋਂ ਇੰਝ ਨਹੀਂ ਕਰਨਾ।’’
ਜਦੋਂ ਮੈਂ ਅੱਜ ਦੇ ਸਮੇਂ ਦੀ ਬੀਤ ਗਏ ਸਮੇਂ ਨਾਲ ਤੁਲਨਾ ਕਰਦਾ ਹਾਂ ਤਾਂ ਇੰਝ ਲੱਗਦਾ ਹੈ ਕਿ ਨਵੀਆਂ ਤਕਨੀਕਾਂ ਨੇ ਭਾਵੇਂ ਮਨੁੱਖ ਨੂੰ ਬਹੁਤ ਸੁੱਖ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਪਰ ਰਿਸ਼ਤੇ ਨਾਤਿਆਂ ’ਚੋਂ ਆਪਣਾਪਣ ਖ਼ਤਮ ਹੋ ਗਿਆ ਹੈ। ਮਾਂ ਨੇ ਜਦੋਂ ਸਾਨੂੰ ਚਿੜੀ ਸੁੱਟਣ ’ਤੇ ਝਿੜਕਿਆ ਤਾਂ ਆਪਣੇ ਆਪ ਨੂੰ ਹੀ ਬੁਰਾ ਕਿਹਾ (ਢਹਿ ਜਾਣੀ ਦਿਓ), ਸਾਨੂੰ ਕੋਈ ਬੁਰਾ ਨਹੀਂ ਕਿਹਾ। ਹੁਣ ਖ਼ੁਦ ਨੂੰ ਕੋਈ ਬੁਰਾ ਨਹੀਂ ਕਹਿੰਦਾ। ਹੁਣ ਨਾ ਚਿੜੀਆਂ ਰਹੀਆਂ ਹਨ ਨਾ ਹੀ ਰਿਸ਼ਤਿਆਂ ਤੇ ਆਂਢ-ਗੁਆਂਢ ਵਿੱਚ ਪਹਿਲਾਂ ਵਰਗੀ ਅਪਣੱਤ। ਚਿੜੀਆਂ ਦੇ ਨਾਲ ਇਹ ਵੀ ਲੋਪ ਹੋ ਗਿਆ ਹੈ।
ਸੰਪਰਕ: 0476241232

Advertisement
Author Image

joginder kumar

View all posts

Advertisement
Advertisement
×