ਭਗਵੰਤ ਮਾਨ ਤੇ ਸੁਖਬੀਰ ਵਿਚਾਲੇ ਗੁਪਤ ਸਮਝੌਤਾ ਹੋਇਆ: ਪਰਮਪਾਲ ਕੌਰ
ਪੱਤਰ ਪ੍ਰੇਰਕ
ਮਾਨਸਾ, 29 ਮਈ
ਮਾਨਸਾ ਵਿੱਚ ਕੱਲ੍ਹ ਦੇ ਘਟਨਾਕ੍ਰਮ ਤੋਂ ਬਾਅਦ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਪ੍ਰਤੀਕਿਰਿਆ ਦਿੰਦੇ ਹੋਏ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਸ ਵਿੱਚ ਰਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਗੁਪਤ ਵੱਡਾ ਸੌਦਾ ਹੋ ਚੁੱਕਿਆ ਹੈ ਜਿਸਦਾ ਨਤੀਜਾ ਇਹ ਹੈ ਕਿ ਕੱਲ੍ਹ ਮੰਗਲਵਾਰ ਨੂੰ ਉਸ ਦੀ ਰਿਹਾਇਸ਼ ਤੋਂ ਕਿਸਾਨਾਂ ਨੂੰ ਦੂਰ ਰੱਖਣ ਦੀ ਬਜਾਏ, ਉਨ੍ਹਾਂ ਨੂੰ ਘਰ ਘੇਰਨ ਦੇਣ ਦੀ ਇਜ਼ਾਜਤ ਦਿੱਤੀ ਅਤੇ ਉਹ ਘਰ ਅੱਗੇ ਬੈਠ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਸ਼ਪੱਸ਼ਟ ਹੈ ਕਿ ਭਗਵੰਤ ਮਾਨ ਮਾਨਸਾ ਦੀ ਰੈਲੀ ’ਚ ਜਾਣ ਤੋਂ ਰੋਕਣਾ ਚਾਹੁੰਦੇ ਸਨ ਪਰ ਉਹ ਪਹਿਲਾਂ ਹੀ ਚਲੀ ਗਈ ਸੀ। ਪਰਮਪਾਲ ਕੌਰ ਨੇ ਦੋਸ਼ ਲਾਇਆ ਇਸ ਤੋਂ ਬਾਅਦ ਮਾਨਸਾ ਪ੍ਰਸ਼ਾਸਨ ਜ਼ਰੀਏ ਚੋਣ ਰੈਲੀ ’ਚ ਪ੍ਰਚਾਰ ਕਰਨ ਪੁੱਜੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਗਵੰਤ ਮਾਨ ਪਹਿਲਾਂ ਉਸ ਦੇ ਅਸਤੀਫੇ ’ਤੇ ਅੜਿੱਕਾ ਡਾਹੁੰਦਾ ਰਿਹਾ ਅਤੇ ਜਦੋਂ ਉੱਥੇ ਇਕ ਨਾ ਚੱਲੀ ਤਾਂ ਅਜਿਹੀਆਂ ਹਰਕਤਾਂ ’ਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਹਰਸਿਮਰਤ ਬਾਦਲ ਨੂੰ ਜਿਤਾਉਣ ਲਈ ਹਰ ਤਰ੍ਹਾਂ ਦਾ ਸੌਦਾ ਕਰਨ ’ਚ ਮਾਹਿਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਹਲਕੇ ਦੇ ਲੋਕਾਂ ਨੂੰ ਪਤਾ ਹੈ ਕਿ ਪਿਛਲੀਆਂ ਚੋਣਾਂ ਹਰਸਿਮਰਤ ਕਿਹੜੇ ਸੌਦੇ ਕਰਕੇ ਜਿੱਤੀ ਹੈ। ਦੋਵਾਂ ਪ੍ਰਤੀਸਿਥੀਆਂ ਤੋਂ ਬਠਿੰਡਾ ਦੇ ਲੋਕ ਸਮਝ ਜਾਣਕੇ ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ’ਚ ਗੰਢਤੁੱਪ ਹੋ ਚੁੱਕੀ ਹੈ।