For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਲਈ ਪਾਣੀ ਦੀ ਉਡੀਕ ਹੋਈ ਲੰਮੀ

06:33 AM Jun 19, 2024 IST
ਕਿਸਾਨਾਂ ਲਈ ਪਾਣੀ ਦੀ ਉਡੀਕ ਹੋਈ ਲੰਮੀ
ਮੰਗਲਵਾਰ ਨੂੰ ਬਾਅਦ ਦੁਪਹਿਰ ਖਿੱਚੀ ਗਈ ਸੁੱਕੀ ਪਈ ਬਨੂੜ ਨਹਿਰ ਦੀ ਤਸਵੀਰ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 18 ਜੂਨ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਲਈ 15 ਜੂਨ ਤੋਂ ਨਹਿਰੀ ਪਾਣੀ ਅਤੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਬਨੂੜ ਦੀ ਨਹਿਰ ਵਿੱਚ ਹਾਲੇ ਤੱਕ ਇੱਕ ਬੂੰਦ ਵੀ ਪਾਣੀ ਨਹੀਂ ਛੱਡਿਆ ਗਿਆ ਹੈ। ਕਿਸਾਨਾਂ ਵੱਲੋਂ ਨਹਿਰ ਵਿੱਚ ਤੁਰੰਤ ਪਾਣੀ ਛੱਡਣ, ਨਹਿਰ ਵਿੱਚ ਸਾਰਾ ਸਾਲ ਪਾਣੀ ਯਕੀਨੀ ਬਣਾਉਣ ਅਤੇ ਨਹਿਰ ਨਾਲ ਸਬੰਧਿਤ ਸਾਰੇ ਮਾਈਨਰ, ਖਾਲ਼ਾਂ, ਮੋਘੇ, ਲਾਈਨਾਂ ਆਦਿ ਮੁਕੰਮਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨ ਸਭਾ ਨੇ ਸਿੰਜਾਈ ਵਿਭਾਗ ਤੋਂ ਬਿਨਾਂ ਕਿਸੇ ਦੇਰੀ ਤੋਂ ਨਹਿਰ ਵਿੱਚ ਪਾਣੀ ਛੱਡੇ ਜਾਣ ਦੀ ਮੰਗ ਕਰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ।
ਘੱਗਰ ਦਰਿਆ ਵਿੱਚ ਛੱਤ ਬੀੜ ਨੇੜੇ ਬੰਨ੍ਹ ਲਗਾ ਕੇ 100 ਕਿਊਸਿਕ ਪਾਣੀ ਚੁੱਕ ਕੇ ਬਨੂੜ ਖੇਤਰ ਦੇ 60 ਦੇ ਕਰੀਬ ਪਿੰਡਾਂ ਦੇ 40 ਹਜ਼ਾਰ ਏਕੜ ਰਕਬੇ ਨੂੰ ਖੇਤੀਬਾੜੀ ਲਈ ਪਾਣੀ ਮੁਹੱਈਆ ਕਰਾਉਣ ਲਈ ਇਹ 36 ਕਿਲੋਮੀਟਰ ਲੰਮੀ ਬਨੂੜ ਨਹਿਰ 2016 ਵਿੱਚ ਚਾਲੂ ਹੋਈ ਸੀ। ਪੂਰੇ ਮਾਈਨਰ, ਖਾਲਾਂ, ਮੋਘੇ ਨਾ ਬਣਨ ਕਾਰਨ ਅਤੇ ਨਹਿਰ ਵਿੱਚ ਸਿਰਫ਼ ਗਿਣਤੀ ਦੇ ਦਿਨਾਂ ਵਿੱਚ ਹੀ ਪਾਣੀ ਆਉਣ ਕਾਰਨ ਉਕਤ ਰਕਬੇ ਦੇ ਚੌਥੇ ਹਿੱਸੇ ਨੂੰ ਵੀ ਹਾਲੇ ਤੱਕ ਨਹਿਰੀ ਪਾਣੀ ਨਸੀਬ ਨਹੀਂ ਹੋ ਸਕਿਆ ਹੈ। ਸਿੰਜਾਈ ਵਿਭਾਗ ਵੱਲੋਂ ਘੱਗਰ ਦਰਿਆ ਵਿੱਚੋਂ ਇੰਜਣਾਂ ਨਾਲ ਪਾਣੀ ਚੁੱਕਣ ਵਾਲੇ ਕਿਸਾਨਾਂ ਨਾਲ ਕੀਤੇ ਲਿਖਤੀ ਸਮਝੌਤੇ ਤਹਿਤ ਨਹਿਰ ਵਿੱਚ ਸਿਰਫ਼ ਪਹਿਲੀ ਤੋਂ ਦਸ ਤਾਰੀਕ ਤੱਕ ਪਾਣੀ ਛੱਡਿਆ ਜਾਂਦਾ ਹੈ। ਮਹੀਨੇ ਦੇ ਬਾਕੀ ਦਿਨ ਸਾਰਾ ਪਾਣੀ ਘੱਗਰ ਵਿੱਚ ਹੀ ਵਹਿੰਦਾ ਹੈ। ਪਿਛਲੇ ਲੰਮੇ ਸਮੇਂ ਤੋਂ ਬਨੂੜ ਨਹਿਰ ਬੰਦ ਹੀ ਪਈ ਹੈ। ਕਈ ਮਾਈਨਰਾਂ ਦੀ ਮੁਰੰਮਤ ਅਤੇ ਮਗਨਰੇਗਾ ਕਾਮਿਆਂ ਵੱਲੋਂ ਨਹਿਰ ਅਤੇ ਮਾਈਨਰਾਂ ਦੀ ਸਫ਼ਾਈ ਦਾ ਕੰਮ ਵੀ ਹਾਲੇ ਚੱਲ ਰਿਹਾ ਹੈ। ਕਿਸਾਨਾਂ ਗੁਰਮੇਲ ਸਿੰਘ, ਭੁਪਿੰਦਰ ਸਿੰਘ, ਹਰਜਿੰਦਰ ਸਿੰਘ, ਰਸ਼ਪਾਲ ਸਿੰਘ, ਬਨੂੜ ਦੇ ਕਿਸਾਨ ਤਨਵੀਰ ਹੁਸੈਨ, ਹਰਜੀਤ ਸਿੰਘ ਢਿਲੋਂ ਆਦਿ ਨੇ ਦੱਸਿਆ ਕਿ ਜੇਕਰ ਨਹਿਰ ਵਿੱਚ ਸਾਰਾ ਸਾਲ ਦੀ ਥਾਂ ਗਿਣਤੀ ਦੇ ਦਿਨ ਹੀ ਪਾਣੀ ਛੱਡਣਾ ਸੀ ਤਾਂ ਫਿਰ ਇਸ ਉੱਤੇ 120 ਤੋਂ 130 ਕਰੋੜ ਦੀ ਰਾਸ਼ੀ ਖਰਚ ਕਰਨ ਦੀ ਕੀ ਲੋੜ ਸੀ। ਕਿਸਾਨਾਂ ਨੇ ਕਿਹਾ ਕਿ ਸਮੁੱਚੇ ਖੇਤਰ ਵਿੱਚ ਧਰਤੀ ਹੇਠਲਾ ਪਾਣੀ ਬਹੁਤ ਘੱਟ ਹੈ ਤੇ ਝੋਨੇ ਦੀ ਲਵਾਈ ਲਈ ਬਿਨਾਂ ਕਿਸੇ ਦੇਰੀ ਤੋਂ ਬਨੂੜ ਨਹਿਰ ਵਿੱਚ ਪਾਣੀ ਛੱਡਿਆ ਜਾਵੇ। ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ ਨੇ ਕਿਹਾ ਕਿ ਜੇਕਰ ਤੁਰੰਤ ਪਾਣੀ ਨਾ ਛੱਡਿਆ ਗਿਆ ਤਾਂ ਇਲਾਕੇ ਦੇ ਕਿਸਾਨਾਂ ਦੀ ਇਕੱਤਰਤਾ ਕਰ ਕੇ ਸੰਘਰਸ਼ ਆਰੰਭਿਆ ਜਾਵੇਗਾ।

Advertisement

ਘੱਗਰ ਵਿੱਚ ਪਾਣੀ ਦੀ ਘਾਟ ਅਤੇ ਡੀ-ਸਿਲਟਿੰਗ ਬਣੀ ਅੜਿੱਕਾ

ਘੱਗਰ ਦਰਿਆ ਵਿੱਚ ਇਨੀਂ ਦਿਨੀਂ ਪਾਣੀ ਬਹੁਤ ਘੱਟ ਵਹਿ ਰਿਹਾ ਹੈ। ਘੱਗਰ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਸਿੰਜਾਈ ਵਿਭਾਗ ਵੱਲੋਂ ਡੀਸਿਲਟਿੰਗ ਵੀ ਕਰਾਈ ਜਾ ਰਹੀ ਹੈ, ਜਿਸ ਕਾਰਨ ਬਨੂੜ ਨਹਿਰ ਵਿੱਚ ਪਾਣੀ ਛੱਡਣ ਵਿੱਚ ਦਿੱਕਤ ਆ ਰਹੀ ਹੈ।

Advertisement

ਪਾਣੀ ਛੱਡਿਆ ਜਾ ਰਿਹਾ ਹੈ: ਐਸਡੀਓ

ਬਨੂੜ ਨਹਿਰ ਦੇ ਐੱਸਡੀਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਨਹਿਰ ਵਿੱਚ ਜਲਦੀ ਦੀ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਸਟਿੰਗ ਲਈ ਅੱਜ ਸਵੇਰੇ ਵੀਹ ਕਿਊਸਿਕ ਪਾਣੀ ਛੱਡਿਆ ਗਿਆ ਹੈ ਤੇ ਜਲਦੀ ਹੀ ਇਸ ਵਿੱਚ ਹੋਰ ਵਾਧਾ ਕਰ ਦਿੱਤਾ ਜਾਵੇਗਾ।

Advertisement
Author Image

joginder kumar

View all posts

Advertisement