ਵਿਧਾਨ ਸਭਾ ਚੋਣਾਂ ’ਚ ਮੇਰੀ ਹੱਤਿਆ ਦੀ ਸਾਜ਼ਿਸ਼ ਰਚੀ ਗਈ: ਵਿੱਜ
ਰਤਨ ਸਿੰਘ ਢਿੱਲੋਂ
ਅੰਬਾਲਾ, 5 ਨਵੰਬਰ
ਹਰਿਆਣਾ ਦੇ ਟਰਾਂਸਪੋਰਟ, ਊਰਜਾ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਵਿਧਾਨ ਸਭਾ ਚੋਣ ’ਚ ਉਸ ਦੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ, ਜਿਸ ’ਚ ਕੁਝ ਪਾਰਟੀ ਦੇ ਅਤੇ ਕੁਝ ਪ੍ਰਸ਼ਾਸਨ ਦੇ ਲੋਕ ਸ਼ਾਮਲ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਨਗਰ ਕੌਂਸਲ ਨੇ ਮਨਜ਼ੂਰ ਕਰਾਈਆਂ ਸੜਕਾਂ ਬਣਾਉਣ ਤੋਂ ਇਨਕਾਰ ਕਰ ਦਿੱਤਾਂਂ ਜੋ ਹੁਣ ਬਣਨੀਆਂ ਸ਼ੁਰੂ ਹੋ ਗਈਆਂ ਹਨ।
ਵਿੱਜ ਨੇ ਕਿਹਾ ਕਿ ਕੋਸ਼ਿਸ਼ ਕੀਤੀ ਗਈ ਕਿ ਚੋਣ ਦੌਰਾਨ ਖ਼ੂਨ ਖ਼ਰਾਬਾ ਹੋਵੇ ਜਿਸ ਵਿਚ ਅਨਿਲ ਵਿੱਜ ਜਾਂ ਉਨ੍ਹਾਂ ਦਾ ਕੋਈ ਵਰਕਰ ਮਰ ਜਾਵੇ ਤਾਂ ਕਿ ਚੋਣ ਪ੍ਰਭਾਵਿਤ ਹੋ ਸਕੇ। ਉਨ੍ਹਾਂ ਕਿਹਾ, ‘‘ਇਹ ਜਾਂਚ ਦਾ ਵਿਸ਼ਾ ਹੈ ਮੈਂ ਕੋਈ ਦੋਸ਼ ਨਹੀਂ ਲਗਾ ਰਿਹਾ’’। ਇਸ ਸਬੰਧ ਵਿਚ ਉਨ੍ਹਾਂ ਨੇ ਸ਼ਾਹਪੁਰ ਪਿੰਡ ’ਚ ਚੋਣ ਮੀਟਿੰਗ ਦੌਰਾਨ ਵਾਪਰੀ ਘਟਨਾ ਦਾ ਜ਼ਿਕਰ ਵੀ ਕੀਤਾ, ਜਿੱਥੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਝੰਡੇ ਲੈ ਕੇ ਆ ਗਏ ਸਨ।
ਵਿੱਜ ਨੇ ਕਿਹਾ, ‘‘ਉਸ ਦੌਰਾਨ ਕੁਝ ਵੀ ਸਕਦਾ ਸੀ। ਜੇ ਕੋਈ ਕਿਸਾਨ ਯੂਨੀਅਨ ਦਾ ਆਗੂ ਮਰ ਜਾਂਦਾ ਜਾਂ ਫਿਰ ਮੈਂ ਮਰ ਜਾਂਦਾ ਤਾਂ ਚੋਣ ਦਾ ਭੱਠਾ ਬੈਠ ਜਾਣਾ ਸੀ। ਉਸ ਸਮੇਂ ਪੁਲੀਸ ਕਿੱਥੇ ਸੀ, ਸੀਆਈਡੀ ਨੂੰ ਕਿਉਂ ਨਹੀਂ ਪਤਾ ਲੱਗਾ ਕਿ ਲੋਕ ਡੰਡੇ ਲੈ ਕੇ ਆਏ ਹੋਏ ਹਨ।’’ ਅਨਿਲ ਵਿੱਜ ਨੇ ਕਿਹਾ ਕਿ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਕਾਰਨ ਸੁਰੱਖਿਆ ਮਿਲੀ ਹੋਈ ਹੈ ਪਰ ਉਸ ਤੋਂ ਇਕ ਦਿਨ ਪਹਿਲਾਂ ਉਸ ਦੀ ਅੱਧੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਅਨਿਲ ਵਿੱਜ ਕੱਲ੍ਹ ਵਰਕਰਾਂ ਦੇ ਧੰਨਵਾਦ ਪ੍ਰੋਗਰਾਮ ਵਿਚ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਚੋਣ ਦੌਰਾਨ ਦਿਨ ਰਾਤ ਇਕ ਕਰਨ ਵਾਲੇ ਬੂਥ, ਵਾਰਡ ਅਤੇ ਜ਼ੋਨ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ।