ਪੈਸੇ ਤੇ ਲੋਕਾਂ ਦੀ ਤਾਕਤ ਵਿਚਾਲੇ ਮੁਕਾਬਲਾ ਸੀ ਮਹਾਰਾਸ਼ਟਰ ਵਿਧਾਨ ਪਰਿਸ਼ਦ ਚੋਣਾਂ: ਰਾਊਤ
ਮੁੰਬਈ, 13 ਜੁਲਾਈ
ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿਧਾਨ ਪਰਿਸ਼ਦ ਚੋਣਾਂ ਪੈਸੇ ਅਤੇ ਲੋਕਾਂ ਦੀ ਤਾਕਤ ਵਿਚਾਲੇ ਮੁਕਾਬਲਾ ਸੀ। ਇਨ੍ਹਾਂ ਚੋਣਾਂ ਵਿੱਚ ਸੱਤਾਧਾਰੀ ਗੱਠਜੋੜ ਮਹਾਯੁਤੀ ਨੇ 11 ’ਚੋਂ 9 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਮਹਾਵਿਕਾਸ ਅਗਾੜੀ (ਐੱਮਵੀਏ) ਉਮੀਦਵਾਰ ਜਯੰਤ ਪਾਟਿਲ ਦੀ ਹਾਰ ਵਿਰੋਧੀ ਗੱਠਜੋੜ ਲਈ ਕੋਈ ਝਟਕਾ ਨਹੀਂ ਹੈ। ਉਨ੍ਹਾਂ ਕਿਹਾ, ‘‘ਕੌਂਸਲ ਚੋਣਾਂ ਪੈਸੇ ਅਤੇ ਲੋਕਾਂ ਦੀ ਤਾਕਤ ਵਿਚਾਲੇ ਮੁਕਾਬਲਾ ਸੀ।’’ ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਦੌਰਾਨ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਵਿਧਾਇਕਾਂ ਦੀ ‘ਦਰ’ ਸ਼ੇਅਰ ਬਾਜ਼ਾਰ ਵਾਂਗ ਵਧੀ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਵਿਧਾਇਕਾਂ ਨੂੰ ਦੋ ਏਕੜ ਜ਼ਮੀਨ ਵੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੋਈਆਂ ਮਹਾਰਾਸ਼ਟਰ ਵਿਧਾਨ ਪਰਿਸ਼ਦ ਚੋਣਾਂ ਵਿੱਚ ਭਾਜਪਾ, ਸ਼ਿਵ ਸੈਨਾ (ਸ਼ਿੰਦੇ ਧੜਾ) ਤੇ ਐੱਨਸੀਪੀ (ਅਜੀਤ ਪਵਾਰ ਧੜਾ) ’ਤੇ ਆਧਾਰਿਤ ਮਹਾਯੁਤੀ ਗੱਠਜੋੜ ਦੇ ਨੌਂ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਜਦਕਿ ‘ਇੰਡੀਆ’ ਗੱਠਜੋੜ ਦੇ ਦੋ ਉਮੀਦਵਾਰ ਚੋਣ ਜਿੱਤੇ ਹਨ। -ਪੀਟੀਆਈ