ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਲਬ ਤਾਂ ਹੋਣੀ ਹੀ ਚਾਹੀਦੀ ਐ...

06:47 AM Nov 27, 2024 IST

ਡਾ. ਗੁਰਬਖ਼ਸ਼ ਸਿੰਘ ਭੰਡਾਲ
Advertisement

ਤਲਬ, ਤਾਂਘ, ਤਮੰਨਾ ਤੇ ਤੜਫ਼, ਇਹ ਸਭ ਮਨ ਵਿੱਚ ਪਨਪਦਾ ਇੱਕ ਅਹਿਸਾਸ ਹੈ। ਚਿੱਤ ਵਿੱਚ ਆਸ ਰੱਖਣੀ ਅਤੇ ਇਸ ਨੂੰ ਪੂਰਾ ਕਰਨ ਲਈ ਅਭਿਆਸ ਕੀਤਾ ਜਾਂਦਾ ਹੈ। ਤਲਬਗਾਰੀ ਮਨੁੱਖੀ ਫ਼ਿਤਰਤ ਹੈ। ਇਹ ਜਿਊਣ ਦਾ ਉਸਾਰੂ ਅੰਦਾਜ਼ ਹੈ। ਇਸ ਨਾਲ ਬੰਦੇ ਨੂੰ ਪਰਵਾਜ਼ ਮਿਲਦੀ ਹੈ। ਇਹ ਆਪਣਾ ਅੰਬਰ ਗਾਹੁਣ ਦਾ ਰਿਆਜ਼ ਹੈ। ਮਨੁੱਖ ਦਾ ਸਮੁੱਚ ਹੀ ਅਜਿਹਾ ਸਾਜ਼ ਬਣ ਜਾਂਦਾ ਹੈ ਕਿ ਜਿਸ ਵਿੱਚੋਂ ਪੈਦਾ ਹੁੰਦਾ ਨਾਦ ਹੀ ਜ਼ਿੰਦਗੀ ਦਾ ਰਾਜ਼ ਬਣ ਜਾਂਦਾ ਹੈ।
ਤਲਬ ਰੱਖਣਾ, ਜਿਉਂਦੇ ਹੋਣ ਦੀ ਨਿਸ਼ਾਨੀ ਹੈ। ਕੁਝ ਖ਼ਾਸ ਕਰਨ ਦਾ ਚਾਅ ਹੈ। ਨਿਵੇਕਲੀਆਂ ਰਾਹਾਂ ਸਿਰਜਣ ਦਾ ਉਮਾਹ ਹੈ। ਮਨ ਦੀਆਂ ਤਮੰਨਾਵਾਂ ਨੂੰ ਇੱਕ ਖ਼ਾਸ ਦਿਸ਼ਾ ਵੱਲ ਸੇਧਤ ਕਰਨ ਦਾ ਅਹਿਦ ਹੈ। ਇਸ ਦੀ ਪੂਰਤੀ ਲਈ ਆਖ਼ਰੀ ਦਮ ਤੀਕ ਜੱਦੋਜਹਿਦ ਕੀਤੀ ਜਾਂਦੀ ਹੈ। ਖ਼ੁਦ ਨੂੰ ਟੀਚੇ ਪ੍ਰਤੀ ਅਰਪਿਤ ਕਰਨ ਦਾ ਸ਼ੁਦਾਅ ਹੁੰਦਾ ਹੈ। ਤਲਬਗਾਰੀ ਸੁਭਾਅ ਬੰਦੇ ਦਾ ਮੀਰੀ ਗੁਣ ਹੈ। ਇਹ ਵਿਅਕਤੀਤਵ ਦਾ ਬਹੁਤ ਸੂਖਮ ਤੇ ਸਹਿਜ ਸਰੂਪ ਹੈ। ਤਲਬ, ਤ੍ਰੇਹ, ਤੜਫ਼ ਅਤੇ ਤ੍ਰਿਪਤੀ ਵੱਖ-ਵੱਖ ਪੜਾਅ ਹਨ। ਇਨ੍ਹਾਂ ਥੀਂ ਗੁਜ਼ਰਦਿਆਂ ਹੀ ਮਨੁੱਖ ਸੰਤੁਸ਼ਟਤਾ ਵੱਲ ਪਲੇਠਾ ਕਦਮ ਉਠਾਉਂਦਾ ਹੈ। ਤਲਬਗਾਰੀ ਮਨ ਦੇ ਭਾਵਾਂ ਦਾ ਉਬਾਲ, ਮਨ ਚਾਹਿਆ ਪ੍ਰਾਪਤ ਕਰਨ ਦਾ ਖ਼ਿਆਲ, ਆਪਣੇ ਦੀ ਬੁੱਕਲ ਵਿੱਚ ਸਮਾ ਜਾਣ ਦਾ ਮਲਾਲ ਹੈ। ਤਲਬਗਾਰੀ ਸੁਪਨਿਆਂ ਦੇ ਸੱਚ ਤੋਂ ਉਨ੍ਹਾਂ ਦੇ ਭਸਮ ਹੋ ਜਾਣ ਦੀ ਤਵਾਰੀਖ਼ ਹੈ। ਮਿਲਣੀਆਂ ਤੋਂ ਵਿਛੋੜੇ ਤੀਕ ਦਾ ਇਤਿਹਾਸ ਹੈ। ਤਲਬਗਾਰੀ ਦੇ ਰੂਪ ਬਹੁਤ ਹਨ ਤੇ ਇਸ ਦਾ ਅਸੀਮ ਪਾਸਾਰ ਹੈ। ਇਸ ਦੀਆਂ ਤਹਿਆਂ ਤੇ ਬਾਰੀਕੀਆਂ ਨੂੰ ਸਮਝ ਕੇ ਹੀ ਅਸੀਂ ਆਪਣੀ ਤਲਬਗਾਰੀ ਨੂੰ ਖ਼ਾਸ ਅਹਿਮੀਅਤ ਦੇ ਕੇ, ਇਸ ਦੀ ਪੂਰਨਤਾ ਦਾ ਰੰਗ ਮਾਣ ਸਕਦੇ ਹਾਂ। ਸਿਰਫ਼ ਤਲਬਗਾਰ ਹੋਣਾ ਹੀ ਕਾਫ਼ੀ ਨਹੀਂ। ਸਗੋਂ ਸਾਨੂੰ ਮਨਚਾਹੀ ਤਲਬ ਦੀ ਹਾਸਲਤਾ ਲਈ ਇਸ ਦੇ ਹਾਣ ਦਾ ਹੋਣਾ ਵੀ ਚਾਹੀਦਾ ਹੈ। ਮੰਜ਼ਲਾਂ ਸਿਰਫ਼ ਉਨ੍ਹਾਂ ਦੇ ਪੈਰਾਂ ਵਿੱਚ ਵਿਛਦੀਆਂ ਹਨ ਜਿਨ੍ਹਾਂ ਦੇ ਮਨਾਂ ਵਿੱਚ ਮੰਜ਼ਲਾਂ ਨੂੰ ਮਿੱਥਣ ਅਤੇ ਇਨ੍ਹਾਂ ’ਤੇ ਪਹੁੰਚਣ ਦੀ ਤੜਫ਼ ਉਨ੍ਹਾਂ ਨੂੰ ਅੱਖ ਨਹੀਂ ਲਾਉਣ ਦਿੰਦੀ।
ਤਲਬਗਾਰੀ ਸਿਰਫ਼ ਉਸ ਵਿਅਕਤੀ ਦਾ ਹਾਸਲ ਹੈ ਜਿਸ ਦੇ ਮਨ ਵਿੱਚ ਮੁਸ਼ਕਿਲਾਂ ਨਾਲ ਖਹਿਣ ਦਾ ਦਮ ਹੋਵੇ, ਖੱਡੇ ਅਤੇ ਖਾਈਆਂ ਨੂੰ ਪੂਰਨ ਦਾ ਹੁਨਰ ਹੋਵੇ, ਪਰਬਤੀ ਟੀਸੀਆਂ ਨੂੰ ਸਰ ਕਰਨ ਦਾ ਗੁਣ ਹੋਵੇ, ਝੱਖੜਾਂ ਨਾਲ ਮੱਥਾ ਲਾ ਕੇ ਹਰਾਉਣ ਦਾ ਜੋਸ਼, ਜਜ਼ਬਾ ਅਤੇ ਜਨੂੰਨ ਹੋਵੇ। ਕਈ ਵਾਰ ਬੰਦਾ ਮਨ ਵਿੱਚ ਕੁਝ ਪ੍ਰਾਪਤ ਕਰਨ ਦੀ ਤਲਬ ਤਾਂ ਪੈਦਾ ਕਰਦਾ ਹੈ, ਪਰ ਹਾਰੇ ਹੋਏ ਕਦਮ, ਢਹਿੰਦੀਆਂ ਕਲਾਂ ਵਾਲੀ ਸੋਚ ਅਤੇ ਉੱਦਮਹੀਣਤਾ ਹੁੰਦੀ ਹੈ। ਅਜਿਹਿਆਂ ਲਈ ਇਹ ਸਿਰਫ਼ ਤਲਬ ਹੀਣ ਹੋਣ ਦਾ ਲਕਬ ਬਣ ਜਾਂਦਾ ਹੈ। ਨੈਣਾਂ ਨੂੰ ਸੁਪਨਿਆਂ ਦੀ ਕੇਹੀ ਤਲਬ ਕਿ ਉਹ ਕਈ ਵਾਰ ਦਿਨੇ ਵੀ ਸੁਪਨੇ ਲੈਣ ਲੱਗਦੇ ਹਨ, ਪਰ ਸੁਪਨੇ ਦੀ ਸੰਪੂਰਨਤਾ ਲਈ ਖ਼ੁਦ ਨੂੰ ਸੁਪਨਿਆਂ ਵਿੱਚੋਂ ਕੱਢ ਕੇ ਸੰਸਾਰਕ ਸੱਚ ਦੇ ਰਾਹ ਤੁਰ ਕੇ ਹੀ ਸੁਪਨਿਆਂ ਦਾ ਸੱਚ ਉਜਾਗਰ ਹੁੰਦਾ ਹੈ। ਬੁਝੇ ਹੋਏ ਦੀਦਿਆਂ ਵਿੱਚ ਜਾਗਦੇ ਸੁਪਨੇ ਲੈਣ ਦੀ ਤਮੰਨਾ ਜਦੋਂ ਪੈਦਾ ਹੋ ਜਾਵੇ ਤਾਂ ਨੈਣਾਂ ਵਿੱਚ ਉੱਗੇ ਚੰਗਿਆੜੇ ਹਨੇਰੇ ਨੂੰ ਉਡਾ ਕੇ ਰੋਸ਼ਨ-ਰੱਤੀਆਂ ਰਾਹਾਂ ਬਣ ਜਾਂਦੇ ਹਨ। ਇਹ ਰਾਹਾਂ ਫਿਰ ਮੰਜ਼ਲ ਦਾ ਸਿਰਨਾਵਾਂ ਬਣ ਜਾਂਦੀਆਂ ਹਨ।
ਸੰਦਲੀ ਸੁਪਨੇ ਲੈਣ ਦੀ ਤਲਬ ਜਦੋਂ ਹਾਵੀ ਹੋ ਜਾਵੇ ਤਾਂ ਅੱਖਾਂ ਵਿੱਚ ਉਤਰੇ ਲਾਲ ਡੋਰੇ ਸੂਹੇ ਸਮਿਆਂ ਦੀ ਸਰਦਲ ਲੰਘ ਕੇ ਸੁਪਨ-ਨਗਰੀ ਦੇ ਵਾਸੀ ਬਣ ਜਾਂਦੇ ਹਨ। ਫਿਰ ਉਹ ਆਪਣੇ ਹਿੱਸੇ ਦੇ ਅੰਬਰ ਦੀ ਛਾਵੇਂ ਸੁਪਨਿਆਂ ਦੀਆਂ ਰੰਗੀਨੀਆਂ ਵਿੱਚ ਰਾਗ-ਰਾਗਨੀ ਬਣ ਜਾਂਦੇ ਹਨ। ਗੱਲ ਤਾਂ ਤਲਬਗਾਰੀ ਹੋਣ ਦੀ ਹੈ। ਰਾਹਾਂ, ਤਦਬੀਰਾਂ ਅਤੇ ਤਕਦੀਰਾਂ ਆਪਣੇ ਆਪ ਹੀ ਮੱਥੇ ’ਤੇ ਖੁਣੀਆਂ ਜਾਂਦੀਆਂ ਹਨ। ਇਕੱਲਤਾ ਵਿੱਚ ਖ਼ੁਦ ਨਾਲ ਯੁੱਧ ਕਰ ਰਹੇ ਸ਼ਖ਼ਸ ਦੇ ਮਨ ਵਿੱਚ ਇਹ ਕੇਹੀ ਤਲਬ ਹੁੰਦੀ ਹੈ ਕਿ ਉਹ ਮੌਤ ਵਰਗੀ ਇਕੱਲ ਤੋੜਨ ਲਈ ਸਾਥ ਲਈ ਤਲਬ ਤਲਬ ਹੋ ਜਾਣਾ ਲੋਚਦਾ ਹੈ। ਉਹ ਚਾਹੁੰਦਾ ਹੈ ਕਿ ਉਸ ਦੇ ਸਾਹ ਜਿਊਣਾ ਸਿੱਖ ਜਾਣ। ਉਸ ਦੇ ਜੀਵਨ ਵਿਚਲੀ ਉਦਾਸੀ ਅਤੇ ਹਤਾਸ਼ੀ ਪਿਘਲ ਜਾਵੇ ਅਤੇ ਉਹ ਨਿੱਘੇ ਸਾਥ ਵਿੱਚ ਉਦਾਸ ਪਲਾਂ ਦੀ ਤਲੀ ’ਤੇ ਜਿਊਣ ਜੋਗੇ ਪਲ ਉਗਾ ਸਕੇ।
ਮਾਰੂਥਲ ਵਿੱਚ ਆਪਣੇ ਰਾਹੋਂ ਭਟਕ ਚੁੱਕੇ ਰਾਹੀ ਦੇ ਬੁੱਲ੍ਹਾਂ ’ਤੇ ਆਈ ਸਿੱਕਰੀ ਵਿੱਚੋਂ ਕਦੇ ਜੰਮੀ ਹੋਈ ਤਲਬ ਨੂੰ ਮਹਿਸੂਸ ਕਰਨਾ। ਉਸ ਦੀ ਤਲਬ ਬੁੱਲ੍ਹਾਂ ਦੀ ਪਿਆਸ ਮਿਟਾਉਣ ਦੇ ਨਾਲ ਨਾਲ ਗੁਆਚੇ ਰਾਹਾਂ ’ਤੇ ਫਿਰ ਤੋਂ ਤੁਰਨ ਦੀ ਰੀਝ ਵੀ ਹੁੰਦੀ ਹੈ ਤਾਂ ਕਿ ਉਹ ਮਾਰੂਥਲ ਦੀ ਕੱਕੀ ਰੇਤ ਵਿੱਚ ਵਿੱਛੜ ਗਏ ਹਾਣੀ ਦੀਆਂ ਪੈੜਾਂ ਭਾਲ, ਉਸ ਦੀ ਪੈੜ ਨੱਪਦਾ ਉਸ ਦੀ ਤੱਕਣੀ ਵਿੱਚ ਆਖ਼ਰੀ ਸਾਹ ਨੂੰ ਲੇਖੇ ਲਾ ਦੇਵੇ। ਸੰਨਵੇਂ ਖੇਤ ਦੀ ਤਲਬ ਹੁੰਦੀ ਹੈ ਕਿ ਉਹ ਅੰਨ ਦੇ ਬੋਹਲ਼ ਉਗਾਵੇ, ਪਰ ਉਸ ਦੀ ਇਹ ਤਲਬ ਜਦੋਂ ਵੱਟ ’ਤੇ ਉੱਗੀ ਟਾਹਲੀ ਦੇ ਸੁੱਕੇ ਟਾਹਣ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲੈਂਦੀ ਹੈ ਤਾਂ ਬਾਕੀ ਖੇਤਾਂ ਨੂੰ ਤਲਬਗਾਰੀ ਹੋਣ ਤੋਂ ਵੀ ਕੋਫ਼ਤ ਹੋਣ ਲੱਗਦੀ ਹੈ। ਤਾਂ ਹੀ ਅੱਜਕੱਲ੍ਹ ਖੇਤਾਂ ਵਿੱਚ ਖੁਦਕੁਸ਼ੀਆਂ ਉੱਗਦੀਆਂ ਹਨ। ਕੁਝ ਖੇਤ ਤਾਂ ਕਬਰਾਂ ਬਣ ਗਏ ਹਨ ਤੇ ਕੁਝ ਨੂੰ ਵੱਟਾਂ ਖਾ ਗਈਆਂ ਹਨ। ਕਾਸ਼! ਤਲਬ ਨੂੰ ਕਦੇ ਵੀ ਅਜਿਹੀ ਹੋਣੀ ਨਾ ਹੰਢਾਉਣੀ ਪਵੇ।
ਜਦੋਂ ਝੌਂਪੜੀ ਵਿੱਚ ਰਹਿੰਦੇ ਅਤੇ ਗਲੀ ਦੇ ਬਿਜਲੀ ਦੇ ਖੰਭੇ ਹੇਠ ਪੜ੍ਹ ਰਹੇ ਜੁਆਕ ਦੇ ਮਨ ਵਿੱਚ ਵਿਅਕਤੀ ਵਿਸ਼ੇਸ਼ ਬਣਨ ਦੀ ਤਲਬ ਪੈਦਾ ਹੁੰਦੀ ਹੈ ਤਾਂ ਉਸ ਲਈ ਆਰਾਮ, ਨੀਂਦ ਜਾਂ ਭੁੱਖ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਫਿਰ ਇੱਕ ਤਲਬ ਉਸ ਨੂੰ ਉੱਚੇ ਮੁਕਾਮ ਦਾ ਹਾਸਲ ਬਣਾ ਕੇ, ਉਸ ਦੀ ਤਲਬ ਨੂੰ ਸੋਚ ਦੇ ਹਾਣ ਦਾ ਬਣਾ ਜਾਂਦੀ ਹੈ। ਉਹ ਸਾਰੀ ਹਯਾਤੀ ਆਪਣੀ ਤਲਬਗਾਰੀ ਦਾ ਰਿਣੀ ਰਹਿੰਦਾ ਹੈ। ਜਦੋਂ ਸਫ਼ਿਆਂ ’ਤੇ ਹਰਫ਼ਾਂ ਦੀ ਤਲਬਗਾਰੀ ਪਨਪਣ ਲੱਗਦੀ ਹੈ ਤਾਂ ਸ਼ਬਦਾਂ ਵਿੱਚ ਅਰਥਾਂ ਦੇ ਚਿਰਾਗ਼ ਜਗਣ ਲੱਗਦੇ ਹਨ। ਇਹ ਕਿਤਾਬ-ਰੂਪੀ ਚਿਰਾਗ਼ ਹੀ ਹੁੰਦੇ ਹਨ ਜੋ ਕਿਸੇ ਲਈ ਤਲਬਗਾਰੀ ਦਾ ਸਬੱਬ ਵੀ ਹੁੰਦੇ ਹਨ, ਕਿਸੇ ਨੂੰ ਤਲਬ ਪੂਰੀ ਕਰਨ ਦਾ ਗੁਰ ਵੀ ਸਮਝਾਉਂਦੇ ਹਨ ਅਤੇ ਕਿਸੇ ਦੇ ਮਸਤਕ ਵਿੱਚ ਤਲਬਗੀਰੀ ਵੀ ਟਿਕਾਉਂਦੇ ਹਨ। ਚੇਤੇ ਰੱਖਣਾ ਚਾਹੀਦਾ ਹੈ ਕਿ ਕਿਤਾਬਾਂ ਦੀ ਤਲਬਗਾਰੀ ਜਿੱਥੇ ਬੰਦੇ ਨੂੰ ਇਨਸਾਨੀਅਤ ਦਾ ਮਾਰਗੀ ਬਣਾਉਂਦੀ ਹੈ, ਉੱਥੇ ਬੰਦੇ ਨੂੰ ਖ਼ੁਦ ਨਾਲ ਮਿਲਾਉਂਦੀ, ਅੰਦਰਲੀਆਂ ਰਮਜ਼ਾਂ ਸਮਝਾਉਂਦੀ ਅਤੇ ਸਵੈ-ਚੇਤਨਾ ਦਾ ਜਾਗ ਲਾਉਂਦੀ ਹੈ।
ਤਲਬਗਾਰੀ ਦਾ ਇਹ ਕੇਹਾ ਰੂਪ ਹੈ ਕਿ ਬੰਦਾ ਦੁਨਿਆਵੀ ਲੋੜਾਂ ਦੀ ਬਹੁਤਾਤ ਵਿੱਚੋਂ ਵੀ ਫ਼ਕੀਰੀ ਮਾਣਨ ਅਤੇ ਅਲਮਸਤ ਭਰੀ ਜ਼ਿੰਦਗੀ ਜਿਊਣ ਦੀ ਤਮੰਨਾ ਮਨ ਵਿੱਚ ਪਾਲਣ ਲੱਗਦਾ ਹੈ। ਇਹੀ ਤਮੰਨਾ ਉਸ ਨੂੰ ਤੰਗ ਨਜ਼ਰੀਆ, ਘੁੱਣਤਰਾਂ, ਸਾਜ਼ਿਸ਼ਾਂ, ਨਫ਼ਰਤਾਂ, ਦੁਸ਼ਮਣੀਆਂ, ਲੋਭ, ਲਾਲਚ ਆਦਿ ਤੋਂ ਉੱਪਰ ਦਿਨਆਈ ਮਾਰਗ ’ਤੇ ਤੁਰਨ ਲਈ ਪ੍ਰੇਰਨਾ ਬਣਦਾ ਹੈ। ਅਜਿਹੇ ਸਮੇਂ ਵਿੱਚ ਬੰਦਾ ਮਸ਼ਹੂਰੀ ਤੋਂ ਮਹਾਨਤਾ ਵੰਨੀ ਮੋੜ ਕੱਟਦਾ ਹੈ। ਮੌਕਾ ਮਿਲੇ ਤਾਂ ਇਸ ਮਾਰਗ ’ਤੇ ਤੁਰਨ ਦੀ ਤਲਬ ਜ਼ਰੂਰ ਪੈਦਾ ਕਰਨੀ ਚਾਹੀਦੀ ਹੈ। ਮਨ ਦੀ ਧਰਾਤਲ ’ਤੇ ਉੱਗੀ ਇਹ ਕੇਹੀ ਤਲਬ ਕਿ ਬੰਦਾ ਸੱਤ ਸਮੁੰਦਰੋਂ ਪਾਰ ਰਹਿੰਦਿਆਂ ਵੀ ਆਪਣੇ ਪੁਰਾਣੇ ਘਰ, ਖੂਹਾਂ, ਜੂਹਾਂ, ਦਰਾਂ ਅਤੇ ਗਰਾਂ ਦੀਆਂ ਗੁਆਚ ਚੁੱਕੀਆਂ ਨਿਸ਼ਾਨੀਆਂ ਨੂੰ ਭਾਲਣ ਲਈ ਪਿੰਡ ਨੂੰ ਪਰਤਦਾ ਹੈ। ਇਹ ਉਸ ਦੀ ਚੇਤਨਾ ਵਿੱਚ ਸਮਾਈਆਂ ਯਾਦਾਂ ਨੂੰ ਨਵਿਆਉਣ ਦੀ ਤਲਬ ਹੀ ਹੁੰਦੀ ਹੈ ਕਿ ਉਹ ਪੁਰਾਣੇ ਯਾਰ-ਬੇਲੀਆਂ, ਪੁਰਾਣੀਆਂ ਥਾਵਾਂ ਅਤੇ ਬੀਤ ਚੁੱਕੇ ਪਲਾਂ ਰਾਹੀਂ ਆਪਣੇ ਬੀਤੇ ਹੋਏ ਨੂੰ ਮੋੜ ਲਿਆਉਣ ਲਈ ਤਰਲੋਮੱਛੀ ਹੁੰਦਾ ਹੈ। ਪਰ ਇਹ ਕਦੇ ਵੀ ਸੰਭਵ ਨਹੀਂ ਹੁੰਦਾ ਕਿਉਂਕਿ ਬਦਲਦੀਆਂ ਰੁੱਤਾਂ ਤੇ ਮੌਸਮਾਂ ਵਿੱਚ ਹਰ ਵਸਤ ਤੇ ਵਰਤਾਰੇ ਦਾ ਰੰਗ, ਨਕਸ਼ ਅਤੇ ਤਹਿਜ਼ੀਬ ਦਾ ਬਦਲ ਜਾਣਾ ਸੁਭਾਵਿਕ ਹੈ। ਬੀਤੇ ਪਲ ਕਦੋਂ ਪਰਤਦੇ ਹਨ। ਬੀਤੇ ਦੀਆਂ ਸਿਰਫ਼ ਯਾਦਾਂ ਹੁੰਦੀਆਂ ਹਨ ਜਿਹੜੀਆਂ ਸਾਡੀ ਤਲਬਗਾਰੀ ਨੂੰ ਕਈ ਵਾਰ ਹੋਰ ਵੀ ਵਧਾਉਂਦੀਆਂ ਹਨ।
ਆਪਣਿਆਂ ਤੋਂ ਟੁੱਟਣ ਅਤੇ ਦੂਸਰਿਆਂ ਨਾਲ ਜੁੜਨ ਦੀ ਇਹ ਕੇਹੀ ਮਾਰੂ ਤਲਬਗਾਰੀ ਕਿ ਰਿਸ਼ਤੇ ਹੀ ਗੁਆਚ ਗਏ। ਸਬੰਧ ਗੁੰਮਨਾਮੀ ਦੀ ਜੂਨ ਹੰਢਾਉਣ ਲਈ ਮਜਬੂਰ ਹਨ, ਦੋਸਤੀਆਂ ਨੂੰ ਸੱਪ ਸੁੰਘ ਗਿਆ ਅਤੇ ਆਖ਼ਰੀ ਸਾਹਾਂ ਤੀਕ ਯਾਰੀਆਂ ਪਾਲਣ ਵਾਲੀ ਨਸਲ ਦਾ ਤਾਂ ਬੀਅ ਹੀ ਨਾਸ ਹੋ ਗਿਆ। ਇਹ ਤਲਬਗਾਰੀ ਕਾਰਨ ਅਸੀਂ ਆਪਣੀਆਂ ਅਰਥੀਆਂ ਆਪਣੇ ਹੀ ਮੋਢਿਆਂ ’ਤੇ ਰੱਖ, ਸਿਵਿਆਂ ਵੱਲ ਭੱਜੇ ਜਾ ਰਹੇ ਹਾਂ। ਆਪਣਾ ਸਿਵਾ ਸੇਕਣ ਦੀ ਕਾਹਲ ਵਿੱਚ ਧੁਖਦੇ ਸਿਵੇ ਬਣ ਚੁੱਕੇ ਹਾਂ। ਤਲਬਗਾਰੀ ਜਦੋਂ ਤੰਗ-ਦਿਲੀ ਅਤੇ ਤੰਗ-ਦਸਤੀ ਦੀ ਜੂਨੇ ਪੈ ਜਾਵੇ ਤਾਂ ਫਿਰ ਇਹ ਸਾਹਾਂ ਨੂੰ ਸੰਗੋੜਦੀ, ਜੀਵਨ-ਦਿਸਹੱਦਿਆਂ ਨੂੰ ਧੁੰਧਲਾਉਂਦੀ, ਸਾਡੇ ਮਿੱਥੇ ਟੀਚਿਆਂ ਦੀ ਅਸੰਭਵਤਾ ਹੀ ਸਾਡੇ ਨਾਮ ਕਰਦੀ ਹੈ।
ਤਲਬਗਾਰੀ ਜਦੋਂ ਤਰਜੀਹ ਬਣ ਜਾਵੇ ਤਾਂ ਰਾਹ-ਰਸਤੇ ਆਪਣੇ ਲੱਗਦੇ ਹਨ। ਮਨਾਂ ਵਿੱਚ ਕੁਝ ਕਰਨ ਦੀ ਨਿਸ਼ਠਾ, ਸਾਧਨਾ, ਸਿਰੜ ਅਤੇ ਸਮਰਪਣ ਦੇ ਸਾਥ ਵਿੱਚ ਨਵੀਆਂ ਪਹਿਲਕਦਮੀਆਂ ਦਾ ਸਿਰਲੇਖ ਬਣ ਜਾਂਦੀ ਹੈ। ਤਲਬਗਾਰੀ ਜਦੋਂ ਤੁਹਮਤਬਾਜ਼ੀ, ਤਿਗੜਮਬਾਜ਼ੀ ਅਤੇ ਤੰਗ ਨਜ਼ਰੀਏ ਦੀ ਸ਼ਿਕਾਰ ਹੋ ਜਾਂਦੀ ਹੈ ਤਾਂ ਬੰਦੇ ਵਿਚਲਾ ਅਮਾਨਵ ਕਾਲਖ ਦਾ ਵਣਜ ਕਰਦਿਆਂ, ਹਨੇਰਿਆਂ ਦੀ ਰੁੱਤ ਹੀ ਝੋਲੀ ਵਿੱਚ ਪਵਾਉਂਦਾ ਹੈ। ਭਲਾ! ਮੱਸਿਆ ਦੀ ਰਾਤ ਵਿੱਚ ਚੰਨ-ਚਾਨਣੀ ਦੀ ਆਸ ਰੱਖੀ ਵੀ ਕਿਵੇਂ ਜਾ ਸਕਦੀ ਹੈ? ਯਾਦ ਰਹੇ ਕਿ ਤਾਰੇ ਤਾਂ ਦਿਨੇ ਵੀ ਅਸਮਾਨ ਵਿੱਚ ਹੀ ਹੁੰਦੇ ਹਨ, ਪਰ ਦਿਸਦੇ ਸਿਰਫ਼ ਰਾਤ ਨੂੰ ਹੀ ਹਨ।
ਸ਼ੁੱਭ-ਇੱਛਾਵਾਂ, ਭਾਵਾਂ, ਦੁਆਵਾਂ ਅਤੇ ਚਾਵਾਂ ਦੀ ਤਲਬ ਮਨ ਵਿੱਚ ਪੈਦਾ ਹੋਣ ਲੱਗੇ ਤਾਂ ਸਮਝੋ ਕਿ ਬੰਦੇ ਨੇ ਖ਼ੁਦ ਨੂੰ ਪਛਾਣ ਲਿਆ ਹੈ। ਇਹੀ ਪਛਾਣ ਉਸ ਦੀਆਂ ਸੋਚਾਂ ਨੂੰ ਸੇਧ ਤੇ ਸਮੁੱਤਾਂ ਦਿੰਦੀ ਹੈ, ਉਸ ਲਈ ਨਿੱਗਰ ਪ੍ਰਾਪਤੀਆਂ ਦਾ ਸੰਸਾਰ ਵੀ ਬਣ ਜਾਂਦੀ ਹੈ। ਸੋਚ, ਸਮਝ, ਸਿਆਣਪ, ਸਮਰਪਣ ਅਤੇ ਸੁਹਜ ਸਲੀਕੇ ਦੀ ਤਲਬ ਜਦੋਂ ਬੰਦੇ ਦੀ ਜੀਵਨ-ਜਾਚ ਬਣ ਜਾਂਦੀ ਹੈ ਤਾਂ ਬੰਦੇ ਨੂੰ ਜਿਊਣਾ ਆ ਜਾਂਦਾ ਹੈ। ਉਹ ਆਪਣੇ ਹਰ ਸਾਹ ਨਾਲ ਹੀ ਆਪਣੀ ਜ਼ਿੰਦਗੀ ਨੂੰ ਜਸ਼ਨ ਭਰਪੂਰ ਬਣਾ ਕੇ ਇਸ ਦੀ ਖ਼ੈਰ-ਸੁੱਖ ਵਿੱਚ ਆਨੰਦਤ ਹੋ ਜਾਂਦਾ ਹੈ।
ਤਲਬ ਦਾ ਰੂਪ ਉਮਰ ਨਾਲ ਬਦਲਦਾ ਹੈ। ਹਾਲਤਾਂ ਨਾਲ ਤਬਦੀਲ ਹੁੰਦਾ ਹੈ। ਸਮਾਜਿਕ ਪੱਧਰ, ਹੈਸੀਅਤ, ਰੁਤਬੇ ਅਤੇ ਮਾਣ ਮਰਿਆਦਾ ’ਤੇ ਵੀ ਨਿਰਭਰ ਹੁੰਦਾ ਹੈ। ਤੁਸੀਂ ਕਿਹੜੀ ਤਲਬਗਾਰੀ ਨਾਲ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਖਰਿਆਉਣਾ, ਖ਼ੁਦ ਨੂੰ ਵਿਲੱਖਣ ਦਿਖਾਉਣਾ ਜਾਂ ਆਪਣੇ ਬਿੰਬ ਨੂੰ ਰੁਸ਼ਨਾਉਣਾ ਜਾਂ ਧੁੰਧਲਾਉਣਾ ਹੈ, ਇਹ ਤੁਹਾਡੇ ’ਤੇ ਨਿਰਭਰ ਹੈ। ਤਲਬ ਜਦ ਸਰੀਰਕ ਸੁੱਖ, ਸਬੰਧ, ਲਾਲਸਾ, ਨਿੱਜ-ਪ੍ਰਸਤੀ ਤੀਕ ਸੀਮਤ ਹੋ ਜਾਵੇ ਤਾਂ ਬੰਦਾ ਇਸ ਦੀ ਵਸੀਹਤਾ ਤੋਂ ਅਣਜਾਣ ਹੋ, ਇਸ ਦੇ ਅੰਤਰੀਵੀ ਅਤੇ ਮੀਰੀ ਰੂਪਾਂ ਤੋਂ ਵਿਰਵਾ ਰਹਿ ਜਾਂਦਾ ਹੈ। ਇਸ ਨਾਲ ਮਿਲਣ ਵਾਲੇ ਸਕੂਨ, ਸੰਤੁਸ਼ਟੀ ਅਤੇ ਸਬਰ, ਸੰਤੋਖ ਤੋਂ ਵਿਹੂਣਾ ਹੋ ਜਾਂਦਾ ਹੈ। ਉਹ ਆਪਣੀ ਨੀਚਤਾ ਤੀਕ ਹੀ ਸੀਮਤ ਹੋ ਜਾਂਦਾ ਹੈ। ਅਜਿਹੇ ਵਕਤਾਂ ਵਿੱਚ ਤਾਂ ਤਲਬਗਾਰੀ ਵੀ ਸ਼ਰਮਸਾਰ ਹੋ ਜਾਂਦੀ ਹੈ। ਕਈ ਵਾਰ ਤਾਂ ਇੰਝ ਜਾਪਦਾ;
ਤਲਬ ਤਾਂ ਹੈ
ਪਰ ਪਾਣੀ ਦੀ ਨਹੀਂ
ਸਗੋਂ ਪਿਆਸ ਨੂੰ ਪਿਆਸ ਦਾ
ਹਾਣੀ ਬਣਾਉਣ ਦੀ

ਤਲਬ ਸੁੱਚੀ ਇਬਾਦਤ ਬਣ ਜਾਣ ਦੀ
ਅਤੇ ਜ਼ਿੰਦਗੀ ਦੀ ਸੋਹਣੀ ਆਦਤ ਬਣ ਜਾਣ ਦੀ
ਤਲਬ ਹੈ ਰੂਹੀ ਭਾਵ ਬਣ ਜਾਣ ਦੀ
ਅਤੇ ਮਨ-ਮੌਜ ਦੀ ਉਡਾਣ ਬਣ ਜਾਣ ਦੀ

Advertisement

ਤਲਬ ਹੈ ਅੰਤਰੀਵ ਰੁਸ਼ਨਾਉਣ ਦੀ
ਤੇ ਮਨ ਅੰਬਰ ਨੂੰ ਤਾਰਾ ਬਣ ਕੇ ਚਮਕਾਉਣ ਦੀ
ਤਲਬ ਹੈ ਸਾਂਝੇ ਸੁਪਨਿਆਂ ਦੀ ਫੁਲਕਾਰੀ ਸਜਾਉਣ ਦੀ
ਤੇ ਫ਼ਿਜ਼ਾਵਾਂ ’ਚ ਹਵਾ ਸੰਗ ਲਹਿਰਾਉਣ ਦੀ

ਤਲਬ ਹੈ ਜ਼ਿੰਦਗੀ ਦੀ ਕਿਤਾਬ ਦਾ ਪੰਨਾ ਬਣ ਜਾਣ ਦੀ
ਅਤੇ ਅਰਥਾਂ ਦੇ ਦੀਵੇ ਜਗਾਉਣ ਦੀ
ਤਲਬ ਹੈ ਹਵਾ ਨੂੰ ਮਹਿਕਾਉਣ ਦੀ
ਅਤੇ ਸੱਜਣਾਂ ਦੇ ਗਰਾਂ ਨੂੰ ਸੁਨੇਹਾ ਪਹੁੰਚਾਉਣ ਦੀ

ਤਲਬ ਹੈ ਸਰਘੀ ਦੀ ਕਿਰਨ ਵਰਗਾ ਹੋਣ ਦੀ
ਤੇ ਤਰੇਲ-ਤੁਪਕਿਆਂ ਤੇ ਸਤਰੰਗੀ ਸਜਾਉਣ ਦੀ
ਤਲਬ ਹੈ ਹਸਤ ਰੇਖਾਵਾਂ ਤੇ ਕਿਰਤ ਉਕਰਾਉਣ ਦੀ
ਤੇ ਝੌਂਪੜੀਆਂ ਨੂੰ ਘਰ ਬਣਾਉਣ ਦੀ

ਤਲਬ ਹੈ ਯਾਰ ਦਾ ਇੰਤਜ਼ਾਰ ਹੰਢਾਉਣ ਦੀ
ਅਤੇ ਦਰਾਂ ’ਤੇ ਉਮਰ ਜੇਡ ਉਡੀਕ ਲਿਖਵਾਉਣ ਦੀ
ਤਲਬ ਹੈ ਸ਼ਬਦਾਂ ਦੀ ਇਬਾਰਤ ਬਣ ਜਾਣ ਦੀ
ਜੀਵਨ-ਸਫ਼ੇ ਨੂੰ ਸੂਰਜ ਜੇਹਾ ਬਣਾਉਣ ਦੀ।
ਜਦ ਇਹ ਤਲਬਗਾਰੀ ਪਾਕ ਮਨ ਵਿੱਚੋਂ ਪੁੰਗਰ ਕੇ ਬਾਹਰੀ ਸਫ਼ਰਾਂ ਦੀ ਬਜਾਏ ਅੰਤਰੀਵ ਵੱਲ ਨੂੰ ਸਫ਼ਰ ਆਰੰਭਦੀ ਹੈ, ਰੂਹਦਾਰੀ ਨਾਲ ਪੂਰਨਤਾ ਵੰਨੀ ਅਹੁਲਦੀ ਹੈ ਤਾਂ ਰੋਸ਼ਨ ਹੋਇਆ ਅੰਦਰ ਬੰਦੇ ਨੂੰ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਵੱਲ ਨੂੰ ਤੋਰਦਾ ਹੈ। ਤਲਬਗਾਰੀ ਜਦ ਮੁਹੱਬਤ ਦੀ ਗਲਵੱਕੜੀ ਦਾ ਨਿੱਘ ਲੋਚਣ ਲੱਗ ਪਵੇ ਤਾਂ ਦਿਲਦਾਰ ਦੀ ਨਿੱਘੀ ਮਿਲਣੀ ਲਈ ਤੜਫ਼ਣਾ, ਆਪਣੇ ਵਿੱਚ ਸਮੋਏ ਹੋਣ ਦਾ ਅਹਿਸਾਸ ਹੁੰਦਾ ਹੈ। ਸੱਜਣ ਦੀ ਸੰਗਤ ਦੇ ਚਾਅ ਵਿੱਚ ਘਿਉ ਦੇ ਦੀਵੇ ਜਗਾਵੇ ਤਾਂ ਸਮਝੋ ਕਿ ਤਲਬਗਾਰੀ ਨੇ ਰੂਹਾਨੀ ਮਰਤਬਾ ਪਾ ਲਿਆ ਹੈ। ਬੰਦੇ ਨੇ ਖ਼ੁਦਾ ਨੂੰ ਆਪਣੇ ਵਿੱਚ ਸਮਾ ਲਿਆ ਹੈ। ਮੁਹੱਬਤ ਵਿੱਚ ਪਿਘਲਣਾ ਤਲਬਗਾਰੀ ਦਾ ਸਭ ਤੋਂ ਉੱਤਮ ਰੂਪ ਹੈ ਜਦੋਂ ਰੂਹਾਂ ਅਭੇਦ ਅਤੇ ਅਰੂਪ ਹੁੰਦੀਆਂ ਹਨ। ਇਹੀ ਅਰੂਪਤਾ, ਤਲਬਗਾਰੀ ਨੂੰ ਨਵੇਂ ਅਰਥਾਂ ਦਾ ਮਾਣ ਬਖ਼ਸ਼ਦੀ ਹੈ।
ਤਲਬਗਾਰੀ ਕਦੇ ਚਾਵਾਂ ਦੀ, ਕਦੇ ਮਹਿਕਦੇ ਸਾਹਾਂ ਦੀ ਹੁੰਦੀ ਹੈ। ਕਦੇ ਰੰਗ ਰੱਤੇ ਰਾਹਾਂ ਦੀ ਤੇ ਕਦੇ ਰੁਮਕਦੀਆਂ ਹਵਾਵਾਂ ਦੀ ਹੁੰਦੀ ਹੈ। ਕਦੇ ਵਗਦੇ ਦਰਿਆਵਾਂ ਦੀ ਅਤੇ ਕਦੇ ਪੀਰ ਦੀ ਦਰਗਾਹ ’ਤੇ ਮੰਗੀਆਂ ਦੁਆਵਾਂ ਦੀ। ਕਦੇ ਇਹ ਜੀਵਨ-ਆਸ ਦੀ ਤੇ ਕਦੇ ਮਿਲੇ ਧਰਵਾਸ ਦੀ ਹੁੰਦੀ ਹੈ। ਕਦੇ ਬੁੱਲ੍ਹਾਂ ’ਤੇ ਲਰਜ਼ਦੀ ਪਿਆਸ ਦੀ ਅਤੇ ਕਦੇ ਖ਼ੁਦ ਤੋਂ ਖ਼ੁਦ ਦੇ ਪਰਵਾਸ ਦੀ। ਤਲਬਗਾਰੀ ਦੇ ਬਹੁਤ ਰੰਗ ਤੇ ਰੂਪ ਹਨ। ਯਾਦ ਰਹੇ ਕਿ ਤਲਬ ਉਹ ਹੀ ਪੂਰੀ ਹੁੰਦੀ ਹੈ ਜਿਹੜੀ ਹਰਦਮ ਤੁਹਾਡੇ ਵਿੱਚ ਧੜਕਦੀ, ਤੁਹਾਡੀਆਂ ਅੱਖਾਂ ਸਾਹਵੇਂ ਹਾਜ਼ਰ ਨਾਜ਼ਰ ਹੁੰਦੀ ਹੈ। ਤੁਸੀਂ ਇਸ ਦੇ ਹਾਸਲ ਨੂੰ ਕਿਆਸਦੇ ਹੋਏ ਪ੍ਰਾਪਤੀ ਦਾ ਅਹਿਸਾਸ ਮਨ ਵਿੱਚ ਪੈਦਾ ਕਰਦੇ ਹੋ। ਮਨ ਵਿੱਚ ਪੈਦਾ ਹੋਈ ਸੱਚੀ-ਸੁੱਚੀ ਤਲਬਗਾਰੀ ਨੇ ਪੂਰਨ ਜ਼ਰੂਰ ਹੋਣਾ ਹੁੰਦਾ ਹੈ। ਇਹ ਹੀ ਸਮਿਆਂ ਦਾ ਸਭ ਤੋਂ ਵੱਡਾ ਸੱਚ ਹੈ। ਕੁਝ ਸੱਜਣ ਪਿਆਰੇ ਸ਼ਰਾਬ ਵਰਗੇ ਵੀ ਹੁੰਦੇ ਹਨ ਜਿਨ੍ਹਾਂ ਦੀ ਤਲਬ ਹਰ ਸ਼ਾਮ ਨੂੰ ਮਨ ’ਤੇ ਦਸਤਕ ਦਿੰਦੀ ਹੈ ਅਤੇ ਨਸ਼ਈ ਕਰ ਜਾਂਦੀ ਹੈ। ਜਦੋਂ ਕਿਸੇ ਦੇ ਦਰਸ਼ਨਾਂ ਦੀ ਤਲਬ ਮੂੰਹਜ਼ੋਰ ਹੋ ਜਾਂਦੀ ਹੈ ਤਾਂ ਅੱਖਾਂ ਹਮੇਸ਼ਾ ਮਿੱਤਰ ਦੇ ਰਾਹ ਹੀ ਤੱਕਦੀਆਂ ਹਨ ਕਿਉਂਕਿ ਉਹ ਜਾਣਦੀਆਂ ਹਨ ਕਿ ਰੁੱਤ ਅਤੇ ਸਮਾਂ ਇੱਕ ਦਿਨ ਜ਼ਰੂਰ ਬਦਲੇਗਾ ਅਤੇ ਦਰਸ਼ਨ ਨਸੀਬ ਹੋਣਗੇ।
ਨਦੀਆਂ ਦੀ ਦਰਿਆਵਾਂ ਨੂੰ ਅਤੇ ਦਰਿਆਵਾਂ ਦੀ ਸਮੁੰਦਰ ਨੂੰ ਮਿਲਣ ਦੀ ਤਲਬ ਹੀ ਹੁੰਦੀ ਹੈ ਕਿ ਨਦੀਆਂ, ਦਰਿਆਵਾਂ ਵਿੱਚ ਰਲਣ ਲਈ ਤਤਪਰ ਅਤੇ ਦਰਿਆ, ਸਮੁੰਦਰ ਵਿੱਚ ਸਮਾਉਣ ਲਈ ਕਾਹਲੇ ਹੁੰਦੇ ਹਨ। ਕਈ ਵਾਰ ਜਦੋਂ ਰੂਹਦਾਰ ਨਾਲ ਗੱਲ ਕਰਨ ਦੀ ਤਲਬ ਪੈਦਾ ਹੋਵੇ, ਪਰ ਕੋਈ ਹੁੰਗਾਰਾ ਨਾ ਮਿਲੇ ਤਾਂ ਬੰਦੇ ਦਾ ਚੁੱਪ ਵਿੱਚ ਸਮਾ ਜਾਣਾ ਬਹੁਤ ਹੀ ਸੁਭਾਵਿਕ ਹੁੰਦਾ ਹੈ। ਤਲਬ ਦਾ ਵਾਰ ਵਾਰ ਪੈਦਾ ਹੋਣਾ, ਇਸ ਦੀ ਪੂਰਨਤਾ ਅਤੇ ਅਪੂਰਨਤਾ ਵਿੱਚੋਂ ਜ਼ਿੰਦਗੀ ਦੇ ਰਾਜ਼ਾਂ ਨੂੰ ਸਮਝਣਾ ਅਤੇ ਇਸ ਨੂੰ ਹੀ ਜਿਊਣ ਦਾ ਅੰਦਾਜ਼ ਬਣਾਉਣਾ ਜੀਵਨ ਦਾ ਕੌੜਾ ਸੱਚ ਹੈ। ਆਪਣੇ ਮੁਰਸ਼ਦ ਨੂੰ ਮਿਲਣ ਦੀ ਇਹ ਕੇਹੀ ਤਲਬ ਕਿ ਬੁੱਲੇ ਨੂੰ ਨੱਚ ਕੇ ਯਾਰ ਰਿਝਾਉਣਾ ਪਿਆ, ਮੀਰਾ ਨੇ ਕ੍ਰਿਸ਼ਨ ਨੂੰ ਧਿਆ ਕੇ ਪਾਇਆ। ਤਲਬ ’ਚੋਂ ਪ੍ਰਗਟਿਆ ਪਿਆਰ, ਨੂਰਾਨੀ ਰੂਹਾਂ ਦੀ ਨਿਸ਼ਾਨਦੇਹੀ ਕਰ ਜਾਂਦਾ ਹੈ।
ਤਲਬ, ਤਰਕੀਬਾਂ, ਤਸ਼ਬੀਹਾਂ, ਤਰਜੀਹਾਂ ਤੇ ਤਕਦੀਰਾਂ ਵਿੱਚੋਂ ਆਪਣੀ ਕਿਸਮਤ ਸਿਰਜਦੀ ਅਤੇ ਆਪਣੇ ਮਾਰਗ ਦੀ ਖ਼ੁਦ ਹੀ ਮਾਰਗੀ ਬਣ ਜਾਂਦੀ ਹੈ। ਤਲਬ ਤਾਂ ਪਿੰਜਰੇ ਵਿੱਚ ਕੈਦ ਪਰਿੰਦੇ ਦੀ ਹੁੰਦੀ ਹੈ ਕਿ ਉਹ ਖੁੱਲ੍ਹੇ ਅੰਬਰੀ ਪਰਵਾਜ਼ ਭਰੇ। ਖ਼ਾਲੀ ਆਲ੍ਹਣੇ ਨੂੰ ਹੁੰਦੀ ਹੈ ਕਿ ਉਸ ਵਿੱਚ ਬੋਟ ਚਹਿਚਹਾਉਣ। ਪਤਝੜ ਨਾਲ ਝੰਬੇ ਚਮਨ ਨੂੰ ਹੁੰਦੀ ਹੈ ਕਿ ਬਹਾਰ ਆਵੇ। ਕੋਰੇ ਵਰਕਿਆਂ ਨੂੰ ਹੁੰਦੀ ਹੈ ਕਿ ਕੋਈ ਇਨ੍ਹਾਂ ’ਤੇ ਸ਼ਬਦਕਾਰੀ ਕਰੇ। ਸਮਾਂ ਆਉਣ ’ਤੇ ਇਹ ਤਲਬਗਾਰੀਆਂ ਖ਼ੁਦ ਬ ਖ਼ੁਦ ਪੂਰੀਆਂ ਹੋ ਜਾਂਦੀਆਂ ਹਨ, ਸਿਰਫ਼ ਮਨ ਵਿੱਚ ਧੀਰਜ ਅਤੇ ਧਰਵਾਸ ਹੋਣਾ ਚਾਹੀਦਾ ਹੈ।
ਜਦੋਂ ਮਨ ਵਿੱਚ ਮੁਸਕਰਾਉਣ ਦੀ ਅਤੇ ਆਪੇ ਨੂੰ ਹਸਾਉਣ ਦੀ ਤਲਬ ਪੈਦਾ ਹੁੰਦੀ ਹੈ ਤਾਂ ਜੀਅ ਕਰਦਾ ਹੈ ਕਿ ਜੀਵਨ ਦੇ ਉਦਾਸ ਪਲ ਕੁਝ ਚਿਰ ਲਈ ਪਰਵਾਸ ਕਰ ਜਾਣ ਅਤੇ ਬੰਦਾ ਆਪਣੇ ਹਿੱਸੇ ਦੀ ਜ਼ਿੰਦਗੀ ਜੀਅ ਸਕੇ। ਤਲਬਗਾਰ ਜ਼ਰੂਰ ਹੋਵੋ ਸੂਹੇ ਸਵੇਰਿਆਂ ਦੇ, ਜਗਮਗਾਉਂਦੇ ਬਨੇਰਿਆਂ ਦੇ, ਖੁਰਲੀਆਂ ’ਤੇ ਬੱਝੇ ਲਵੇਰਿਆਂ ਦੇ, ਸ਼ੇਰਾਂ ਵਰਗੇ ਜੇਰਿਆਂ ਦੇ ਅਤੇ ਨੂਰੋ ਨੂਰ ਹੋਏ ਚਿਹਰਿਆਂ ਦੇ। ਤਦ ਤੁਹਾਡੀ ਤਲਬਗਾਰੀ ਨੂੰ ਹਰੇਕ ਸਲਾਮ ਕਰੇਗਾ।
ਸੰਪਰਕ: 216-556-2080

Advertisement