ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਤੋਂ ਹਾਲੇ ਰਾਹਤ ਨਹੀਂ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਨਵੰਬਰ
ਇੱਥੇ ਦਿੱਲੀ ਸਰਕਾਰ ਨੇ ਕੇਂਦਰ ਨੂੰ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਜ਼ਹਿਰੀਲੇ ਪ੍ਰਦੂਸ਼ਣ ਦੇ ਪੱਧਰ ਨੂੰ ਹੇਠਾਂ ਲਿਆਉਣ ਲਈ ਨਕਲੀ ਮੀਂਹ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ। ਕੇਂਦਰ ’ਤੇ ਆਪਣੀਆਂ ਪਹਿਲੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਨਕਲੀ ਮੀਂਹ ਹੁਣ ਸਮੇਂ ਦੀ ਲੋੜ ਹੈ ਅਤੇ ਇਸ ਲਈ ਐਮਰਜੈਂਸੀ ਮੀਟਿੰਗ ਬੁਲਾਈ ਜਾਵੇ।
ਦਿੱਲੀ ਸੂਬੇ ਨੇ ਪਹਿਲਾਂ ਹੀ ਸਕੂਲ ਬੰਦ ਕਰ ਦਿੱਤੇ ਹਨ ਅਤੇ ਪ੍ਰਦੂਸ਼ਣ ਦੇ ਵਾਧੇ ਨੂੰ ਰੋਕਣ ਲਈ ਉਸਾਰੀ ਕਾਰਜ ਬੰਦ ਕਰ ਦਿੱਤੇ ਹਨ। ਪ੍ਰਦੂਸ਼ਣ ਰਾਸ਼ਟਰੀ ਰਾਜਧਾਨੀ ਖੇਤਰ (ਐੰਨਸੀਆਰ) ਦੇ ਕਰੋੜਾਂ ਵਾਸੀਆਂ ਲਈ ਗੰਭੀਰ ਸਿਹਤ ਖ਼ਤਰਾ ਬਣ ਗਿਆ ਹੈ। ਪ੍ਰਦੂਸ਼ਣ ਨੂੰ ਘੱਟ ਕਰਨ ਲਈ ਅਧਿਕਾਰੀ ਨਕਲੀ ਮੀਂਹ ਵਰਗੇ ਉਪਰਾਲਿਆਂ ਦੀ ਖੋਜ ਕਰ ਰਹੇ ਹਨ। ਮਾਹਿਰਾਂ ਮੁਤਾਬਕ ਮੀਂਹ ਨੂੰ ਕਲਾਉਡ ਸੀਡਿੰਗ ਪ੍ਰਕਿਰਿਆ ਰਾਹੀਂ ਨਕਲੀ ਤੌਰ ’ਤੇ ਪਵਾਇਆ ਜਾ ਸਕਦਾ ਹੈ। ਇਸ ਸਬੰਘੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵਾਯੂਮੰਡਲ ਵਿੱਚੋਂ ਪ੍ਰਦੂਸ਼ਕਾਂ ਨੂੰ ਧੋ ਦੇਵੇਗਾ। ਸ੍ਰੀ ਰਾਏ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਪਲੱਸ ਸ਼੍ਰੇਣੀ ਵਿੱਚ ਬਦਲ ਗਈ ਹੈ, ਇਸ ਨੂੰ ਦੇਖਦੇ ਹੋਏ ਮੌਜੂਦਾ ਸਥਿਤੀ ਵਿੱਚ ਇਸ ਵਿਧੀ ਦੀ ਵਰਤੋਂ ’ਤੇ ਤੁਰੰਤ ਵਿਚਾਰ ਕਰਨ ਦੀ ਲੋੜ ਹੈ। ਦਿੱਲੀ ਦੇ ਵਾਤਾਵਰਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਨੂੰ ਇਸ ਮੁੱਦੇ ਨਾਲ ਨਜਿੱਠਣ ਲਈ ਐਮਰਜੈਂਸੀ ਮੀਟਿੰਗ ਲਈ ਕਈ ਪੱਤਰ ਲਿਖੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਦਖ਼ਲਅੰਦਾਜ਼ੀ ਕਰਨ। ਉਨ੍ਹਾਂ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ।
ਸ੍ਰੀ ਰਾਏ ਨੇ ਕਿਹਾ ਕਿ ਨਕਲੀ ਮੀਂਹ ਬਾਰੇ ਪਿਛਲੇ ਸਾਲ ਹੀ ਆਈਆਈਟੀ ਕਾਨਪੁਰ ਨਾਲ ਗੱਲਬਾਤ ਸ਼ੁਰੂ ਹੋ ਗਈ ਸੀ, ਪਰ ਉਨ੍ਹਾਂ ਨੇ ਕੇਂਦਰ ਤੋਂ ਕਈ ਇਜਾਜ਼ਤਾਂ ਦੀ ਲੋੜ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦਿੱਲੀ ਸੂਬੇ ਨੇ ਅਗਸਤ ਤੋਂ ਕੇਂਦਰੀ ਵਾਤਾਵਰਨ ਮੰਤਰੀ ਨੂੰ ਐਮਰਜੈਂਸੀ ਮੀਟਿੰਗ ਲਈ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਲੋੜੀਂਦੀਆਂ ਇਜਾਜ਼ਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਨਾਸਾ ਨੇ ਪੂਰੇ ਉੱਤਰੀ ਭਾਰਤ ’ਚ ਖੇਤਾਂ ਵਿੱਚ ਫੈਲੀ ਅੱਗ ਦੀ ਤਸਵੀਰ ਦਿਖਾਈ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਨਾਸਾ ਦਾ ਫਾਇਰ ਮੈਪ, ਖਾਸ ਤੌਰ ’ਤੇ ਪੰਜਾਬ ਵਿੱਚ ਕੇਂਦਰਿਤ ਖੇਤਾਂ ਵਿੱਚ ਫੈਲੀ ਅੱਗ ਦੀ ਭਿਆਨਕ ਤਸਵੀਰ ਪੇਸ਼ ਕੀਤੀ ਹੈ। ਰਿਸੋਰਸ ਮੈਨੇਜਮੈਂਟ ਸਿਸਟਮ ਰਾਹੀਂ ਇਸਦੇ ਫਾਇਰ ਇਨਫਰਮੇਸ਼ਨ ਤੋਂ ਡੇਟਾ ਦੀ ਵਰਤੋਂ ਕਰਦੇ ਹੋਏ ਨਾਸਾ ਨੇ 375 ਮੀਟਰ ’ਤੇ ਉੱਚ-ਰੈਜ਼ੋਲੂਸ਼ਨ ਫਾਇਰ ਡੇਟਾ ਪੇਸ਼ ਕੀਤਾ ਹੈ, ਜਿਸ ਨਾਲ ਸਰਗਰਮ ਅੱਗਾਂ ਦਾ ਵਧੇਰੇ ਸਹੀ ਪਤਾ ਲਗਾਇਆ ਜਾ ਸਕਦਾ ਹੈ। ਇਹ ਅੱਗਾਂ ਮੁੱਖ ਤੌਰ ’ਤੇ ਪਰਾਲੀ ਸਾੜਨ ਨਾਲ ਜੁੜੀਆਂ ਹੋਈਆਂ ਹਨ। ਇਹ ਧੁਆਂਖੀ ਹਵਾ ਖੇਤਰ ਦੀ ਵਿਗੜ ਰਹੀ ਹਵਾ ਦੀ ਗੁਣਵੱਤਾ ਵਿੱਚ ਯੋਗਦਾਨ ਪਾ ਰਹੀ ਹੈ। ਨਕਸ਼ੇ ਵਿੱਚ ਪੰਜਾਬ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਵਿੱਚ ਅੱਗ ਦੇ ਚਟਾਕ ਦਿਖਾਏ ਹਨ। ਜ਼ਮੀਨੀ ਪੱਧਰ ’ਤੇ ਹਰਿਆਣਾ ਵਿੱਚ ਸੋਮਵਾਰ ਨੂੰ ਪਰਾਲੀ ਸਾੜਨ ਦੇ 36 ਮਾਮਲੇ ਸਾਹਮਣੇ ਆਏ ਜੋ ਕਿ 31 ਅਕਤੂਬਰ ਤੋਂ ਬਾਅਦ ਸਭ ਤੋਂ ਵੱਧ ਹਨ। ਹਾਲਾਂਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਜਿਸ ਵਿੱਚ 2,052 ਮਾਮਲੇ ਸਾਹਮਣੇ ਆਏ ਸਨ ਪਰ ਇਸ ਸਾਲ ਗਿਣਤੀ ਕਾਫ਼ੀ ਘਟੀ ਹੈ। ਉਧਰ, ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ।
ਕੇਂਦਰੀ ਮੰਤਰੀ ਨੇ ਕਦੇ ਮੀਟਿੰਗ ਨਹੀਂ ਬੁਲਾਈ: ਰਾਏ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਵਾਤਾਵਰਨ ਮੰਤਰੀ ਨੂੰ 30 ਅਗਸਤ ਨੂੰ ਪੱਤਰ ਲਿਖਿਆ ਸੀ, ਜਿਸ ਤੋਂ ਬਾਅਦ 10 ਅਤੇ 23 ਅਕਤੂਬਰ ਨੂੰ ਦੋ ਵਾਰ ਇਸ ਬਾਰੇ ਕੋਈ ਜਵਾਬ ਨਹੀਂ ਆਇਆ ਅਤੇ ਨਾ ਹੀ ਕੋਈ ਮੀਟਿੰਗ ਬੁਲਾਈ ਗਈ।