ਭਾਜਪਾ ਜੋ ਕੁਝ ਕਰਦੀ ਹੈ, ਉਸ ਵਿੱਚ ਕੁਝ ਵੀ ਹਿੰਦੂ ਨਹੀਂ: ਰਾਹੁਲ ਗਾਂਧੀ
ਲੰਡਨ, 10 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪੈਰਿਸ ਵਿੱਚ ਵਿਦਿਆਰਥੀਆਂ ਤੇ ਸਿੱਖਿਆ ਸ਼ਾਸਤਰੀਆਂ ਦੇ ਰੂਬਰੂ ਹੁੰਦਿਆਂ ਭਾਜਪਾ ’ਤੇ ਨਿਸ਼ਾਨਾ ਸੇਧਦੇ ਹੋਏ ਕਿਹਾ ਕਿ ਸੱਤਾਧਾਰੀ ਪਾਰਟੀ ਕਿਸੇ ਵੀ ਕੀਮਤ ’ਤੇ ਸੱਤਾ ਹਾਸਲ ਕਰਨ ਲਈ ਤਿਆਰ ਹੈ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਵਿੱਚ ਕੁਝ ਵੀ ਹਿੰਦੂ ਨਹੀਂ ਹੈ। ਪੈਰਿਸ ਵਿੱਚ ਸਾਇੰਸਜ਼ ਪੀਓ ਯੂਨੀਵਰਸਿਟੀ ਵਿੱਚ ਗਾਂਧੀ ਨੇ ਆਪਣੀ ‘ਭਾਰਤ ਜੋੜੋ ਯਾਤਰਾ’, ਭਾਰਤ ਵਿਚ ਜਮਹੂਰੀ ਢਾਂਚਿਆਂ ਨੂੰ ਬਚਾਉਣ ਲਈ ਵਿਰੋਧੀ ਧਿਰਾਂ ਦੇ ਗੱਠਜੋੜ ਵੱਲੋਂ ਲੜੀ ਜਾ ਰਹੀ ਲੜਾਈ, ਆਲਮੀ ਤਬਦੀਲੀ ਤੇ ਹੋਰ ਕਈ ਅਹਿਮ ਵਿਸ਼ਿਆਂ ’ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ‘ਦੇਸ਼ ਦੀ ਰੂਹ’ ਵਾਸਤੇ ਲੜਨ ਲਈ ਵਚਨਬੱਧ ਹੈ ਅਤੇ ਦੇਸ਼ ਮੌਜੂਦਾ ‘ਅਸ਼ਾਂਤੀ’ ਤੋਂ ‘ਸਹੀ ਤਰੀਕੇ ਨਾਲ ਉਭਰ’ ਆਏਗਾ। ਉਨ੍ਹਾਂ ਕਿਹਾ, ‘‘ਮੈਂ ‘ਗੀਤਾ’ ਪੜ੍ਹੀ ਹੈ, ਮੈਂ ਕਈ ਉਪਨਿਸ਼ਦ ਪੜ੍ਹੇ ਹਨ, ਮੈਂ ਬਹੁਤ ਸਾਰੀਆਂ ਹਿੰਦੂ ਕਿਤਾਬਾਂ ਵੀ ਪੜ੍ਹੀਆਂ ਹਨ; ਪਰ ਭਾਜਪਾ ਜੋ ਕਰਦੀ ਹੈ, ਉਸ ਵਿੱਚ ਕੁਝ ਵੀ ਹਿੰਦੂ ਨਹੀਂ ਹੈ, ਬਿਲਕੁਲ ਕੁਝ ਵੀ ਨਹੀਂ ਹੈ।’’-ਪੀਟੀਆਈ