ਅਮਰੀਕਾ ’ਚ ਖ਼ਾਲਿਸਤਾਨੀਆਂ ਦਾ ਕੋਈ ਸਮਰਥਨ ਨਹੀਂ, ਮੋਦੀ ਪੰਜਾਬ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੈਕੇਜ ਦੇਣ: ਜੱਸੀ ਸਿੰਘ
ਵਾਸ਼ਿੰਗਟਨ, 15 ਦਸੰਬਰ
ਉੱਘੇ ਭਾਰਤੀ-ਅਮਰੀਕੀ ਸਿੱਖ ਨੇਤਾ ਨੇ ਕਿਹਾ ਹੈ ਕਿ ਨਾ ਤਾਂ ਸਰਕਾਰ ਅਤੇ ਨਾ ਹੀ ਭਾਈਚਾਰੇ ਦੇ ਲੋਕ ਅਮਰੀਕਾ ਵਿਚ ਖਾਲਿਸਤਾਨੀ ਗਤੀਵਿਧੀਆਂ ਦਾ ਸਮਰਥਨ ਕਰਦੇ ਹਨ। ‘ਸਿੱਖਸ ਆਫ ਅਮਰੀਕਾ’ ਸੰਸਥਾ ਦੇ ਜੱਸੀ ਸਿੰਘ ਨੇ ਨਰਿੰਦਰ ਮੋਦੀ ਸਰਕਾਰ ਨੂੰ ਨੌਜਵਾਨਾਂ ਵਿੱਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਸਮੇਤ ਪੰਜਾਬ ਦੀਆਂ ਕਈ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੈਕੇਜ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਬਹੁਤ ਸਾਰੇ ਸਿੱਖ ਮੁੱਦੇ ਹਨ, ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਵਿੱਚ 1984 ਦੇ ਦੰਗਿਆਂ ਵਿੱਚ ਸਿੱਖਾਂ ਉੱਤੇ ਹੋਏ ਜ਼ੁਲਮ ਵੀ ਸ਼ਾਮਲ ਹਨ। ਕੋਈ ਵੀ ਸਿੱਖ ਇਸ ਨੂੰ ਨਹੀਂ ਭੁੱਲੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਿੱਖਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹਾਲੇ ਵੀ ਬਹੁਤ ਸਾਰੇ ਮਸਲੇ ਹਨ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਅਤੇ ਦੁਨੀਆ ਦੇ ਸਿੱਖ ਭਾਈਚਾਰੇ ਨਾਲ ਸਿੱਧੇ ਤੌਰ 'ਤੇ ਜੁੜਨਾ ਚਾਹੀਦਾ ਹੈ ਨਾ ਕਿ ਵਿਚੋਲਿਆਂ ਰਾਹੀਂ।