ਉੱਤਰੀ ਭਾਰਤ ’ਚ ਅਜੇ ਅਤਿ ਦੀ ਗਰਮੀ ਤੋਂ ਰਾਹਤ ਨਹੀਂ
ਪੋਰਬੰਦਰ/ਨਵੀਂ ਦਿੱਲੀ, 16 ਜੂਨ
ਭਾਰਤੀ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ 17 ਤੋਂ 20 ਜੂਨ ਤੱਕ ਭਿਆਨਕ ਗਰਮੀ ਪੈਣ ਤੇ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਵੀ ਤੇਜ਼ ਗਰਮੀ ਪੈਣ ਦੀ ਵੀ ਸੰਭਾਵਨਾ ਜ਼ਾਹਿਰ ਕੀਤੀ ਹੈ।
ਮੌਸਮ ਵਿਭਾਗ ਨੇ ਦੱਸਿਆ ਕਿ 17 ਤੋਂ 20 ਜੂਨ ਵਿਚਾਲੇ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ ਦੇ ਬਹੁਤੇ ਹਿੱਸਿਆਂ ਅਤੇ ਜੰਮੂ ਡਿਵੀਜ਼ਨ, ਹਿਮਾਚਲ ਪ੍ਰਦੇਸ਼, ਪੰਜਾਬ, ਰਾਜਸਥਾਨ, ਬਿਹਾਰ ਤੇ ਝਾਰਖੰਡ ਦੇ ਕੁਝ ਹਿੱਸਿਆਂ ’ਚ ਭਿਆਨਕ ਗਰਮੀ ਪੈਣ ਤੇ ਲੂ ਚੱਲਣ ਦੀ ਸੰਭਾਵਨਾ ਹੈ। ਇਸੇ ਦੌਰਾਨ ਕੌਮੀ ਰਾਜਧਾਨੀ ਦਿੱਲੀ ’ਚ ਅੱਜ ਵੱਧ ਤੋਂ ਵੱਧ ਤਾਪਮਾਨ 44.9 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ ਛੇ ਡਿਗਰੀ ਵੱਧ ਰਿਹਾ। ਇਸੇ ਤਰ੍ਹਾਂ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 33.2 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 5.7 ਡਿਗਰੀ ਵੱਧ ਰਿਹਾ। ਮੌਸਮ ਵਿਭਾਗ ਨੇ 17 ਜੂਨ ਨੂੰ ਆਸਮਾਨ ਸਾਫ ਰਹਿਣ ਅਤੇ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।
ਦੂਜੇ ਪਾਸੇ ਅੱਜ ਗੁਜਰਾਤ ਦੇ ਪੋਰਬੰਦਰ ਸ਼ਹਿਰ ਦੇ ਹਿੱਸਿਆਂ ’ਚ ਭਾਰੀ ਮੀਂਹ ਪਿਆ ਜਿਸ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਨੇ ਪੱਛਮੀ ਬੰਗਾਲ ਅਤੇ ਸਿੱਕਮ ’ਚ 17 ਤੋਂ 20 ਜੂਨ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸੇ ਦੌਰਾਨ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ ’ਚ ਵੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। -ਏਐੱਨਆਈ/ਪੀਟੀਆਈ