For the best experience, open
https://m.punjabitribuneonline.com
on your mobile browser.
Advertisement

ਦੇਸ਼ ਵਿੱਚ ਭ੍ਰਿਸ਼ਟਾਚਾਰ, ਜਾਤੀਵਾਦ ਤੇ ਫਿਰਕੂਵਾਦ ਲਈ ਕੋਈ ਥਾਂ ਨਹੀਂ: ਮੋਦੀ

07:06 AM Sep 04, 2023 IST
ਦੇਸ਼ ਵਿੱਚ ਭ੍ਰਿਸ਼ਟਾਚਾਰ  ਜਾਤੀਵਾਦ ਤੇ ਫਿਰਕੂਵਾਦ ਲਈ ਕੋਈ ਥਾਂ ਨਹੀਂ  ਮੋਦੀ
ਇੰਟਰਵਿਊ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੀਟੀਆਈ ਦੇ ਮੁੱਖ ਸੰਪਾਦਕ ਵਿਜੈ ਜੋਸ਼ੀ (ਖੱਬੇ) ਤੇ ਦੋ ਸੀਨੀਅਰ ਸੰਪਾਦਕ ਸੰਗੀਤਾ ਤਿਵਾੜੀ ਤੇ ਨਿਰਮਲ ਪਾਠਕ। -ਫੋਟੋ: ਪੀਟੀਆਈ
Advertisement

* ਭਾਰਤ ਦੇ 2047 ਤੱਕ ਵਿਕਸਤ ਮੁਲਕ ਬਣਨ ਦੀ ਪੇਸ਼ੀਨਗੋਈ
* ਦੇਸ਼ ਦੇ ਆਰਥਿਕ ਵਿਕਾਸ ਨੂੰ 9 ਸਾਲਾਂ ਦੀ ਸਥਿਰ ਸਰਕਾਰ ਦੀ ‘ਕੁਦਰਤੀ ਪੈਦਾਵਾਰ’ ਦੱਸਿਆ
* ਮਹਿੰਗਾਈ ਨੂੰ ਲੈ ਕੇ ਆਰਬੀਆਈ ਦੀਆਂ ਨੀਤੀਆਂ ਬਾਰੇ ਸਮੇਂ ਸਿਰ ਤੇ ਸਪਸ਼ਟ ਸੰਚਾਰ ਦੀ ਲੋੜ ’ਤੇ ਜ਼ੋਰ

Advertisement

ਨਵੀਂ ਦਿੱਲੀ, 3 ਸਤੰਬਰ
ਅਗਲੇ ਹਫ਼ਤੇ ਜੀ20 ਸਿਖਰ ਵਾਰਤਾ ਵਿੱਚ ਆਲਮੀ ਆਗੂਆਂ ਦੀ ਮੇਜ਼ਬਾਨੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਆਰਥਿਕ ਵਿਕਾਸ ਉਨ੍ਹਾਂ ਦੀ 9 ਸਾਲਾਂ ਦੀ ਸਿਆਸੀ ਤੌਰ ’ਤੇ ਸਥਿਰ ਸਰਕਾਰ ਦੀ ‘ਕੁਦਰਤੀ ਪੈਦਾਵਾਰ’ ਹੈ। ਸ੍ਰੀ ਮੋਦੀ ਨੇ ਆਸ ਜਤਾਈ ਕਿ ਭਾਰਤ 2047 ਤੱਕ ‘ਵਿਕਸਤ ਮੁਲਕ’ ਬਣ ਜਾਵੇਗਾ ਅਤੇ ‘ਭ੍ਰਿਸ਼ਟਾਚਾਰ, ਜਾਤੀਵਾਦ ਤੇ ਫਿਰਕੂਵਾਦ’ ਲਈ ਸਾਡੇ ਕੌਮੀ ਜੀਵਨ ’ਚ ਕੋਈ ਥਾਂ ਨਹੀਂ ਹੋਵੇਗੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਕਦੇ ਇਕ ਅਰਬ ਭੁੱਖੇ ਢਿੱਡਾਂ ਦਾ ਦੇੇਸ਼ ਸਮਝਿਆ ਜਾਂਦਾ ਸੀ, ਪਰ ਹੁਣ ਇਸ ਨੂੰ 200 ਕਰੋੜ ਤੋਂ ਵੱਧ ਹੁਨਰਮੰਦ ਹੱਥਾਂ ਅਤੇ ਕਰੋੜਾਂ ਨੌਜਵਾਨਾਂ ਦੇ ਦੇਸ਼ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਵਿਕਾਸ ਦਰ ਦੇ ਆਕਾਰ ਦੀ ਬਜਾਏ, ਹਰੇਕ ਦੀ ਆਵਾਜ਼ ਮਾਇਨੇ ਰੱਖਦੀ ਹੈ।’
ਇਥੇ ਲੋਕ ਕਲਿਆਣ ਮਾਰਗ ਸਥਿਤ ਆਪਣੀ ਰਿਹਾਇਸ਼ ਵਿਖੇ ਪੀਟੀਆਈ ਨੂੰ ਪਿਛਲੇ ਹਫ਼ਤੇ ਦਿੱਤੀ ਵਿਸ਼ੇਸ਼ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨੇ ਕੇਂਦਰੀ ਬੈਂਕ ਦੀਆਂ ਨੀਤੀਆਂ ਬਾਰੇ ਸਮੇਂ ਸਿਰ ਤੇ ਸਪਸ਼ਟ ਸੰਚਾਰ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਰੇਕ ਮੁਲਕ ਮਹਿੰਗਾਈ ਖਿਲਾਫ਼ ਆਪਣੀ ਲੜਾਈ ਲਈ ਨੀਤੀਆਂ ਨਿਰਧਾਰਿਤ ਕਰਨ ਮੌਕੇ ਧਿਆਨ ਰੱਖੇ ਕਿ ਇਸ ਦਾ ਹੋਰਨਾਂ ਮੁਲਕਾਂ ’ਤੇ ਨਕਾਰਾਤਮਕ ਅਸਰ ਨਾ ਪਏ।
ਸ੍ਰੀ ਮੋਦੀ ਨੇ ਕਿਹਾ ਕਿ ਵਿਸ਼ਵ ਦੇ ਸਭ ਤੋਂ ਉੱਨਤ ਅਰਥਚਾਰਿਆਂ ਨੂੰ ਅੱਜ ਜਿੱਥੇ ਆਰਥਿਕ ਮੰਦੀ, ਲੰਮੇ ਸਮੇਂ ਤੋਂ ਚੱਲਦੀਆਂ ਘਾਟਾਂ, ਮਹਿੰਗਾਈ ਤੇ ਉਮਰ-ਦਰਾਜ਼ ਆਬਾਦੀ ਜਿਹੀਆਂ ਚੁਣੌਤੀਆਂ ਦਰਪੇਸ਼ ਹਨ, ਉਥੇ ਭਾਰਤ ਨੌਜਵਾਨਾਂ ਦੀ ਸਭ ਤੋਂ ਵੱਡੀ ਆਬਾਦੀ ਦੇ ਸਿਰ ’ਤੇ ਤੇਜ਼ੀ ਨਾਲ ਅੱਗੇ ਵਧਦਾ ਅਰਥਚਾਰਾ ਹੈ।
ਉਨ੍ਹਾਂ ਕਿਹਾ, ‘‘ਵਿਸ਼ਵ ਦੇੇ ਇਤਿਹਾਸ ਵਿੱਚ ਭਾਰਤ ਕਦੇ ਸਿਖਰਲੇ ਅਰਥਚਾਰਿਆਂ ਵਿਚੋਂ ਇਕ ਸੀ। ਮਗਰੋਂ ਬਸਤੀਵਾਦ ਦੇ ਵੱਖ-ਵੱਖ ਤਰ੍ਹਾਂ ਦੇ ਅਸਰਾਂ ਕਰਕੇ ਆਲਮੀ ਪੱਧਰ ’ਤੇ ਸਾਡੀਆਂ ਪੈੜਾਂ ਘਟਦੀਆਂ ਗਈਆਂ। ਪਰ ਹੁਣ, ਭਾਰਤ ਇਕ ਵਾਰ ਮੁੜ ਬੁਲੰਦੀਆਂ ’ਤੇ ਹੈ। ਇਕ ਦਹਾਕੇ ਤੋਂ ਵੀ ਘੱਟ ਸਮੇਂ ’ਚ ਜਿਸ ਰਫ਼ਤਾਰ ਨਾਲ ਅਸੀਂ ਦਸਵੇਂ ਸਭ ਤੋਂ ਵੱਡੇ ਅਰਥਚਾਰੇ ਤੋਂ ਪੰਜਵੇਂ ਸਥਾਨ ’ਤੇ ਪਹੁੰਚੇ ਹਾਂ, ਉਸ ਨੇ ਇਹ ਸੁਨੇਹਾ ਦਿੱਤਾ ਹੈ ਕਿ ਭਾਰਤ ਦਾ ਮਤਲਬ ਕਾਰੋਬਾਰ ਹੈ।’’
ਜਮਹੂਰੀਅਤ (ਡੈਮੋਕਰੈਸੀ), ਜਨ ਅੰਕੜਾ ਵਿਗਿਆਨ (ਡੈਮੋਗਰਾਫ਼ੀ) ਤੇ ਵੰਨ-ਸੁਵੰਨਤਾ (ਡਾਇਵਰਸਿਟੀ) ਦੇ ਤਿੰਨ ‘ਡੀ’ਜ਼’ ਵਿੱਚ ਵਿਕਾਸ (ਡਿਵੈਲਪਮੈਂਟ) ਦਾ ਚੌਥਾ ‘ਡੀ’ ਜੋੜਦਿਆਂ ਸ੍ਰੀ ਮੋਦੀ ਨੇ ਕਿਹਾ ਕਿ 2047 ਤੱਕ ਦਾ ਅਰਸਾ ਬਹੁਤ ਵੱਡਾ ਮੌਕਾ ਹੈ ਅਤੇ ‘ਭਾਰਤੀ, ਜੋ ਇਸ ਯੁੱਗ ਵਿੱਚ ਰਹਿ ਰਹੇ ਹਨ, ਲਈ ਵਿਕਾਸ ਦੀ ਅਜਿਹੀ ਨੀਂਹ ਰੱਖਣ ਦਾ ਮੌਕਾ ਹੈ, ਜਿਸ ਨੂੰ ਅਗਲੇ ਹਜ਼ਾਰ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ।’’ ਭਾਰਤ 3.39 ਖਰਬ ਦੀ ਜੀਡੀਪੀ ਨਾਲ ਅਮਰੀਕਾ, ਚੀਨ, ਜਾਪਾਨ ਤੇ ਜਰਮਨੀ ਮਗਰੋਂ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਹੈ। ਭਾਰਤ 31 ਮਾਰਚ 2022 ਨੂੰ ਖ਼ਤਮ ਹੋਏ ਵਿੱਤੀ ਸਾਲ ਵਿੱਚ ਯੂਕੇ ਨੂੰ ਪਛਾੜ ਕੇ ਪੰਜਵੇਂ ਸਥਾਨ ’ਤੇ ਪੁੱਜਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇ ਤਿੰਨ ਦਹਾਕਿਆਂ ਵਿੱਚ ਦੇਸ਼ ਨੇ ਕਈ ਅਸਥਿਰ ਸਰਕਾਰਾਂ ਦੇਖੀਆਂ ਤੇ ਸਿੱਟੇ ਵਜੋੋਂ ਬਹੁਤਾ ਕੁਝ ਨਹੀਂ ਹੋ ਸਕਿਆ। ਸ੍ਰੀ ਮੋਦੀ ਨੇ ਕਿਹਾ, ‘‘ਪਰ ਪਿਛਲੇ ਕੁਝ ਸਾਲਾਂ ਵਿੱਚ ਲੋਕਾਂ ਨੇ (ਭਾਜਪਾ ਨੂੰ) ਫੈਸਲਾਕੁਨ ਫਤਵਾ ਦਿੱਤਾ ਹੈ, ਜਿਸ ਕਰਕੇ ਕੇਂਦਰ ਵਿੱਚ ਸਥਿਰ ਸਰਕਾਰ ਬਣੀ। ਭਵਿੱਖਮੁਖੀ ਨੀਤੀਆਂ ਬਣੀਆਂ ਤੇ ਦਿਸ਼ਾ ਨੂੰ ਲੈ ਕੇ ਸਪਸ਼ਟਤਾ ਆਈ।’’
ਉਨ੍ਹਾਂ ਕਿਹਾ, ‘‘ਇਹੀ ਸਥਿਰਤਾ ਪਿਛਲੇ ਨੌਂ ਸਾਲਾਂ ਵਿਚ ਅਰਥਚਾਰੇ, ਸਿੱਖਿਆ, ਫਾਇਨਾਂਸ ਸੈਕਟਰ, ਬੈਂਕ, ਡਿਜੀਟਲਾਈਜ਼ੇਸ਼ਨ, ਭਲਾਈ ਤੇ ਸਮਾਜਿਕ ਸੈਕਟਰਾਂ ਵਿਚ ਸੁਧਾਰ ਲਿਆਉਣ ਦਾ ਕਾਰਨ ਬਣੀ। ਇਸ ਨੇ ਮਜ਼ਬੂਤ ਨੀਂਹ ਰੱਖੀ, ਅਤੇ ‘ਇਹ ਵਿਕਾਸ ਕੁਦਰਤੀ ਉਤਪਾਦ’ ਹੈ।’’
ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਕੀਤੇ ਤੇਜ਼ ਰਫ਼ਤਾਰ ਤੇ ਟਿਕਾਊ ਵਿਕਾਸ ਕਰਕੇ ਕੁੱਲ ਆਲਮ ਦੀ ਦਿਲਚਸਪੀ ਵਧੀ ਤੇ ਕਈ ਦੇਸ਼ ‘ਸਾਡੇ ਵਿਕਾਸ ਦੀ ਗਾਥਾ ਨੂੰ ਨੇੜਿਓਂ ਵੇਖ ਰਹੇ ਹਨ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿੰਗਾਈ ਅਹਿਮ ਮਸਲਾ ਹੈ, ਜੋ ਕੁੱਲ ਆਲਮ ਨੂੰ ਦਰਪੇਸ਼ ਹੈ। ਉਨ੍ਹਾਂ ਕਿਹਾ, ‘‘ਜੀ-20 ਦੀ ਆਪਣੀ ਪ੍ਰਧਾਨਗੀ ਦੌਰਾਨ ਅਸੀਂ ਜੀ-20 ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕ ਦੇ ਗਵਰਨਰਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ। ਕੇਂਦਰੀ ਬੈਂਕਾਂ ਵੱਲੋਂ ਆਪਣੀਆਂ ਨੀਤੀਆਂ ਬਾਰੇ ਸਮੇਂ ਸਿਰ ਤੇ ਸਪਸ਼ਟ ਸੰਚਾਰ ਅਹਿਮ ਹੈ। ਇਸ ਨਾਲ ਯਕੀਨੀ ਬਣ ਸਕਦਾ ਹੈ ਕਿ ਮਹਿੰਗਾਈ ਦੇ ਟਾਕਰੇ ਲਈ ਹਰੇਕ ਮੁਲਕ ਵੱਲੋਂ ਨਿਰਧਾਰਿਤ ਨੀਤੀਆਂ ਨਾਲ ਹੋਰਨਾਂ ਮੁਲਕਾਂ ਨੂੰ ਨਕਾਰਾਤਮਕ ਸਿੱਟੇ ਨਾ ਭੁਗਤਣੇ ਪੈਣ।’’ -ਪੀਟੀਆਈ

ਮੋਦੀ ਦੀ ਇੰਟਰਵਿਊ ਨੂੰ ਲੈ ਕੇ ਭਾਜਪਾ ਤੇ ਵਿਰੋਧੀ ਧਿਰਾਂ ਮਿਹਣੋ-ਮਿਹਣੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੀਟੀਆਈ ਨੂੰ ਦਿੱਤੀ ਇੰਟਰਵਿਊ ਦੌਰਾਨ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਭਾਜਪਾ ਤੇ ਵਿਰੋਧੀ ਧਿਰਾਂ ਆਹਮੋ-ਸਾਹਮਣੇ ਆ ਗਈਆਂ ਹਨ। ਭਾਜਪਾ ਆਗੂਆਂ ਨੇ ਜਿੱਥੇ ਦੇਸ਼ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਵਡਿਆਇਆ, ਉਥੇ ਇੰਡੀਆ ਗੱਠਜੋੜ ’ਚ ਸ਼ਾਮਲ ਪਾਰਟੀਆਂ ਨੇ ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਲੈ ਕੇ ਸਵਾਲ ਚੁੱਕੇ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ, ‘‘ਕਿਸੇ ਨੂੰ ਵੀ ਇਸ ਗੱਲ ’ਤੇ ਭੋਰਾ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ 9 ਸਾਲ ਤੇ ਭਾਰਤ ਦੀ ਜੀ-20 ਪ੍ਰਧਾਨਗੀ.... ਆਲਮੀ ਪੱਧਰ ’ਤੇ ਦੇਸ਼ ਦੇ ਉਭਾਰ ਵਿੱਚ ਵੱਡੇ ਮੀਲ ਪੱਥਰ ਹਨ।’’ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਪੀਐੱਮ ਮੋਦੀ ਨੇ ਹੁਨਰ ਦੇ ਪੂਲ ਨੂੰ 140 ਕਰੋੜ ਲੋਕਾਂ ਦੇ ਉਭਰਦੇ ਮੁਲਕ ਦੇ ਨਫ਼ੇ ਵਜੋਂ ਤਬਦੀਲ ਕੀਤਾ ਹੈ। ਉਧਰ ਕਾਂਗਰਸ ਦੀ ਸੰਸਦ ਮੈਂਬਰ ਰਣਜੀਤ ਰੰਜਨ ਨੇ ਕਿਹਾ ਕਿ ਜੀ20 ਸਿਖਰ ਵਾਰਤਾ ਲਈ ਸੜਕਾਂ ਦਾ ਸੁੰਦਰੀਕਰਨ ਕੀਤਾ ਗਿਆ, ਪਰ ਨੌਜਵਾਨ ‘ਰੁਜ਼ਗਾਰ ਬਾਰੇ ਪੁੱਛ ਰਿਹੈ।’’ ਉਨ੍ਹਾਂ ਕਿਹਾ, ‘‘ਲੋਕ ਘੁਟਾਲਿਆਂ ਤੇ ਮਹਿੰਗਾਈ ਬਾਰੇ ਜਵਾਬ ਚਾਹੁੰਦੇ ਹਨ।’’ ‘ਆਪ’ ਦੇ ਸੰਜੈ ਸਿੰਘ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਵਿੱਚ ਬੇਰੁਜ਼ਗਾਰੀ ਪਿਛਲੇ 42 ਸਾਲਾਂ ਦੀ ਸਿਖਰ ’ਤੇ ਹੈ ਅਤੇ ਤੇਲ ਕੀਮਤਾਂ ਤੇ ਦਵਾਈਆਂ ਦੇ ਭਾਅ ਵਿੱਚ ਵੀ ਇਜ਼ਾਫ਼ਾ ਹੋਇਆ ਹੈ। ਕਾਂਗਰਸ ਆਗੂ ਸ਼ੋਭਾ ਓਜ਼ਾ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਭਾਜਪਾ ਸਰਕਾਰ ਦੌਰਾਨ ਮਹਿੰਗਾਈ ਤੇ ਬੇਰੁਜ਼ਗਾਰੀ ਕਰਕੇ ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਮਹਿਲਾਵਾਂ, ਦਲਿਤਾਂ ਤੇ ਆਦਿਵਾਸੀਆਂ ਨੂੰ ਜ਼ੁਲਮ ਵਧੇ ਹਨ।
ਡੀਐੱਮਕੇ ਆਗੂ ਟੀ.ਕੇ.ਐੱਸ ਇਲਾਨਗੋਵਨ ਨੇ ਕਿਹਾ ਕਿ ਮੌਜੂਦਾ ਸਮੇਂ ਕੋਈ ਸਿਆਸੀ ਸਥਿਰਤਾ ਨਹੀਂ। ਆਰਜੇਡੀ ਸੰਸਦ ਮੈਂਬਰ ਤੇ ਤਰਜਮਾਨ ਮਨੋਜ ਝਾਅ ਨੇ ਕਿਹਾ, ‘‘ਜੇਕਰ ਫ਼ਰਜ਼ੀ ਖ਼ਬਰਾਂ ਨੂੰ ਨੱਥ ਪੈ ਜਾਵੇ ਤਾਂ ਭਾਜਪਾ ਸਰਕਾਰ ਤਾਸ਼ ਦੇ ਪੱਤਿਆਂ ਵਾਂਗ ਖਿੰਡ ਜਾਵੇਗੀ।’’
ਜੰਮੂ ਕਸ਼ਮੀਰ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਾਰ ਰਸੂਲ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਕੋਈ ਸਕਾਰਾਤਮਕ ਤਬਦੀਲੀ ਨਹੀਂ ਆਈ ਤੇ ਮਹਿੰਗਾਈ ਤੇ ਬੇਰੁਜ਼ਗਾਰੀ ਹੀ ਵਧੀ। ਭਾਜਪਾ ਆਗੂ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਰਿਪੋਰਟ ਕਾਰਡ ਮਜ਼ਬੂਤ ਹੈ ਤੇ ਉਨ੍ਹਾਂ ਅਗਲੇ 40-50 ਸਾਲਾਂ ਦਾ ਦ੍ਰਿਸ਼ਟੀਕੋਣ ਰੱਖਿਆ ਹੈ।
ਭਾਜਪਾ ਸੰਸਦ ਮੈਂਬਰ ਸੁਬ੍ਰਤ ਪਾਠਕ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਅਗਲੇ 25-50 ਸਾਲਾਂ ਦੇ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੇ ਹਨ। ਭਾਰਤ ਜਦੋਂ 2047 ਵਿੱਚ ਆਜ਼ਾਦੀ ਦੇ ਸੌ ਸਾਲ ਪੂਰੇ ਕਰੇਗਾ ਤਾਂ ਭਾਰਤ ਉਦੋਂ ਵਿਕਸਤ ਤੇ ਸਵੈ-ਨਿਰਭਰ ਮੁਲਕ ਹੋਵੇਗਾ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×