ਮਾਂ ਗੁਜਰੀ ਦੇ ਲਾਲ ਜਿਹਾ, ਲਾਲ ਨਹੀਂ ਕੋਈ ਲੱਭਣਾ...
ਜਸਵਿੰਦਰ ਸਿੰਘ ਰੁਪਾਲ
ਕੈਲਗਰੀ:
ਈ ਦੀਵਾਨ ਸੁਸਾਇਟੀ, ਕੈਲਗਰੀ ਵੱਲੋਂ ਆਪਣੇ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨ ਔਨਲਾਈਨ ਸ਼ਾਮਲ ਹੋਏ। ਇਹ ਸੁਸਾਇਟੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਹੋਈ ਕਵੀ ਦਰਬਾਰਾਂ ਦੀ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।
ਸਭ ਤੋਂ ਪਹਿਲਾਂ ਸੁਸਾਇਟੀ ਦੇ ਸੰਸਥਾਪਕ ਬਲਰਾਜ ਸਿੰਘ ਨੇ ਸਭ ਨੂੰ ‘ਜੀ ਆਇਆਂ’ ਆਖਦਿਆਂ ਕਵੀ ਦਰਬਾਰ ਦੇ ਮਕਸਦ ’ਤੇ ਚਾਨਣਾ ਪਾਇਆ। ਪ੍ਰੋਗਰਾਮ ਦਾ ਆਰੰਭ ਟੋਰਾਂਟੋ ਅਤੇ ਭਾਰਤ ਤੋਂ ਜੁੜੀ ਸੰਗਤ ਵੱਲੋਂ ਗਾਇਨ ਕੀਤੇ ਸ਼ਬਦਾਂ ਨਾਲ ਹੋਇਆ। ਕਵੀ ਦਰਬਾਰ ਦੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆ ਗੁਰਦੀਸ਼ ਕੌਰ ਗਰੇਵਾਲ ਅਤੇ ਸੁਜਾਨ ਸਿੰਘ ਸੁਜਾਨ ਨੇ ਕਵੀਆਂ ਦੀ ਜਾਣ ਪਛਾਣ ਕਰਾਉਣ ਉਪਰੰਤ ਸਭ ਨੂੰ ਵਾਰੀ ਵਾਰੀ ਮੰਚ ’ਤੇ ਆਉਣ ਦਾ ਸੱਦਾ ਦਿੱਤਾ।
ਸ਼ੁਰੂ ਵਿੱਚ ਬੁਤਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਏ ਗਾਇਕ ਬਲਕਾਰ ਸਿੰਘ ਬੱਲ ਨੇ ਗੀਤ ‘ਜੋਤ ਨੂਰਾਨੀ’ ਗਾਇਆ। ਅੰਬਾਲਾ ਤੋਂ ਪੰਥਕ ਸ਼ਾਇਰ ਗੁਰਚਰਨ ਸਿੰਘ ਜੋਗੀ ਨੇ ਆਪਣੀ ਲਿਖੀ ਬੇਦਾਵਾ ਕਵਿਤਾ ਰਾਹੀਂ ਇਤਿਹਾਸਕ ਘਟਨਾ ਦਾ ਬਾਖੂਬੀ ਦ੍ਰਿਸ਼ ਵਰਣਨ ਕੀਤਾ। ਟੋਰਾਂਟੋ ਤੋਂ ਸ਼ਾਇਰ ਪਿਆਰਾ ਸਿੰਘ ਕੁੱਦੋਵਾਲ ਨੇ ਆਪਣੀ ਰਚਨਾ ‘ਉੱਠੋ ਸੰਤੋ ਬਣੋ ਸਿਪਾਹੀ’ ਬੁਲੰਦ ਆਵਾਜ਼ ਵਿੱਚ ਸੰਗਤ ਨਾਲ ਸਾਂਝੀ ਕੀਤੀ। ਇੱਥੋਂ ਦੇ ਹੀ ਸੁੰਦਰਪਾਲ ਕੌਰ ਰਾਜਾਸਾਂਸੀ ਨੇ ‘ਟੁੱਟੀ ਗੰਢ ਕੇ ਦਾਤਿਆ ਮੇਰੀ’ ਕਵਿਤਾ ਰਾਹੀਂ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਯਾਦ ਕੀਤਾ। ਐਡਮੰਟਨ ਤੋਂ ਨੌਜਵਾਨ ਗੀਤਕਾਰ ਭੁਪਿੰਦਰਪਾਲ ਸਿੰਘ ਰੰਧਾਵਾ ਨੇ ‘ਮਾਂ ਗੁਜਰੀ ਦੇ ਲਾਲ ਜਿਹਾ, ਲਾਲ ਨਹੀਂ ਕੋਈ ਲੱਭਣਾ’ ਆਪਣੇ ਵੱਖਰੇ ਅੰਦਾਜ਼ ਵਿੱਚ ਗਾਇਆ। ਕੈਲਗਰੀ ਦੇ ਉੱਭਰਦੇ ਸ਼ਾਇਰ ਅਮਨਪ੍ਰੀਤ ਸਿੰਘ ਦੁਲੱਟ ਦੀ ਸਿੱਖ ਇਤਿਹਾਸ ਨੂੰ ਬਿਆਨ ਕਰਦੀ ਹੋਈ ਕਵੀਸ਼ਰੀ ‘ਦਸਵੇਂ ਗੁਰਾਂ ਦੀ ਪਾਵਾਂ ਬਾਤ ਸੰਗਤੇ’ ਨੂੰ ਉਨ੍ਹਾਂ ਦੇ ਮਾਤਾ ਗੁਰਨਾਮ ਕੌਰ ਨੇ ਸੰਗਤ ਨਾਲ ਸਾਂਝਾ ਕੀਤਾ।
ਮੇਜ਼ਬਾਨ ਗੁਰਦੀਸ਼ ਕੌਰ ਨੇ ਵੀ ਆਪਣੀ ਬੈਂਤ ਛੰਦ ਵਿੱਚ ਲਿਖੀ ਰਚਨਾ ‘ਸਰਬੰਸ ਦਾਨੀ’ ਸੁਣਾ ਕੇ ਵਾਹਵਾ ਖੱਟੀ, ਜਦੋਂ ਕਿ ਟੋਰਾਂਟੋ ਤੋਂ ਸ਼ਾਇਰ ਸੁਜਾਨ ਸਿੰਘ ਸੁਜਾਨ ਨੇ ਦਸਮੇਸ਼ ਪਿਤਾ ਦੀ ਲਾਸਾਨੀ ਸ਼ਖ਼ਸੀਅਤ ਨੂੰ ਬਿਆਨ ਕਰਦੀ ਹੋਈ ਕਵਿਤਾ ਸੁਣਾ ਕੇ ਕਵੀ ਦਰਬਾਰ ਨੂੰ ਸਿਖਰ ਵੱਲ ਤੋਰਿਆ। ਅੰਤ ਵਿੱਚ ਡਾਕਟਰ ਸੁਰਜੀਤ ਸਿੰਘ ਭੱਟੀ ਨੇ ਸਮੂਹ ਕਵੀਆਂ ਦਾ ਧੰਨਵਾਦ ਕਰਦੇ ਹੋਏ, ਸੁਸਾਇਟੀ ਦੇ ਮੈਗਜ਼ੀਨ ‘ਸਾਂਝੀ ਵਿਰਾਸਤ’ ਲਈ ਵੀ ਰਚਨਾਵਾਂ ਲਿਖਤੀ ਰੂਪ ਵਿੱਚ ਭੇਜਣ ਲਈ ਬੇਨਤੀ ਕੀਤੀ।