ਸੁਰੱਖਿਆ ’ਚ ਕੋਈ ਕੋਤਾਹੀ ਨਹੀਂ, ਢੁੱਕਵਾਂ ਜਵਾਬ ਦਿੱਤਾ ਜਾ ਰਿਹੈ: ਰਾਜਨਾਥ
ਕਾਨਪੁਰ, 2 ਨਵੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ’ਚ ਹਾਲੀਆ ਦਹਿਸ਼ਤੀ ਹਮਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਅੱਜ ਆਖਿਆ ਕਿ ਸੁਰੱਖਿਆ ’ਚ ਕੋਈ ਵੀ ਕੋਤਾਹੀ ਨਹੀਂ ਹੈ ਅਤੇ ਸੁਰੱਖਿਆ ਬਲ ਦਹਿਸ਼ਤਗਰਦਾਂ ਨੂੰ ਢੁੱਕਵਾਂ ਜਵਾਬ ਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਦੇ ਮੁਕਾਬਲੇ ਹੁਣ ਵਾਦੀ ’ਚ ਹਮਲਿਆਂ ਦੀ ਗਿਣਤੀ ਘਟੀ ਹੈ।
ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ, ‘‘ਇਹ ਸੁਰੱਖਿਆ ’ਚ ਕੋਤਾਹੀ ਦਾ ਮਾਮਲਾ ਨਹੀਂ ਹੈ। ਪਹਿਲੇ ਸਮਿਆਂ ਦੇ ਮੁਕਾਬਲੇ ਹੁਣ ਹਮਲਿਆਂ ਦੀ ਗਿਣਤੀ ਘਟੀ ਹੈ। ਸਾਡੇ ਸੁਰੱਖਆ ਬਲ ਚੌਕਸ ਹਨ। ਅਜਿਹੇ ਸਮਾਂ ਆਵੇਗਾ ਕਿ ਉੱਥੋਂ (ਜੰਮੂ ਕਸ਼ਮੀਰ ਵਿਚੋਂ) ਦਹਿਸ਼ਤੀ ਸਰਗਰਮੀਆਂ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗਾ ਤੇ ਜੰਮੂ ਕਸ਼ਮੀਰ ਤੇਜ਼ੀ ਨਾਲ ਵਿਕਾਸ ਕਰੇਗਾ।’’ ਉਹ ਇੱਥੇ ਫੀਲਡ ਗੰਨ ਫੈਕਟਰੀ ਦਾ ਦੌਰਾ ਕਰਨ ਆਏ ਸਨ। ਉਨ੍ਹਾਂ ਕਿਹਾ, ‘‘ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਮੰਦਭਾਗੇ ਹਨ। ਸਾਡੇ ਸੁਰੱਖਿਆ ਬਲ ਢੁੱਕਵਾਂ ਜਵਾਬ ਦੇ ਰਹੇ ਹਨ। ਹੁਣ ਤੱਕ ਕਈ ਦਹਿਸ਼ਤਗਰਦ ਮਾਰੇ ਜਾ ਚੁੱਕੇ ਹਨ।’’ ਇਸ ਤੋਂ ਪਹਿਲਾਂ ਰੱਖਿਆ ਮੰਤਰੀ ਨੇ ਇਥੇ ਕਾਨਪੁਰ ਵਿੱਚ ਐਡਵਾਂਸਡ ਵੈਪਨਸ ਐਂਡ ਇਕੁਇਪਮੈਂਟ ਇੰਡੀਆ ਲਿਮਟਿਡ (ਏਡਬਲਿਊਈਆਈਐੱਲ) ਦੀ ਫੀਲਡ ਗੰਨ ਫੈਕਟਰੀ ਦਾ ਦੌਰਾ ਕੀਤਾ। ਇੱਕ ਅਧਿਕਾਰੀ ਮੁਤਾਬਕ ਇਸ ਫੈਕਟਰੀ ’ਚ ਟੈਂਕ ਟੀ-90 ਅਤੇ ਧਨੁਸ਼ ਗੰਨ ਸਣੇ ਵੱਖ-ਵੱਖ ਤੋਪਾਖਾਨਾ ਬੰਦੂਕਾਂ ਤੇ ਟੈਕਾਂ ਦੀ ਬੈਰਲ ਤੇ ਬਰੀਚ ਅਸੈਂਬਲੀਆਂ ਦਾ ਨਿਰਮਾਣ ਕੀਤਾ ਜਾਂਦਾ ਹੈ। ਦੌਰੇ ਦੌਰਾਨ ਰੱਖਿਆ ਮੰਤਰੀ ਨੇ ਅਹਿਮ ਸਵਦੇਸ਼ੀ ਰੱਖਿਆ ਸਮਰੱਥਾਵਾਂ ਦਾ ਜਾਇਜ਼ਾ ਲੈਣ ਲਈ ਫੈਕਟਰੀ ਦੇ ਹੀਟ ਟਰੀਟਮੈਂਟ ਤੇ ਨਿਊ ਅਸੈਂਬਲੀ ਸ਼ਾਪ ਸਣੇ ਹੋਰ ਵਿਭਾਗਾਂ ਦਾ ਨਿਰੀਖਣ ਕੀਤਾ। ਇਸ ਮੌਕੇ ਸਕੱਤਰ (ਰੱਖਿਆ ਉਤਪਾਦਨ) ਸੰਜੀਵ ਕੁਮਾਰ ਅਤੇ ਆਰਐਂਡਡੀ ਰੱਖਿਆ ਵਿਭਾਗ ਦੇ ਸਕੱਤਰ ਤੇ ਡੀਆਰਡੀਓ ਦੇ ਚੇਅਰਮੈਨ ਸਮੀਰ ਵੀ. ਕਾਮਤ ਉਨ੍ਹਾਂ ਦੇ ਨਾਲ ਸਨ। ਦੱਸਣਯੋਗ ਹੈ ਕਿ ਏਡਬਲਿਊਈਆਈਐੱਲ ਨੂੰ ਛੋਟੀਆਂ, ਦਰਮਿਆਨੀਆਂ ਤੇ ਵੱੱਡੀਆਂ ਗੰਨ ਪ੍ਰਣਾਲੀਆਂ ਦੇ ਨਿਰਮਾਣ ’ਚ ਮੁਹਾਰਤ ਹੈ। ਟੀਸੀਐੱਲ ਦੇ ਮੁੱਖ ਉਤਪਾਦਾਂ ’ਚ ਲੜਾਕੂ ਵਰਦੀਆਂ, ਬੈਲਸਿਟਿਕ ਸੁਰੱਖਿਆ ਗੇਅਰ, ਬੇਹੱਦ ਠੰਢੇ ਕੱਪੜੇ ਅਤੇ ਉੱਚੇ ਇਲਾਕਿਆਂ ਲਈ ਟੈਂਟ ਸ਼ਾਮਲ ਹਨ। -ਏਐੱਨਆਈ