For the best experience, open
https://m.punjabitribuneonline.com
on your mobile browser.
Advertisement

ਉੱਜੜ ਗਿਆਂ ਦਾ ਦੇਸ ਨਾ ਕੋਈ...

07:37 AM May 19, 2024 IST
ਉੱਜੜ ਗਿਆਂ ਦਾ ਦੇਸ ਨਾ ਕੋਈ
Advertisement

ਜਗਜੀਤ ਸਿੰਘ ਲੋਹਟਬੱਦੀ

Advertisement

ਅਜ਼ਲ ਤੋਂ ਮਨੁੱਖ ਭਟਕਣਾ ਦਾ ਸ਼ਿਕਾਰ ਰਿਹਾ ਹੈ। ਉਸ ਨੂੰ ਕਿਸੇ ਸੁਪਨ ਦੇਸ਼ ਦੀ ਮ੍ਰਿਗ-ਤ੍ਰਿਸ਼ਨਾ ਚਕਾਚੌਂਧ ਕਰਦੀ ਹੈ। ਚੁਰਾਸੀ ਲੱਖ ਜੂਨਾਂ ਵਿੱਚੋਂ ਸਭ ਤੋਂ ਉਮਦਾ ਪ੍ਰਾਣੀ ਹੋਣ ’ਤੇ ਵੀ ਸਕੂਨ ਉਸ ਦੀ ਗ੍ਰਿਫ਼ਤ ਵਿੱਚ ਟਿਕਦਾ ਨਹੀਂ। ਸ਼ਾਇਦ ਇਹ ਉਸ ਦੀ ਹੋਣੀ ਹੈ! ਕਦੇ ਆਪਣਿਆਂ ਕਰਕੇ, ਕਦੇ ਬਿਗਾਨਿਆਂ ਕਰਕੇ, ਉਹ ਮੱਕੜਜਾਲ ਦੇ ਤਾਣੇ ਬਾਣੇ ਵਿੱਚੋਂ ਰਾਹ ਭਾਲਣ ਵਿੱਚ ਨਿਹੱਥਾ ਅੱਕੀਂ ਪਲਾਹੀਂ ਹੱਥ ਮਾਰਦਾ ਹੈ। ਹਵਾ ਤੇ ਪਾਣੀ ਮੁੱਠੀ ਵਿੱਚ ਨਹੀਂ ਸਮਾਉਂਦੇ। ‘ਆਪਣੀ ਧਰਤੀ’ ਦੀ ਭਾਲ ਉਸ ਨੂੰ ਜੰਗਲ਼ ਬੀਆਬਾਨਾਂ ਵਿੱਚ ਨਾਚ ਨਚਾਉਂਦੀ ਹੈ। ਆਕਾਸ਼ੀ ਉਡਾਰੀਆਂ ਤੇ ਪਾਤਾਲੀ ਚੁੱਭੀਆਂ ਉਸ ਦੀ ਹੋਂਦ ਨੂੰ ਹਲੂਣਾ ਦਿੰਦੀਆਂ ਨੇ। ਆਪਣੀਆਂ ਜੜ੍ਹਾਂ ਦੀ ਤਲਾਸ਼ ਉਸ ਨੂੰ ਟੱਪਰੀਵਾਸ ਬਣਾ ਦਿੰਦੀ ਹੈ।
ਨੋਬੇਲ ਪੁਰਸਕਾਰ ਜੇਤੂ (2021) ਅਬਦੁਲ ਰਜ਼ਾਕ ਗੁਰਨਾਹ ਆਪਣੇ ਨਾਵਲ ‘ਦਿ ਪੈਰਾਡਾਈਜ਼’ ਵਿੱਚ ਮਨੁੱਖ ਦੀ ਇਸ ਘੁੰਮਣਘੇਰੀ ਨੂੰ ਪਰਿਭਾਸ਼ਿਤ ਕਰਦਾ ਹੈ: “ਇਹ ਗ੍ਰਹਿ ਕੀ ਹੈ, ਇੱਕ ਘੁੰਮਦਾ ਹੋਇਆ ਗੋਲ਼ਾ। ਮਨੁੱਖ ਤਾਂ ਇੱਕ ਯਾਤਰੀ ਹੈ। ਪੂਰੀ ਦੁਨੀਆ ਵਿੱਚ ਮਨੁੱਖ ਦੇ ਦੁੱਖਾਂ ਦੀ ਕੋਈ ਨਵੀਂ ਪਰਿਭਾਸ਼ਾ ਨਹੀਂ ਹੈ। ਮਨੁੱਖ ਇਸ ਗੋਲ਼ੇ ’ਤੇ ਘੁੰਮਦਾ ਹੋਇਆ ਪੁਨਰਜਨਮ ਤੇ ਵਰਤਮਾਨ ’ਤੇ ਲਟਕਦਾ ਹੋਇਆ ਇੱਕ ਗੋਲ਼ਾ ਹੀ ਤਾਂ ਹੈ।” ਮਨੁੱਖ ਦੀ ਯਥਾਰਥ ਹੋਣੀ ਦਾ ਇਹ ਚਿੱਤਰ ਉਸ ਦੇ ਸਮਕਾਲੀ ਰਾਜਨੀਤਕ, ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਇਤਿਹਾਸ ਦੀ ਪਟਕਥਾ ਬਿਆਨ ਕਰਦਾ ਹੈ। ਆਪਣੀ ਜੰਮਣ ਭੋਇੰ ਨੂੰ ਛੱਡ ਕੇ ਕਿਸੇ ਬਿਗਾਨੀ ਧਰਤੀ ਉੱਤੇ ਵਸਣ ਦਾ ਸੁਪਨਾ ਮਨੁੱਖ ਦੀ ਨੀਂਦ ਹਰਾਮ ਕਰ ਦਿੰਦਾ ਹੈ। ਜ਼ਰੂਰੀ ਨਹੀਂ ਕਿ ਖ਼ਾਨਾਬਦੋਸ਼ ਹੋਣਾ ਮਨੁੱਖ ਦਾ ਆਪਣਾ ਸੰਕਲਪ ਹੋਵੇ। ਓਪਰਿਆਂ ਦੁਆਰਾ ਵਿਛਾਈਆਂ ਕੰਡਿਆਲ਼ੀਆਂ ਤਾਰਾਂ ’ਤੇ ਤੁਰਦਿਆਂ ਉਸ ਦੇ ਪੈਰਾਂ ਦੇ ਛਾਲੇ ਵੀ ਉਸ ਦੀ ਭਾਵੀ ਦੀ ਕਥਾ ਬਿਆਨ ਕਰਦੇ ਨੇ।
ਘਰੋਂ ਬੇਘਰ ਹੋਇਆ ਮਨੁੱਖ ਨਵੀਆਂ ਠਾਹਰਾਂ ਦੀ ਭਾਲ ਵਿੱਚ ਪਤਾ ਨਹੀਂ ਕਿੰਨੇ ਕੁ ਮਲ੍ਹੇ ਝਾੜੀਆਂ ਗਾਹੁੰਦਾ ਹੈ। ਉਜਾੜੇ ਦਾ ਸੇਕ ਉਸ ਨੂੰ ਉਮਰ ਭਰ ਵਿੰਨ੍ਹਦਾ ਰਹਿੰਦਾ ਹੈ। ਆਪਣੀ ਜਨਮ ਭੂਮੀ ਤੋਂ ਵਿੱਛੜਨ ਦਾ ਹੇਰਵਾ ਉਸ ਨੂੰ ਚੈਨ ਨਹੀਂ ਲੈਣ ਦਿੰਦਾ। ਆਪਣੀ ਮਿੱਟੀ ਤੋਂ ਉੱਜੜਣ ਦਾ ਇਹ ਮੰਜ਼ਰ ਉਨ੍ਹੀਵੀਂ ਸਦੀ ਵਿੱਚ ਅਮਰੀਕਾ ਨੇ ਦੇਖਿਆ, ਜਦੋਂ ਇੱਥੋਂ ਦੇ ਮੂਲ ਵਾਸੀਆਂ ਨੂੰ ਜ਼ਬਰਦਸਤੀ ਇੱਕ ਦਰਿਆ ਤੋਂ ਪਾਰ ਦੇਸ਼-ਨਿਕਾਲਾ ਦਿੱਤਾ ਗਿਆ। ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ। ਆਸਟਰੇਲੀਆ ਵਿੱਚ ਤਾਂ ਮੂਲ ਵਾਸੀਆਂ ਨੂੰ ਸਿੱਧਾ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ ਸੀ। ਦੂਜੀ ਆਲਮੀ ਜੰਗ ਮਗਰੋਂ ਇਜ਼ਰਾਈਲ ਨੂੰ ਤਾਂ ਆਪਣਾ ਘਰ ਮਿਲ ਗਿਆ, ਪਰ ਫ਼ਲਸਤੀਨੀ ਅਜੇ ਵੀ ਦਰ ਦਰ ਭਟਕ ਰਹ ਨੇ। ਗਾਜ਼ਾ ਪੱਟੀ ’ਚ ਮਨੁੱਖੀ ਨਸਲਕੁਸ਼ੀ ਜਾਰੀ ਹੈ। ਇਨਸਾਨੀਅਤ ਦੇ ਘਾਣ ਦੀ ਇਹ ਦਾਸਤਾਨ ਹਾਲੇ ਤੱਕ ਵੀ ਧਰਮ ਅਤੇ ਧਰਤ ਦੀ ਲੜਾਈ ਹੈ... ਅਮਨ ਖ਼ਤਰੇ ਵਿੱਚ ਤੇ ਜ਼ਿੰਦਗੀ ਚੱਕੀ ਦੇ ਪੁੜਾਂ ਵਿਚਾਲੇ। ਫ਼ਲਸਤੀਨੀ ਕਵੀ ਮਹਿਮੂਦ ਦਰਵੇਸ਼ ਇਸ ਦਰਦ-ਏ-ਦਿਲ ਨੂੰ ਬਿਆਨ ਕਰਦਾ ਹੈ:
ਇਸ ਹਵਾ ਵਿੱਚ ਹੁਣ ਸਾਹ ਲੈਣਾ
ਮੁਸ਼ਕਿਲ ਹੈ
ਇਹ ਧੂੰਏਂ ਭਰੀ ਧੂੜ
ਮੇਰੀ ਧਰਤੀ ਮਾਂ ਨੂੰ ਖਾ ਜਾਵੇਗੀ।
ਮੈਂ ਦੇਖਦਾ ਹੀ ਰਹਾਂਗਾ ਕੀ?
ਲੱਖਾਂ ਸ਼ਰਨਾਰਥੀ ਸੀਰੀਆ-ਇਰਾਕ ਦੀ ਸਰਹੱਦ ’ਤੇ ਵੱਡੀਆਂ ਤਾਕਤਾਂ ਦੁਆਰਾ ਝੋਕੀ ਲੜਾਈ ਦੀ ਅੱਗ ਦਾ ਭਿਆਨਕ ਮੰਜ਼ਰ ਦੇਖ ਰਹੇ ਨੇ। ਵਿਲਕਦੇ ਮਾਸੂਮਾਂ ਨੂੰ ਅਤਿ ਕਠੋਰ ਮੌਸਮ ਵਿੱਚ ਬਾਹਵੀਂ ਭਰੀ ਬੈਠੀਆਂ ਮਾਵਾਂ ਰੱਬ ਨੂੰ ਰੋਸ ਜ਼ਾਹਰ ਕਰ ਰਹੀਆਂ ਹਨ। ਖੁੱਲ੍ਹੇ ਆਸਮਾਨ ਹੇਠ ਕੋਈ ਘਰ ਬਾਰ ਨਜ਼ਰੀਂ ਨਹੀਂ ਪੈਂਦਾ। ਰੋਹਿੰਗੀਆ ਮੁਸਲਮਾਨਾਂ ਕੋਲ ਪੂਰੇ ਬ੍ਰਹਿਮੰਡ ਵਿੱਚ ਸਿਰ ਲੁਕੋਣ ਲਈ ਕੋਈ ਠਾਹਰ ਨਹੀਂ। ਮਿਆਂਮਾਰ ’ਚੋਂ ਜਬਰੀ ਧੱਕੇ ਗਏ ਇਨ੍ਹਾਂ ਰੱਬ ਦੇ ਬੰਦਿਆਂ ਲਈ ਕਿਸੇ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ। ਸਰਕਾਰਾਂ ਦੀਆਂ ਨਜ਼ਰਾਂ ਵਿੱਚ ਇਹ ਧਾੜਵੀ ਤੇ ਜਰਾਇਮ ਪੇਸ਼ਾ ਲੋਕ ਹਨ ਜਿਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਵੈਸੇ ਵੀ ਇਹ ‘ਗ਼ੈਰ ਮਜ਼ਹਬ’ ਨਾਲ ਸਬੰਧਿਤ ਹਨ। ਡੂੰਘੇ ਸਾਗਰਾਂ ਵਿੱਚ ਠੱਲੀਆਂ ਇਨ੍ਹਾਂ ਦੀਆਂ ਕਿਸ਼ਤੀਆਂ ਨੂੰ ਤਣ ਪੱਤਣ ਨਸੀਬ ਨਹੀਂ। ਕਿਸ ਤਰ੍ਹਾਂ ਦੀ ਦੁਨੀਆਂ ਵਿੱਚ ਜਿਊਂ ਰਹੇ ਹਾਂ ਅਸੀਂ ਜਿੱਥੇ ਇਹ ਟੱਪਰੀਵਾਸ ਆਪਣੀ ਮੌਤ ਨੂੰ ਦਸਤਕ ਦਿੰਦਿਆਂ ਦੇਖ ਰਹੇ ਹਨ? ਮਾਨਵਤਾ ਸਾਡੇ ਧਰਮਾਂ ਵਿੱਚੋਂ ਮਨਫ਼ੀ ਹੋ ਚੁੱਕੀ ਹੈ। ਬੰਗਲਾਦੇਸ਼ ਵਿੱਚ ਆਰਜ਼ੀ ਤੌਰ ’ਤੇ ਬਣੇ ਬਦਨੁਮਾ ਕੈਂਪਾਂ ਵਿੱਚ ਕਰਾਹੁੰਦੀਆਂ ਇਹ ਰੂਹਾਂ ਆਪਣੀ ਕਿਸਮਤ ਉੱਤੇ ਝੋਰਾ ਹੀ ਕਰ ਸਕਦੀਆਂ ਹਨ।
ਨਵਾਂ ਸੰਕਟ ਰੂਸ ਅਤੇ ਯੂਰਪੀ ਸੰਘ ਵਿੱਚ ਵਿਸਫੋਟਕ ਹੋ ਰਿਹਾ ਹੈ। ਯੂਕਰੇਨ ਨਾਲ ਯੁੱਧ ਵਿੱਚ ਮਨੁੱਖਤਾ ਪਿਸ ਰਹੀ ਹੈ ਅਤੇ ਦੋ ਸਾਲ ਤੋਂ ਇਸ ਵਿੱਚ ਕੋਈ ਕਮੀ ਆਉਣ ਦੀ ਸੰਭਾਵਨਾ ਵੀ ਦਿਖਾਈ ਨਹੀਂ ਦੇ ਰਹੀ। ਸ਼ਰਨਾਰਥੀ ਵੱਖ ਵੱਖ ਵਿਦੇਸ਼ੀ ਧਰਤੀਆਂ ’ਤੇ ਪਨਾਹ ਲੈਣ ਲਈ ਮਜਬੂਰ ਹਨ। ਬੇਲਾਰੂਸ ਅਤੇ ਪੋਲੈਂਡ ਦੀਆਂ ਹੱਦਾਂ ’ਤੇ ਚਾਰ ਹਜ਼ਾਰ ਸ਼ਰਨਾਰਥੀ, ਜੋ ਇਰਾਕ ਅਤੇ ਅਫ਼ਗ਼ਾਨਿਸਤਾਨ ਤੋਂ ਹਨ, ਬਰਫ਼ ਜੰਮੇ ਜੰਗਲ ਵਿੱਚ ਕੁਦਰਤ ਦੀਆਂ ਕਰੋਪੀਆਂ ਅਤੇ ਫ਼ੌਜੀ ਵਰਦੀਆਂ ਵਿੱਚ ਘਿਰੇ ਹੋਏ ਹਨ। ਜਾਨਾਂ ਜੋਖ਼ਮ ਵਿੱਚ ਪਾਈ ਬੈਠੇ ਇਨ੍ਹਾਂ ‘ਅਣਚਾਹੇ’ ਲੋਕਾਂ ਨੂੰ ਧਰਤੀ ਵੀ ਵਿਹਲ ਨਹੀਂ ਦੇ ਰਹੀ। ਹਥਿਆਰਾਂ ਤੇ ਅਰਬਾਂ ਡਾਲਰਾਂ ਦੀਆਂ ਨੁਮਾਇਸ਼ਾਂ ਲਾਉਂਦੇ ਇਨ੍ਹਾਂ ਮੁਲਕਾਂ ਲਈ ਬੇਵਸੀ ਕੋਈ ਨਮੋਸ਼ੀ ਨਹੀਂ ਬਣਦੀ। ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨੀ ਸਰਕਾਰ ਬਣਨ ਨਾਲ ਘੱਟ ਗਿਣਤੀਆਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੈ ਅਤੇ ਉਹ ਬਿਗਾਨੀਆਂ ਧਰਤੀਆਂ ’ਤੇ ਸ਼ਰਨ ਲੈਣ ਲਈ ਅਰਜ਼ੋਈਆਂ ਕਰ ਰਹੇ ਨੇ। ਸਦੀਆਂ ਤੋਂ ਅਮਰੀਕੀ ਅਰਥਚਾਰੇ ਵਿੱਚ ਚੋਖਾ ਯੋਗਦਾਨ ਪਾਉਣ ਵਾਲੇ ਸਿੱਖ, ਨਸਲੀ ਗੋਰਿਆਂ ਨੂੰ ‘ਓਸਾਮਾ ਬਿਨ ਲਾਦੇਨ’ ਦਾ ਹੀ ਰੂਪ ਦਿਸਦੇ ਨੇ। ਯੂਗਾਂਡਾ ਦੀ ਜਲਾਵਤਨੀ ਅਜੇ ਤੱਕ ਭਾਰਤੀਆਂ ਨੂੰ ਭੁਚੱਕੇ ਪਾ ਰਹੀ ਹੈ।
ਸੁਲਤਾਨ ਬਾਹੂ ਮਨੁੱਖ ਨੂੰ ਉੱਡਣਹਾਰੇ ਕਹਿੰਦਾ ਹੈ:
ਤਾੜੀ ਮਾਰ ਉਡਾ ਨਾ ਬਾਹੂ
ਅਸੀਂ ਆਪੇ ਉੱਡਣਹਾਰੇ ਹੂ।
ਪਰਵਾਸ ਉਡਾਰੀ ਮਨੁੱਖ ਦਾ ਕਿਰਦਾਰ ਰਿਹਾ ਹੈ, ਪਰ ਦੁਖਦਾਈ ਹਾਲਾਤ ਵਿੱਚ ਚੋਗੇ ਦੀ ਭਾਲ ਨੂੰ ਨਿਕਲਣਾ ਮੂਲੋਂ ਗਵਾਰਾ ਨਹੀਂ। ਘਰੋਂ ਬੇਘਰ ਹੋਣਾ ਜ਼ਿੰਦਗੀ ਦੀਆਂ ਦੁਖਦ ਘੜੀਆਂ ਨੂੰ ਉਜਾਗਰ ਕਰਦਾ ਹੈ। ਸੰਤਾਲੀ ਦਾ ਸਰਾਪ ਵੀ ਇਸੇ ਕੜੀ ਦਾ ਹਿੱਸਾ ਸੀ। ਪੀਰਾਂ ਫ਼ਕੀਰਾਂ ਦੀ ਧਰਤੀ ਨੂੰ ਇਹ ਕਿਹੜੀ ਬਦਅਸੀਸ ਸੀ ਕਿ ਸਦੀਆਂ ਤੋਂ ਇੱਕ ਦੂਜੇ ਦੇ ਸਾਹਾਂ ਵਿੱਚ ਜਿਉਂਦੇ ਲੋਕ ਇੱਕ ਦੂਜੇ ਦੇ ਖ਼ੂਨ ਦੇ ਤਿਹਾਏ ਬਣ ਗਏ? ਕੱਲ੍ਹ ਤੱਕ ਇਕੱਠੇ ਬੈਠੇ ਧੂਣੀਆਂ ਦੀ ਅੱਗ ਸੇਕਦੇ, ਪਿੜਾਂ ਵਿੱਚ ਨੱਚਦੇ, ਬਾਘੀਆਂ ਪਾਉਂਦੇ ਕਿਹੜੀ ਕੁਲਹਿਣੀ ਘੜੀ ਦਾ ਸ਼ਿਕਾਰ ਹੋ ਗਏ? ਫ਼ਿਰਕੂ ਹਨੇਰੀ ’ਚ ਪੱਤਿਆਂ ਵਾਂਗ ਬਿਖਰੇ ਪੰਜਾਬੀਆਂ ਦੀ ਗਿਣਤੀ ਦਸ ਲੱਖ ਦੱਸਦੇ ਨੇ! ਉਜਾੜੇ ਦਾ ਸ਼ਿਕਾਰ ਹੋਣ ਵਾਲੇ ਚੜ੍ਹਦੇ ਪੰਜਾਬ ਦੇ ਲੋਕ 43 ਲੱਖ ਸਨ, ਜਦ ਕਿ ਲਹਿੰਦੇ ਪੰਜਾਬੀਆਂ ਦੀ ਇਹ ਨਫ਼ਰੀ 38 ਲੱਖ ਸੀ। ਉੱਘਾ ਚਿੰਤਕ ਤੇ ਕਵੀ ਅਮਰਜੀਤ ਚੰਦਨ ‘47 ਦੇ ਗੁਨਾਹਾਂ ਦਾ ਲੇਖਾ?’ ਵਿੱਚ ਲਿਖਤਾ ਹੈ: ਪੰਜਾਬ ਦੀ ਵੰਡ ਵੇਲੇ 7-10 ਲੱਖ ਲੋਕ ਵੱਢੇ ਗਏ ਸਨ; ਇੱਕ ਲੱਖ ਔਰਤਾਂ ਉਧਾਲੀਆਂ ਗਈਆਂ; ਇਹ ਕੰਮ ਕਿਸੇ ਬਾਹਰਲੇ ਨੇ ਨਹੀਂ ਸੀ ਕੀਤਾ; ਅਸੀਂ ਖ਼ੁਦ ਕੀਤਾ ਸੀ! ਇਹ ਲੇਖਾ ਕੌਣ ਦੇਵੇਗਾ? ਗੱਡਿਆਂ ਉੱਤੇ, ਰੇਲਾਂ ਵਿੱਚ, ਪੈਦਲ, ਭੁੱਖ ਨਾਲ ਵਿਲਕਦੇ ਬੱਚਿਆਂ ਲਈ ਮਾਵਾਂ ਦੀ ਗੋਦ ਦਾ ਅਣਕਿਆਸਿਆ ਸਫ਼ਰ, ਅਣਪਛਾਤੀਆਂ ਰਾਹਾਂ ਉੱਤੇ ਚੱਲਦੇ ਕਾਫ਼ਲੇ ਆਪਣੀ ਹੋਣੀ ਉੱਤੇ ਸ਼ਿਕਨ ਕਰਦੇ ਨਜ਼ਰ ਆਉਂਦੇ ਸਨ।
ਮਜ਼ਹਰ ਤਿਰਮਜ਼ੀ ਦੇ ਸ਼ਬਦ ਨੇ: ਵੰਡ ਵੇਲੇ ਦੇ ਪੰਜਾਬੀਆਂ ਦੀ ਪੁਸ਼ਤ ਦੀਆਂ ਉਮਰਾਂ ਪੱਬਾਂ ਭਾਰ ਲੰਘੀਆਂ ਅਤੇ ਉਨ੍ਹਾਂ ਦੇ ਸੂਹੇ ਗੁਲਾਬਾਂ ਦੇ ਮੌਸਮਾਂ ਵਿੱਚ ਕਾਲੇ ਫੁੱਲ ਖਿੜੇ। ਸਾਡੇ ਕੰਨਾਂ ਨੇ ਹੁਣ ਕਦੇ ਦਰਗਾਹਾਂ ’ਚੋਂ ਉੱਠਦੀਆਂ ਸੂਫ਼ੀ ਸ਼ਾਇਰਾਂ ਦੀਆਂ ਸੱਦਾਂ ਨਹੀਂ ਸੁਣਨੀਆਂ; ਲਹਿੰਦੇ ਪੰਜਾਬ ਦੇ ਪਿੰਡਾਂ ਵਿੱਚ ਗੁਰਦੁਆਰੇ ਤੇ ਮੰਦਰ ਹਮੇਸ਼ਾ ਲਈ ਖ਼ਾਮੋਸ਼ ਹੋ ਗਏ ਹਨ।
ਹਿਊ ਆਫ ਸੇਂਟ ਵਿਕਟਰ ਲਿਖਦਾ ਹੈ: “ਉਹ ਲੋਕ ਹਾਲੇ ਬਚਪਨੇ ਵਿੱਚ ਜਿਉਂਦੇ ਨੇ, ਜਿਹੜੇ ਸਿਰਫ਼ ਆਪਣੀ ਜੰਮਣ-ਭੋਇੰ ਨੂੰ ਹੀ ਪਿਆਰ ਕਰਦੇ ਨੇ; ਉਹ ਸਿਆਣੇ ਹੋ ਚੁੱਕੇ ਨੇ, ਜਿਹੜੇ ਸਾਰੀਆਂ ਥਾਵਾਂ ਨੂੰ ਹੀ ਆਪਣੀ ਜਨਮ ਭੂਮੀ ਸਮਝਦੇ ਨੇ; ਪਰ ਪਾਰਖੂ ਉਹ ਨੇ, ਜਿਨ੍ਹਾਂ ਜਾਣ ਲਿਆ ਹੈ ਕਿ ਸਾਰੀਆਂ ਥਾਵਾਂ ਹੀ ਬੇਗਾਨੀਆਂ ਨੇ।” ਪੱਤਰਕਾਰ ਜੈਸਿਕਾ ਬਰੁਡਰ ਨੇ ਉਮਰ ਦੀ ਢਲਦੀ ਸ਼ਾਮ ਨੂੰ ਢੁੱਕੇ ਅਤੇ ਅਮਰੀਕਾ ਅੰਦਰ ਟੱਪਰੀਵਾਸਾਂ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਬਜ਼ੁਰਗਾਂ ’ਤੇ ਇੱਕ ਕਿਤਾਬ ਲਿਖੀ ਹੈ ‘ਨੋਮੈਡਲੈਂਡ: ਸਰਵਿੰਗ ਅਮੈਰਿਕਾ ਇਨ ਦੀ ਟਵੰਟੀ ਫਸਟ ਸੈਂਚੁਰੀ’, ਜਿਸ ਉੱਪਰ ਚੀਨੀ ਮੂਲ ਦੀ ਫਿਲਮ ਨਿਰਦੇਸ਼ਕ ਕਲੋਈ ਚਾਓ ਨੇ ਫਿਲਮ ਬਣਾਈ ਹੈ। ਸੱਠਾਂ ਵਰ੍ਹਿਆਂ ਨੂੰ ਟੱਪ ਚੁੱਕੀ ਪਾਤਰ ‘ਫਰਨ’ ਜਿਪਸਮ ਪਲਾਂਟ ਬੰਦ ਹੋਣ ਕਰਕੇ ਬੇਰੁਜ਼ਗਾਰ ਹੋ ਗਈ ਹੈ। ਆਪਣੀ ਵੈਨ ਹੀ ਉਸ ਦਾ ਘਰ ਹੈ। ਸਾਰੀ ਉਮਰ ਸਰਮਾਏਦਾਰੀ ਨਿਜ਼ਾਮ ਦਾ ਮਸ਼ੀਨੀ ਪੁਰਜ਼ਾ ਬਣ ਕੇ ਕੰਮ ਕਰਨ ਦੇ ਬਾਵਜੂਦ ਉਸ ਦੇ ਸਿਰ ’ਤੇ ਛੱਤ ਨਹੀਂ। ਇਸ ਤਰ੍ਹਾਂ ਦੇ ਕਈ ਲੋਕ ਹਨ ਜੋ ਵੈਗਨਾਂ ਵਿੱਚ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹਨ। ਉਹ ਕਹਿੰਦੀ ਹੈ, “ਮੇਰੇ ਕੋਲ ਮਕਾਨ ਨਹੀਂ, ਪਰ ਘਰ ਏ।” ਫਰਨ ਨੂੰ ਇੱਕ ਥਾਂ ਨਾਲ ਬੱਝਣਾ ਚੰਗਾ ਵੀ ਨਹੀਂ ਲੱਗਦਾ। ਫਿਲਮ ਦਾ ਇੱਕ ਹੋਰ ਪਾਤਰ ਬੌਬ ਵੇਲਜ਼ ਵੀ ਸਿਸਟਮ ਦਾ ਪਾਜ ਉਘਾੜਦਾ ਹੈ, “ਸਾਡੀ ਹਾਲਤ ਉਸ ਬਲਦ ਜਿਹੀ ਹੈ, ਜਿਹੜਾ ਸਾਰੀ ਉਮਰ ਬਿਨਾਂ ਕੋਈ ਸ਼ਿਕਵਾ ਕੀਤਿਆਂ ਕੰਮ ਕਰਦਾ ਹੈ ਤੇ ਮਰਨ ਕਿਨਾਰੇ ਪਹੁੰਚਦਿਆਂ ਉਸ ਨੂੰ ਅਵਾਰਾ ਪਸ਼ੂਆਂ ਵਾਂਗ ਧੱਕੇ ਖਾਣ ਲਈ ਛੱਡ ਦਿੱਤਾ ਜਾਂਦਾ ਹੈ।”
ਪੰਜਾਬੀਆਂ ਦੀ ਬੇਗਾਨੇ ਮੁਲਕਾਂ ਨੂੰ ਅੰਨ੍ਹੇਵਾਹ ਹਿਜਰਤ ਵੀ ਇਨ੍ਹਾਂ ਦੁਸ਼ਵਾਰੀਆਂ ਦੀ ਹੀ ਗਾਥਾ ਹੈ। ਜ਼ਰੂਰੀ ਨਹੀਂ ਕਿ ਸਭ ਨੇ ਕਿਸੇ ਮਜਬੂਰੀਵੱਸ ਹੀ ਪਰਵਾਸ ਕੀਤਾ ਹੋਵੇ, ਪਰ ਬਹੁਤਾਤ ਅਜਿਹੀਆਂ ਕਹਾਣੀਆਂ ਦੀ ਹੀ ਹੈ। ਪੰਜਾਬੀਆਂ ਨੇ ਆਪਣੇ ਘਰ-ਬਾਰ ਤਿਆਗ ਕੇ ਦੁਨੀਆ ਦੇ ਤਕਰੀਬਨ ਡੇਢ ਸੌ ਮੁਲਕਾਂ ਵਿੱਚ ਨਵੀਂ ਧਰਤੀ ’ਤੇ ਪੈਰ ਰੱਖਿਆ ਹੈ, ਪਰ ਅਜੋਕੀ ਪੀੜ੍ਹੀ ਨੂੰ ਛੱਡ ਕੇ, ਹਰ ਛਿਣ ਦਿਲ ਆਪਣੀ ਮਿੱਟੀ ਲਈ ਧੜਕਦਾ ਹੈ। ਗਾਹੇ-ਬਗਾਹੇ ਜਨਮ ਭੂਮੀ ਤੋਂ ਆਏ ਲੋਕਾਂ ਤੋਂ ਪਿੰਡਾਂ ਦਾ ਹਾਲ ਪੁੱਛਣ ਨੂੰ ਦਿਲ ਤਰਸਦਾ ਰਹਿੰਦਾ ਹੈ। ਤ੍ਰਾਸਦੀ ਇਹ ਹੈ ਕਿ ਮਾਪੇ ਵੱਡੇ ਕਰਜ਼ੇ ਲੈ ਕੇ ਬੱਚਿਆਂ ਨੂੰ ਨਸ਼ੇ, ਭੈੜੀ ਸੰਗਤ ਅਤੇ ਬੇਰੁਜ਼ਗਾਰੀ ਤੋਂ ਓਹਲੇ ਕਰ ਕਹੇ ਨੇ। ਵਿਦੇਸ਼ੀਂ ਵੀ ਮਾਹੌਲ ਸਾਜ਼ਗਾਰ ਨਹੀਂ ਅਤੇ ਸ਼ੋਸ਼ਣ ਮੂੰਹ ਅੱਡੀ ਖੜ੍ਹਾ ਮਿਲਦਾ ਹੈ। ਆਪਣੀ ਧਰਤ ਨਾ ਹੋਣ ਦੇ ਬਾਵਜੂਦ ਮਿੱਠੀ ਜੇਲ੍ਹ ਜਾਨ ਦਾ ਖੌਅ ਬਣਦੀ ਹੈ। ਸ਼ਾਇਰ ਮਲਵਿੰਦਰ ਓਪਰੀ ਧਰਤੀ ’ਤੇ ਬੈਠਾ ‘ਸਵੈ’ ਦਾ ਲੇਖਾ ਜੋਖਾ ਕਰਦੈ:
ਅੱਜ ਕੱਲ੍ਹ ਮੈਂ
ਆਪਣੇ ਪੁੱਤ ਦੇ ਦੇਸ਼ ਵਿੱਚ ਰਹਿ ਰਿਹਾ ਹਾਂ
ਆਪਣੇ ਪੁੱਤ ਦੇ ਘਰ ਵਿੱਚ ਠਹਿਰਿਆ ਹਾਂ
...
ਇਸ ਦੇਸ਼ ਵਿੱਚ
ਖ਼ੁਸ਼ ਹੋਣ ਦੇ ਬਹੁਤ ਸਾਰੇ ਸਬੱਬ ਹਨ।
ਪਰ ਮੈਂ ਉਦਾਸ ਹਾਂ।
...
ਮੈਂ ਆਪਣੀ ‘ਮੈਂ’ ’ਚੋਂ
ਆਪਣਾ ਸਵੈ ਮਨਫ਼ੀ ਕਿਵੇਂ ਕਰ ਦੇਵਾਂ!
ਅੰਤਿਕਾ: ਕੈਨੇਡਾ ਵਿਚਲੇ ਵਾਲਮਾਰਟ ਸਟੋਰ ’ਤੇ ਫ਼ੈਸਲਾਬਾਦ (ਪਾਕਿਸਤਾਨ) ਦਾ ਸੇਲਜ਼ਮੈਨ ਜਮਸ਼ੇਰ ਰਾਣਾ ਅਜੇ ਵੀ ਹਿੰਦੋਸਤਾਨੀ ਪਿੰਡ ਦੀ ਮਿੱਟੀ ਦਾ ਮੋਹ ਸਾਂਭੀ ਬੈਠਾ ਹੈ। ਵੰਡ ਹੋਈ ਤਾਂ ਬਸੇਰਾ ਛੱਡਣਾ ਪਿਆ। ਫ਼ੈਸਲਾਬਾਦ ਵੱਸ ਕੇ ਵੀ ਉਦਰੇਵੇਂ ਨੇ ਸਾਥ ਨਹੀਂ ਛੱਡਿਆ। ਸੱਤ ਸਮੁੰਦਰੋਂ ਪਾਰ ਤੀਜੀ ਧਰਤੀ ਆ ਕਬੂਲੀ। ਅਮੀਰ ਮੁਲਕ ਦੀਆਂ ਸੁੱਖ ਸਹੂਲਤਾਂ ਮਾਣਦਾ ਹੋਇਆ ਵੀ, ਖ਼ਾਨਾਬਦੋਸ਼ ਸਮਝਦੈ ਆਪਣੇ ਆਪ ਨੂੰ। ਹੰਝੂ ਰੋਕ ਕੇ ਦੱਸਦੈ:
ਉੱਜੜ ਗਿਆਂ ਦਾ ਦੇਸ ਨਾ ਕੋਈ
ਮਰਿਆਂ ਦੀ ਨਾ ਥਾਂ!
ਸੰਪਰਕ: 89684-33500

Advertisement
Author Image

Advertisement
Advertisement
×