ਸਰਕਾਰ ਤੋਂ ਸਿੱਧੂ ਮੂਸੇਵਾਲਾ ਕੇਸ ਵਿਚ ਇਨਸਾਫ਼ ਦੀ ਉਮੀਦ ਨਹੀਂ : ਵੜਿੰਗ
ਚੰਡੀਗੜ੍ਹ, 11 ਜੁਲਾਈ
ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰ੍ਹਦਿਆਂ ਕਿਹਾ 'ਆਪ' ਦੀ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਰਾਹੀਂ ਕੋਰਟ ਵਿਚ ਰਿਪੋਰਟ ਦਾਇਰ ਕੀਤੀ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 2023 ਵਿੱਚ ਬਠਿੰਡਾ ਜੇਲ੍ਹ ਵਿੱਚੋਂ ਲਈ ਗਈ ਸੀ, ਜਿੱਥੇ ਉਹ ਬੰਦ ਸੀ।
ਰਾਜਾ ਵੜਿੰਗ ਨੇ ਸੋਸ਼ਲ ਮੀਡੀਆ 'ਐਕਸ' 'ਤੇ ਕੀਤੀ ਪੋਸਟ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਜਵਾਬ ਮੰਗਦੇ ਹਨ। ਇੱਕ ਗੈਂਗਸਟਰ ਲਈ ਜੇਲ੍ਹ ਅੰਦਰੋਂ ਇੰਟਰਵਿਊ ਦੇਣਾ ਕਿਵੇਂ ਸੰਭਵ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਕਾਲੇ ਦਿਨ ਆਉਣਾ ਵਾਲੇ ਹਨ, ਅਸੀਂ ਅਜਿਹੀ ਸਰਕਾਰ ਤੋਂ ਸਿੱਧੂ ਮੂਸੇਵਾਲਾ ਕੇਸ ਲਈ ਇਨਸਾਫ਼ ਦੀ ਉਮੀਦ ਨਹੀਂ ਕਰ ਸਕਦੇ ਜਿਸ ਸਰਕਾਰ ਵਿਚ ਗੈਂਗਸਟਰਾਂ ਕੋਲ ਪ੍ਰਸ਼ਾਸਨ ਤੋਂ ਜ਼ਿਆਦਾ ਤਾਕਤ ਹੈ।
ਸਿੱਟ ਜੇਲ੍ਹ ਵਿੱਚ ਬੰਦ ਗੈਂਗਸਟਰ ਬਿਸ਼ਨੋਈ ਦੇ ਦੋ ਟੀਵੀ ਇੰਟਰਵਿਊ ਦੀ ਜਾਂਚ ਕਰ ਰਹੀ ਹੈ, ਜੋ ਕਥਿਤ ਤੌਰ ਤੇ 2023 ਵਿੱਚ ਪ੍ਰਾਈਵੇਟ ਚੈਨਲਾਂ ਨੂੰ ਦਿੱਤੇ ਗਏ ਸਨ। ਉਸ ਸਮੇਂ ਉਹ ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਬੰਦ ਸੀ। ਬਿਸ਼ਨੋਈ ਇਸ ਸਮੇਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। -ਏਐੱਨਆਈ