ਜਮਹੂਰੀਅਤ ਨੂੰ ਤਬਾਹ ਕਰ ਰਹੇ ਮੋਦੀ ਤੇ ਪੂਤਿਨ ਵਿਚਾਲੇ ਕੋਈ ਫਰਕ ਨਹੀਂ: ਸ਼ਰਦ ਪਵਾਰ
ਸੋਲਾਪੁਰ, 14 ਅਪਰੈਲ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਮੁਖੀ ਸ਼ਰਦ ਪਵਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੇਸ਼ ’ਚੋਂ ਹੌਲੀ-ਹੌਲੀ ਜਮਹੂਰੀਅਤ ਨੂੰ ਖਤਮ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿੱਚ ਕੋਈ ਫਰਕ ਨਹੀਂ ਹੈ। ਪਵਾਰ ਨੇ ਇਹ ਪ੍ਰਗਟਾਵਾ ਸ਼ੋਲਾਪੁਰ ਜ਼ਿਲ੍ਹੇ ਦੇ ਅਕਲੁਜ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਮੰਨਿਆ ਜਾ ਰਿਹਾ ਹੈ ਕਿ ਉਹ ਸ਼ੋਲਾਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਦੇ ਨਾਂ ’ਤੇ ਚਰਚਾ ਕਰਨ ਲਈ ਸਾਬਕਾ ਉਪ ਮੁੱਖ ਮੰਤਰੀ ਵਿਜੈ ਸਿਘ ਮੋਹਿਤੋ ਪਾਟਿਲ ਦੇ ਘਰ ਆਏ ਸਨ। ਉਨ੍ਹਾਂ ਕਿਹਾ, ‘‘ਮੋਦੀ ਨਹੀਂ ਚਾਹੁੰਦੇ ਕਿ ਵਿਰੋਧੀ ਧਿਰ ’ਚੋਂ ਕੋਈ ਵੀ ਚੁਣਿਆ ਜਾਵੇ। ਪ੍ਰਧਾਨ ਮੰਤਰੀ ਦਾ ਅਜਿਹਾ ਰੂਪ ਦਿਖਾਉਂਦਾ ਹੈ ਕਿ ਉਨ੍ਹਾਂ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਕੋਈ ਫਰਕ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ’ਤੇ ਮੌਜੂਦਾ ਮੁੱਖ ਮੰਤਰੀ (ਅਰਵਿੰਦ ਕੇਜਰੀਵਾਲ) ਦੀ ਗ੍ਰਿਫ਼ਤਾਰੀ ਇਹ ਦਰਸਾਉਂਦੀ ਹੈ ਕਿ ਮੋਦੀ ਹੌਲੀ-ਹੌਲੀ ਸੰਸਦੀ ਜਮਹੂਰੀਅਤ ਨੂੰ ਖਤਮ ਕਰ ਰਹੇ ਹਨ ਤੇ ਦੇਸ਼ ਨੂੰ ਤਾਨਾਸ਼ਾਹੀ ਵੱਲ ਧੱਕ ਰਹੇ ਹਨ। ਪਵਾਰ ਮੁਤਾਬਕ ਜਮਹੂਰੀਅਤ ਵਿੱਚ ਸੱਤਾਧਾਰੀ ਪਾਰਟੀ ਵਾਂਗ ਵਿਰੋਧੀ ਧਿਰ ਵੀ ਬਰਾਬਰ ਦੀ ਅਹਿਮੀਅਤ ਰੱਖਦੀ ਹੈ। ਲੋਕ ਸਭਾ ਚੋਣਾਂ ਲਈ ਭਾਜਪਾ ਦੇ ਚੋਣ ਮਨੋਰਥ ਪੱਤਰ ਬਾਰੇ ਸਵਾਲ ’ਤੇ ਐੱਨਸੀਪੀ (ਐੱਸਪੀ) ਨੇਤਾ ਨੇ ਕਿਹਾ, ‘‘ਇਹ ਉਨ੍ਹਾਂ (ਭਾਜਪਾ) ਦੇ ਚੋਣ ਮੈਨੀਫੈਸਟੋ ’ਤੇ ਟਿੱਪਣੀ ਕਰਨ ਦਾ ਸਮਾਂ ਨਹੀਂ ਹੈ। ਹਾਲਾਂਕਿ ਵਾਅਦੇ ਕਰਨਾ ਭਾਜਪਾ ਦੀ ਖਾਸੀਅਤ ਹੈ।’’ -ਪੀਟੀਆਈ