ਮਾਨਸਾ ’ਚ ਸੀਵਰੇਜ ਸਮੱਸਿਆ ਦਾ ਨਾ ਨਿਕਲਿਆ ਪੱਕਾ ਹੱਲ
ਪੱਤਰ ਪ੍ਰੇਰਕ
ਮਾਨਸਾ, 23 ਨਵੰਬਰ
ਸ਼ਹਿਰ ਦੇ ਸੀਵਰੇਜ ਸਿਸਟਮ ਅਤੇ ਸਫ਼ਾਈ ਦੇ ਮਾੜੇ ਪ੍ਰਬੰਧਾਂ ਖਿਲਾਫ਼ ਕੁੱਝ ਕੌਂਸਲਰਾਂ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸੇਵਾ ਸਿੰਘ ਠੀਕਰੀਵਾਲਾ ਚੌਕ ਮਾਨਸਾ ਵਿੱਚ ਚੱਲ ਰਿਹਾ ਧਰਨਾ 27ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਨਗਰ ਕੌਂਸਲਰ ਦੇ ਵਾਈਸ ਪ੍ਰਧਾਨ ਰਾਮਪਾਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਅਤੇ ਵਿਧਾਇਕ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਭਾਵੇਂ ਧਰਨੇ ਦੇ ਦਬਾਅ ਹੇਠ ਸ਼ਹਿਰ ਵਿੱਚ ਦੋ ਸੁਪਰ ਸੰਕਸ਼ਨ ਮਸ਼ੀਨਾਂ ਨਾਲ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਦੇ ਘਰਾਂ ਅੱਗੇ ਖੜ੍ਹਾ ਗੰਦਾ ਪਾਣੀ ਆਰਜ਼ੀ ਤੌਰ ’ਤੇ ਬਾਹਰ ਕੱਢਿਆ ਜਾ ਸਕਦਾ ਹੈ, ਪਰ ਇੰਜ ਬੁੱਤਾ ਸਾਰਨ ਨਾਲ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਦਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸ਼ਹਿਰ ਦੀ ਸੀਵਰੇਜ ਸਮੱਸਿਆ ਦਾ ਪੱਕੇ ਤੌਰ ’ਤੇ ਹੱਲ ਕਰੇ ਅਤੇ 44 ਕਰੋੜ ਰੁਪਏ ਜਲਦੀ ਤੋਂ ਜਲਦੀ ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਅਤੇ ਸੀਵਰੇਜ ਦੀ ਮੁਰੰਮਤ ਲਈ ਭੇਜਿਆ ਜਾਵੇ। ਇਸ ਮੌਕੇ ਕੌਂਸਲਰ ਰੇਖਾ ਰਾਣੀ, ਸਰਪੰਚ ਅਜੀਤ ਸਿੰਘ, ਅੰਮ੍ਰਿਤ ਪਾਲ ਗੋਗਾ, ਹੰਸਾ ਸਿੰਘ, ਡਾ. ਧੰਨਾ ਮੱਲ ਗੋਇਲ, ਰਤਨ ਲਾਲ, ਭਗਵੰਤ ਸਮਾਉਂ, ਮੇਜਰ ਸਿੰਘ ਅਤੇ ਬਲਕਾਰ ਸਿੰਘ ਨੇ ਵੀ ਸੰਬੋਧਨ ਕੀਤਾ।