ਭਾਰਤ ਨਾਲ ਮੁੜ ਟਕਰਾਅ ਦੀ ਘੱਟ ਹੀ ਸੰਭਾਵਨਾ: ਡਾਰ
ਇਸਲਾਮਾਬਾਦ, 4 ਜੂਨ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਹਥਿਆਰਬੰਦ ਟਕਰਾਅ ਮੁੜ ਸ਼ੁਰੂ ਹੋਣ ਦੇ ਆਸਾਰ ਬਹੁਤ ਘੱਟ ਹਨ। ਡਾਰ ਨੇ ਨਾਲ ਹੀ ਧਮਕੀ ਦਿੱਤੀ ਕਿ ਜੇ ਅਜਿਹਾ ਕੁਝ ਹੁੰਦਾ ਹੈ ਤਾਂ ਉਨ੍ਹਾਂ ਦਾ ਮੁਲਕ ਇਸ ਦਾ ਢੁੱਕਵਾਂ ਜਵਾਬ ਦੇਵੇਗਾ। ਡਾਰ ਨੇ ਇਹ ਟਿੱਪਣੀ ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੀਤੀ। ਇਹ ਪ੍ਰੈੱਸ ਕਾਨਫਰੰਸ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਤੁਰਕੀ, ਇਰਾਨ, ਅਜ਼ਰਬਾਇਜਾਨ ਅਤੇ ਤਾਜਿਕਿਸਤਾਨ ਦੇ ਹਾਲੀਆ ਦੌਰੇ ਦੇ ਵੇਰਵੇ ਦੇਣ ਅਤੇ ਸਬੰਧਤ ਮੁਲਕਾਂ ਦੀ ਲੀਡਰਸ਼ਿਪ ਵੱਲੋਂ 22 ਅਪਰੈਲ ਦੇ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਪਿਛਲੇ ਮਹੀਨੇ ਹੋਏ ਟਕਰਾਅ ਦੌਰਾਨ ਪਾਕਿਸਤਾਨ ਨੂੰ ਹਮਾਇਤ ਦੇਣ ਬਦਲੇ ਧੰਨਵਾਦ ਕਰਨ ਲਈ ਸੱਦੀ ਗਈ ਸੀ। ਲੜਾਈ ਦੇ ਸੰਭਾਵੀ ਨਵੇਂ ਦੌਰ ਬਾਰੇ ਪੁੱਛੇ ਜਾਣ ’ਤੇ ਡਾਰ ਨੇ ਕਿਹਾ, “ਗੋਲੀਬੰਦੀ ਜਾਰੀ ਹੈ ਅਤੇ ਦੋਵਾਂ ਧਿਰਾਂ ਵੱਲੋਂ ਫੌਜਾਂ ਦੀ ਵਾਪਸੀ ਸਬੰਧੀ ਸਾਰੇ ਕਦਮਾਂ ਨੂੰ ਪੂਰੀ ਭਾਵਨਾ ਨਾਲ ਲਾਗੂ ਕੀਤਾ ਗਿਆ ਹੈ। ਇਸ ਲਈ ਮੇਰੀ ਰਾਇ ਵਿੱਚ ਨਵੀਂ ਜੰਗ ਦੀ ਕੋਈ ਸੰਭਾਵਨਾ ਨਹੀਂ ਹੈ।” ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਗੱਲਬਾਤ ਲਈ ਤਿਆਰ ਹੈ ਪਰ ਇਸ ਲਈ ਬੇਤਾਬ ਨਹੀਂ ਹੈ। -ਪੀਟੀਆਈ