ਘੱਗਰ ਬੰਨ੍ਹਾਂ ਵਿੱਚ ਤਿੰਨ ਥਾਵਾਂ ’ਚ ਪਾੜ ਪੈਣ ਕਾਰਨ ਹੜ੍ਹ ਦਾ ਖਦਸ਼ਾ
ਪ੍ਰਭੂ ਦਿਆਲ
ਸਿਰਸਾ, 15 ਜੁਲਾਈ
ਘੱਗਰ ਦੇ ਹੜ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਨਾਕਾਫੀ ਸਾਬਤ ਹੋਏ ਹਨ। ਘੱਗਰ ’ਚ ਵੱਧ ਰਹੇ ਪਾਣੀ ਕਾਰਨ ਸਿਰਸਾ ਦੀ ਹੱਦ ’ਚ ਤਿੰਨ ਤੋਂ ਵੱਧ ਥਾਵਾਂ ’ਤੇ ਪਾੜ ਪੈ ਗਏ ਜਿਸ ਨਾਲ ਜਿਥੇ ਹਜ਼ਾਰਾਂ ਏਕੜ ਫ਼ਸਲ ਪਾਣੀ ’ਚ ਡੁੱਬ ਗਈ ਉਥੇ ਹੀ ਇਕ ਦਰਜਨ ਤੋਂ ਵੱਧ ਪਿੰਡਾਂ ਤੇ ਢਾਣੀਆਂ ਵਿਚ ਹੜ੍ਹ ਦਾ ਖਦਸ਼ਾ ਪੈਦਾ ਹੋ ਗਿਆ ਹੈ। ਹੜ੍ਹ ਦੇ ਖਦਸ਼ੇ ਦੇ ਮੱਦੇਨਜ਼ਰ ਪਿੰਡ ਫਰਵਾਈ, ਪਨਿਹਾਰਾ, ਬੁਰਜ ਕਰਮਗੜ੍ਹ ਤੇ ਇਨ੍ਹਾਂ ਨਾਲ ਲੱਗਦੀਆਂ ਢਾਣੀਆਂ ਦੇ ਲੋਕ ਆਪਣੇ ਘਰਾਂ ਦਾ ਸਾਮਾਨ ਉੱਚੀਆਂ ਥਾਵਾਂ ਜਾਂ ਰਿਸ਼ਤੇਦਾਰਾਂ ਕੋਲ ਲੈ ਜਾਣ ਲੱਗ ਪਏ ਹਨ। ਪਿੰਡਾਂ ਦੇ ਲੋਕ ਆਪਣੇ ਪਸ਼ੂ ਵੀ ਪਿੰਡਾਂ ਵਿਚੋਂ ਬਾਹਰ ਲਿਜਾ ਰਹੇ ਹਨ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਹੜ੍ਹ ਰੋਕਾਂ ਪ੍ਰਬੰਧਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਤੇ ਕਰਮਚਾਰੀ ਦਨਿ ਰਾਤ ਇਕ ਕਰਕੇ ਹੜ੍ਹ ਰੋਕਾਂ ਪ੍ਰਬੰਧਾਂ ’ਚ ਲੱਗੇ ਹੋਏ ਹਨ। ਇਸ ਲਈ ਲੋਕਾਂ ਦੀ ਮੱਦਦ ਵੀ ਲਈ ਜਾ ਰਹੀ ਹੈ। ਪਿੰਡਾਂ ਨੂੰ ਹੜ੍ਹ ਤੋਂ ਬਚਾਉਣ ਲਈ ਪੰਚਾਇਤਾਂ ਨੂੰ ਡੀਜ਼ਲ ਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਘੱਗਰ ’ਚ ਜ਼ਿਆਦਾ ਪਾਣੀ ਹੋਣ ਕਾਰਨ ਮੁਸਾਹਬਿ ਵਾਲਾ ਤੇ ਪਨਿਹਾਰੀ ਨੇੜੇ ਪਾੜ ਪਏ ਹਨ, ਜਿਸ ਕਾਰਨ ਕਰੀਬ ਸਾਢੇ ਸੱਤ ਸੌ ਏਕੜ ਖੜ੍ਹੀ ਫ਼ਸਲ ’ਚ ਪਾਣੀ ਭਰ ਗਿਆ ਹੈ।