For the best experience, open
https://m.punjabitribuneonline.com
on your mobile browser.
Advertisement

ਨਰਾਤਿਆਂ ਦੌਰਾਨ ਮਾਲੇਰਕੋਟਲਾ ਦੇ ਬਾਜ਼ਾਰਾਂ ਵਿੱਚ ਰੌਣਕਾਂ

10:17 AM Oct 10, 2024 IST
ਨਰਾਤਿਆਂ ਦੌਰਾਨ ਮਾਲੇਰਕੋਟਲਾ ਦੇ ਬਾਜ਼ਾਰਾਂ ਵਿੱਚ ਰੌਣਕਾਂ
ਮਾਲੇਰਕੋਟਲਾ ਬਾਜ਼ਾਰ ਵਿੱਚ ਇੱਕ ਸ਼ੋਅ ਰੂਮ ’ਤੇ ਖ਼ਰੀਦਦਾਰੀ ਕਰਦੇ ਹੋਏ ਲੋਕ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 9 ਅਕਤੂਬਰ
ਨਰਾਤਿਆਂ ਦੇ ਸ਼ੁਰੂ ਹੁੰਦਿਆਂ ਹੀ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਤਿਉਹਾਰੀ ਸੀਜ਼ਨ ਦੀ ਤਿਆਰੀ ਦੇ ਮੱਦੇਨਜ਼ਰ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਆਪਣੇ ਮਾਲ ਦਾ ਸਟਾਕ ਜਮ੍ਹਾਂ ਕਰ ਲਿਆ ਹੈ। ਨਰਾਤਿਆਂ ਦੇ ਸ਼ੁਰੂ ਹੁੰਦੇ ਹੀ ਬਾਜ਼ਾਰਾਂ ਵਿੱਚ ਗਾਹਕਾਂ ਦੀਆਂ ਰੌਣਕਾਂ ਪਰਤ ਆਈਆਂ ਹਨ। ਨਰਾਤਿਆਂ ਤੋਂ ਬਾਅਦ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਕਾਰੋਬਾਰੀ ਜਸਵੀਰ ਸਿੰਘ ਦਿਓਲ ਨੇ ਦੱਸਿਆ ਕਿ ਨਰਾਤਿਆਂ ’ਚ ਲੋਕ ਜਾਇਦਾਦ ਵਿੱਚ ਨਿਵੇਸ਼ ਕਰਦੇ ਹਨ। ਨਰਾਤਿਆਂ ਦਾ ਤਿਉਹਾਰ ਹਰ ਸਾਲ ਪ੍ਰਾਪਰਟੀ ਮਾਰਕਿਟ ਲਈ ਨਵੀਂ ਊਰਜਾ ਲੈ ਕੇ ਆਉਂਦਾ ਹੈ। ਲੋਕ ਜਾਇਦਾਦ ਨੂੰ ਦੇਖਣ, ਉਸ ਦੀ ਚੋਣ ਕਰਨ ,ਕਰਜ਼ੇ ਦੀ ਸਹੂਲਤ ਅਤੇ ਜਾਇਦਾਦ ਖ਼ਰੀਦਣ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ। ਸਵਰਨਕਾਰ ਐਂਡ ਸਰਾਫ਼ਾ ਐਸੋਸੀਏਸ਼ਨ ਮਾਲੇਰਕੋਟਲਾ ਦੇ ਸਲਾਹਕਾਰ ਮੁਨੀਸ਼ ਵਰਮਾ ਨੇ ਦੱਸਿਆ ਕਿ ਨਰਾਤਿਆਂ ’ਚ ਸੋਨੇ -ਚਾਂਦੀ ਦੇ ਗਹਿਣਿਆਂ ਦੀ 20 ਫ਼ੀਸਦੀ ਵਿਕਰੀ ਵਧੀ ਹੈ। ਵਿਆਹਾਂ ਦੇ ਸੀਜ਼ਨ ਦੇ ਮੱਦੇਨਜ਼ਰ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੀ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਇਲੈਕਟ੍ਰੌਨਿਕਸ ਕਾਰੋਬਾਰੀ ਵਿਨੀਤ ਢੀਂਗਰਾ ਨੇ ਦੱਸਿਆ ਕਿ ਨਰਾਤਿਆਂ ਦੌਰਾਨ ਇਲੈਕਟ੍ਰੋਨਿਕਸ ਵਸਤਾਂ ਖ਼ਾਸ ਕਰ ਈਐੱਲਡੀ ਦੀ ਵਿਕਰੀ ਵਧੀ ਹੈ। ਆੜ੍ਹਤੀਆ ਕਮਲ ਕੁਮਾਰ ਜਿੰਦਲ ਨੇ ਕਿਹਾ ਕਿ ਇਸ ਸਾਲ ਝੋਨੇ ਦੀ ਭਰਵੀਂ ਫ਼ਸਲ ਹੋਣ ਦੀ ਉਮੀਦ ਹੈ। ਮੰਡੀ ਦਾ ਨਿਯਮ ਹੈ ਕਿ ਜਿਸ ਸਾਲ ਫ਼ਸਲ ਭਰਵੀਂ ਹੁੰਦੀ ਹੈ, ਉਸ ਸਾਲ ਬਾਜ਼ਾਰ ਵਿੱਚ ਖ਼ਰੀਦਦਾਰੀ ਵੀ ਭਰਵੀਂ ਹੁੰਦੀ ਹੈ। ਮਾਲੇਰਕੋਟਲਾ ਦੇ ਬਾਜ਼ਾਰਾਂ ਵਿੱਚ 80 ਫ਼ੀਸਦੀ ਗਾਹਕ ਪਿੰਡਾਂ ਤੋਂ ਆਉਂਦੇ ਹਨ। ਜੇ ਫ਼ਸਲ ਚੰਗੀ ਹੋਵੇਗੀ ਤਾਂ ਬਾਜ਼ਾਰ ਵਿੱਚ ਖ਼ਰੀਦਦਾਰੀ ਵੀ ਵਧੀਆ ਹੋਵੇਗੀ। ਆਟੋਮੋਬਾਈਲ ਕਾਰੋਬਾਰੀ ਵਿਕਰਮ ਮਹਿਰਾ ਨੇ ਦੱਸਿਆ ਕਿ ਨਰਾਤਿਆਂ ’ਚ ਦੁਪਹੀਆ ਵਾਹਨਾਂ ਦੀ ਖ਼ਰੀਦੋ-ਫ਼ਰੋਖ਼ਤ ਖ਼ਾਸ ਕਰ ਲਾਈਟ ਸੈਗਮੈਂਟ ’ਚ ਬਾਈਕ ਦੀ ਵਿਕਰੀ ਵਧੀ ਹੈ। ਦੁਪਹੀਆ ਬਿਜਲਈ ਵਾਹਨ ਵੇਚਣ ਵਾਲੇ ਬਿਕਰਮਜੀਤ ਸਿੰਘ ਰਾਣੂ ਦਾ ਕਹਿਣਾ ਕਿ ਬਿਜਲਈ ਵਾਹਨਾਂ ਦੀ ਵਿਕਰੀ ਪਿਛਲੇ ਮਹੀਨਿਆਂ ਦੀ ਨਿਸਬਤ ਵਧਦੀ ਨਜ਼ਰ ਆ ਰਹੀ ਹੈ। ਇਸ ਵਿੱਚ ਸ਼ਹਿਰੀ ਅਤੇ ਪੇਂਡੂ ਦੋਵੇਂ ਖੇਤਰਾਂ ਦੇ ਗਾਹਕ ਸ਼ਾਮਲ ਹਨ। ਹਲਵਾਈ ਪ੍ਰਕਾਸ਼ ਚੰਦ ਅਤੇ ਆਰਟੀਫਿਸੀਅਲ ਜਿਊਲਰੀ ਦਾ ਕੰਮ ਕਰਨ ਵਾਲੇ ਨਵਨੀਤ ਜੈਨ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਵਿਆਹਾਂ ਦੇ ਸੀਜ਼ਨ ਦੇ ਮੱਦੇਨਜ਼ਰ ਲੋਕਾਂ ਵੱਲੋਂ ਮੈਰਿਜ ਪੈਲੇਸਾਂ, ਟੈਂਟ, ਜਿਊਲਰੀ ਬੈਂਡ-ਵਾਜਾ, ਘੋੜੀ, ਘੋੜੀ ਰਥ, ਡੀਜੇ, ਡੈਕੋਰੇਸ਼ਨ, ਸ਼ੇਰਵਾਨੀ ਲਈ ਬੁਕਿੰਗ ਸ਼ੁਰੂ ਹੋ ਗਈ ਹੈ। ਮਾਲੇਰਕੋਟਲਾ ਵਿੱਚ ਖ਼ਰੀਦਦਾਰੀ ਕਰਨ ਆਉਂਦੇ ਲੋਕਾਂ ਲਈ ਵਾਹਨ ਖੜ੍ਹਾ ਕਰਨ ਲਈ ਸ਼ਹਿਰ ਅੰਦਰ ਕੋਈ ਪਾਰਕਿੰਗ ਨਹੀਂ ਹੈ।

Advertisement

Advertisement
Advertisement
Author Image

Advertisement