For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਹਾੜ ਦੀ ਗਰਮੀ ਤੋਂ ਫਿਲਹਾਲ ਕੋਈ ਰਾਹਤ ਨਹੀਂ

09:21 AM Jun 18, 2024 IST
ਪੰਜਾਬ ਵਿੱਚ ਹਾੜ ਦੀ ਗਰਮੀ ਤੋਂ ਫਿਲਹਾਲ ਕੋਈ ਰਾਹਤ ਨਹੀਂ
ਪਟਿਆਲਾ ਵਿੱਚ ਧੁੱਪ ਤੋਂ ਬਚਣ ਲਈ ਮੂੰਹ ਢਕ ਕੇ ਜਾਂਦੀਆਂ ਹੋਈਆਂ ਲੜਕੀਆਂ। -ਫੋਟੋ: ਰਾਜੇਸ਼ ਸੱਚਰ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 17 ਜੂਨ
ਪੰਜਾਬ, ਹਰਿਆਣਾ ਸਣੇ ਪੂਰੇ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਗਰਮੀ ਕਰਕੇ ਲੋਕ ਜ਼ਰੂਰੀ ਕੰਮਕਾਜ ਲਈ ਹੀ ਘਰੋਂ ਬਾਹਰ ਨਿਕਲ ਰਹੇ ਹਨ, ਜਿਸ ਕਰਕੇ ਸੜਕਾਂ ’ਤੇ ਸੰਨਾਟਾ ਪੱਸਰਿਆ ਹੈ। ਪੰਜਾਬ ਤੇ ਹਰਿਆਣਾ ਵਿੱਚ ਅੱਜ ਤਾਪਮਾਨ ਆਮ ਨਾਲੋਂ 8 ਤੋਂ 9 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ। ਪੰਜਾਬ ਦਾ ਬਠਿੰਡਾ ਹਵਾਈ ਅੱਡਾ ਤੇ ਹਰਿਆਣਾ ਦੇ ਜ਼ਿਲ੍ਹਾ ਜੀਂਦ ’ਚ ਪੈਂਦਾ ਸ਼ਹਿਰ ਪਾਂਡੂ ਭੰਡਾਰਾ ਸਭ ਤੋਂ ਗਰਮ ਰਹੇ ਹਨ। ਇਥੇ ਵੱਧ ਤੋਂ ਵੱਧ ਤਾਪਮਾਨ 46.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਬਠਿੰਡਾ ਹਵਾਈ ਅੱਡੇ ’ਤੇ ਘੱਟ ਤੋਂ ਘੱਟ ਤਾਪਮਾਨ ਵੀ 30.9 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਸੀ।

Advertisement

ਮੌਸਮ ਵਿਗਿਆਨੀਆਂ ਨੇ ਪੰਜਾਬ, ਹਰਿਆਣਾ ਸਣੇ ਉੱਤਰ ਭਾਰਤ ਵਿੱਚ ਹਾਲੇ ਗਰਮੀ ਤੋਂ ਰਾਹਤ ਨਾ ਮਿਲਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਤੇ ਹਰਿਆਣਾ ਵਿੱਚ 18 ਜੂਨ ਲਈ ਔਰੇਂਜ ਜਦੋਂਕਿ 19 ਤੇ 20 ਜੂਨ ਨੂੰ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਗਿਆਨੀਆਂ ਨੇ 18 ਜੂਨ ਸ਼ਾਮ ਤੋਂ ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਦੀ ਪੇਸ਼ੀਨਗੋਈ ਕੀਤੀ ਹੈ। ਇਹ ਹਾਲਾਤ 18 ਜੂਨ ਸ਼ਾਮ ਤੋਂ ਲੈ ਕੇ 20 ਜੂਨ ਤੱਕ ਬਣ ਸਕਦੇ ਹਨ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਰੁਕ ਰੁਕ ਕੇ ਮੀਂਹ ਵੀ ਪੈ ਸਕਦਾ ਹੈ।

ਮੌਸਮ ਵਿਗਿਆਨੀਆਂ ਨੇ ਕਿਹਾ ਕਿ ਤੇਜ਼ ਹਵਾਵਾਂ ਤੇ ਰੁਕ ਰੁਕ ਕੇ ਮੀਂਹ ਪੈਣ ਕਰਕੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾਵੇਗੀ। ਪੰਜਾਬ ਵਿੱਚ ਗਰਮੀ ਪੈਣ ਕਰਕੇ ਲੋਕਾਂ ਦਾ ਜਿੱਥੇ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ, ਉੱਥੇ ਹੀ ਖੇਤੀਬਾੜੀ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਵੱਡੀ ਗਿਣਤੀ ਵਿੱਚ ਕਿਸਾਨ ਝੋਨੇ ਦੀ ਲੁਆਈ ਸ਼ੁਰੂ ਨਹੀਂ ਕਰ ਰਹੇ ਹਨ। ਦੂਜੇ ਪਾਸੇ ਸਬਜ਼ੀ ਤੇ ਹੋਰਨਾਂ ਫ਼ਸਲਾਂ ਦੀ ਖੇਤੀ ਕਰਨ ਵਾਲਿਆਂ ਦੀ ਮੁਸ਼ਕਲ ਵੀ ਵਧੀ ਹੋਈ ਹੈ।

ਦਿਨ ਚੜ੍ਹਦਿਆਂ ਹੀ ਪੈਣ ਵਾਲੀ ਤਪਸ਼ ਕਰਕੇ ਸਬਜ਼ੀ ਤੇ ਹੋਰਨਾਂ ਫ਼ਸਲਾਂ ਸੁੱਕਣ ਕੰਢੇ ਪਹੁੰਚ ਰਹੀਆਂ ਹਨ, ਜਿਨ੍ਹਾਂ ਨੂੰ ਵਾਰ-ਵਾਰ ਪਾਣੀ ਦੇਣਾ ਪੈ ਰਿਹਾ ਹੈ। ਉੱਧਰ ਅਤਿ ਦੀ ਗਰਮੀ ਪੈਣ ਕਰਕੇ ਬਿਜਲੀ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ। ਅੱਜ ਪੰਜਾਬ ਵਿੱਚ ਦੁਪਹਿਰ ਸਮੇਂ ਬਿਜਲੀ ਦੀ ਮੰਗ 15471 ਮੈਗਾਵਾਟ ’ਤੇ ਪਹੁੰਚ ਗਈ ਸੀ, ਜੋ ਕਿ ਪਿਛਲੇ ਸਾਲ ਅੱਜ ਦੇ ਦਿਨ ਦੇ ਮੁਕਾਬਲੇ 3500 ਮੈਗਾਵਾਟ ਵੱਧ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 45.8 ਡਿਗਰੀ, ਲੁਧਿਆਣਾ ਵਿੱਚ 44.6 ਡਿਗਰੀ, ਪਟਿਆਲਾ ਵਿੱਚ 45.4 ਡਿਗਰੀ, ਪਠਾਨਕੋਟ ਵਿੱਚ 45.8 ਡਿਗਰੀ, ਬਠਿੰਡਾ ਸ਼ਹਿਰ ਵਿੱਚ 45.4 ਡਿਗਰੀ, ਗੁਰਦਾਸਪੁਰ ਵਿੱਚ 45 ਡਿਗਰੀ, ਨਵਾਂ ਸ਼ਹਿਰ ਵਿੱਚ 43.3 ਡਿਗਰੀ, ਬਰਨਾਲਾ ਵਿੱਚ 44.1 ਡਿਗਰੀ, ਫਰੀਦਕੋਟ ਵਿੱਚ 46 ਡਿਗਰੀ, ਫਤਿਹਗੜ੍ਹ ਸਾਹਿਬ ਵਿੱਚ 43.9 ਡਿਗਰੀ, ਫਿਰੋਜ਼ਪੁਰ ਵਿੱਚ 44.3 ਡਿਗਰੀ, ਜਲੰਧਰ ਵਿੱਚ 43.3 ਡਿਗਰੀ, ਮੋਗਾ ਵਿੱਚ 44.1 ਡਿਗਰੀ, ਮੁਹਾਲੀ ਵਿੱਚ 43.8 ਡਿਗਰੀ ਤੇ ਰੋਪੜ ਵਿੱਚ 43.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।

Advertisement
Tags :
Author Image

Advertisement
Advertisement
×