ਜੌੜੇਪੁਲ ਨਜ਼ਦੀਕ ਨਹਿਰ ਵਿੱਚ ਪਾੜ ਵਧਣ ਦਾ ਖ਼ਤਰਾ
ਦੇਵਿੰਦਰ ਸਿੰਘ ਜੱਗੀ
ਪਾਇਲ, 10 ਜੁਲਾਈ
ਚਾਰ ਜਿਲ੍ਹਿਆਂ ਦੀ ਹੱਦ ’ਤੇ ਪੈਂਦੇ ਜੌੜੇਪੁਲ ਜਿੱਥੋਂ ਦੋ ਨਹਿਰਾਂ ਧੂਰੀ ਅਤੇ ਨਾਭਾ ਵੱਲ ਨੂੰ ਜਾਂਦੀਆਂ ਹਨ। ਜੌੜੇਪੁਲ ਤੋਂ ਨਾਭਾ ਵੱਲ ਨੂੰ ਜਾਣ ਵਾਲੀ ਛੋਟੀ ਨਹਿਰ ’ਚ ਕਿਸੇ ਸਮੇਂ ਵੀ ਵੱਡਾ ਪਾੜ ਪੈਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ, ਪਰ ਸਬੰਧਤ ਮਹਿਕਮੇ ਨੂੰ ਇਹ ਹੀ ਨਹੀਂ ਪਤਾ ਕਿ ਇਹ ਏਰੀਆ ਕਿਸ ਹਲਕੇ ’ਚ ਪੈਂਦਾ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਹ ਪਾੜ ਕੋਈ ਨਵਾਂ ਨਹੀਂ ਸਗੋ ਦੋ ਸਾਲ ਪੁਰਾਣਾ ਹੈ, ਉਸ ਸਮੇਂ ਮਹਿਕਮੇ ਵੱਲੋਂ ਇਸਨੂੰ ਆਰਜ਼ੀ ਤੌਰ ‘ਤੇ ਪੂਰ ਦਿੱਤਾ ਗਿਆ ਸੀ। ਮਹਿਕਮੇ ਦੇ ਅਧਿਕਾਰੀਆਂ ਵੱਲੋਂ ਸਾਲ 2021 ਚ ਝੌਨੇ ਦੇ ਸੀਜ਼ਨ ਤੋਂ ਬਾਅਦ ਦੋ ਮਹੀਨੇ ਪਿੱਛੋਂ ਇਸ ਦਾ ਪੱਕਾ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਸੀ, ਜੋ ਦੋ ਸਾਲ ਬਾਅਦ ਵੀ ਪੂਰਾ ਨਹੀਂ ਹੋਇਆ। ਉਸ ਸਮੇਂ ਵੀ ਮਹਿਕਮੇ ਨੇ ਦਰੱਖਤਾਂ ਦੀਆਂ ਝਿੰਗਾਂ ‘ਤੇ ਬੋਰੀਆਂ ਭਰਕੇ ਹੀ ਪਾੜ ਨੂੰ ਪੂਰਨ ਦਾ ਡੰਗ ਟਪਾਇਆ ਸੀ। ਕਈ ਦਨਿਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਦੋਰਾਹਾ ਤੋਂ ਜੌੜੇਪੁਲਾਂ ਨੂੰ ਆਉਣ ਵਾਲੀ ਵੱਡੀ ਨਹਿਰ ਪਾਣੀ ਨਾਲ ਭਰੀ ਆ ਰਹੀ ਹੈ ਜਿਸ ਕਾਰਨ ਜੌੜੇਪੁਲ ਤੋਂ ਨਾਭਾ ਵੱਲ ਨੂੰ ਜਾਣ ਵਾਲੀ ਨਹਿਰ ਦਾ ਪਾੜ ਕਿਸੇ ਸਮੇਂ ਵੀ ਵੱਧ ਸਕਦਾ ਹੈ ਜੋ ਕਿਸੇ ਸਮੇਂ ਵੀ ਵੱਡੇ ਹਾਦਸੇ ਨੂੰ ਜਨਮ ਦੇ ਸਕਦਾ ਹੈ। ਇਸ ਨਹਿਰ ’ਚ ਪਾੜ ਪੈਣ ਕਾਰਨ ਵੱਖ ਵੱਖ ਪਿੰਡ ਭਰਥਲਾ ਰੰਧਾਵਾ, ਮੁੱਲਾਂਪੁਰ, ਮਲਕਪੁਰ, ਪਹੇੜੀ, ਕਪੂਰਗੜ, ਭਰਪੂਰਗੜ ਅਤੇ ਰੌਣੀ ਪਾਣੀ ਕਾਰਨ ਪ੍ਰਭਾਵਿਤ ਹੋ ਸਕਦੇ ਹਨ। ਸਰਪੰਚ ਰੁਪਿੰਦਰ ਸਿੰਘ ਗੋਲਡੀ ਭਰਥਲਾ ਰੰਧਾਵਾ, ਸਾਬਕਾ ਸਰਪੰਚ ਜਗਤਾਰ ਸਿੰਘ ਮੁੱਲਾਂਪੁਰ, ਪ੍ਰਧਾਨ ਰਵਿੰਦਰ ਸਿੰਘ ਪੰਧੇਰ ਰੌਣੀ, ਸਾਬਕਾ ਚੇਅਰਮੈਨ ਜਸਕਰਨਜੀਤ ਸਿੰਘ ਪਿੰਟੂ ਰੌਣੀ, ਸਰਪੰਚ ਹਰਪ੍ਰੀਤ ਸਿੰਘ ਪਹੇੜੀ ਨੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਕਿ ਵੱਧ ਰਹੇ ਇਸ ਪਾੜ ਨੂੰ ਪੂਰਿਆ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
ਕੀ ਕਹਿੰਦੇ ਨੇ ਨਹਿਰੀ ਵਿਭਾਗ ਦੇ ਅਧਿਕਾਰੀ
ਇਸ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਨਾਭਾ ਪਟਿਆਲਾ ਇਕਾਈ ਦੇ ਐੱਸਡੀਓ ਆਸ਼ੀਸ ਸਨੋਤਰਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜੌੜੇਪੁਲ ਤੋਂ ਪੰਜ ਸੌ ਮੀਟਰ ਏਰੀਆ ਮਾਹੋਰਾਣਾ ਫੀਡਰ ਦੇ ਅਧੀਨ ਹੈ। ਜਦੋਂ ਉਹਨਾਂ ਨੂੰ ਯਾਦ ਕਰਵਾਇਆ ਕਿ ਦੋ ਸਾਲ ਪਹਿਲਾਂ 26 ਜੂਨ 2021 ਨੂੰ ਤੁਸੀਂ ਕਿਹਾ ਸੀ ਕਿ ਅਸੀਂ ਲੇਬਰ ਲਗਾਕੇ ਆਰਜ਼ੀ ਹੱਲ ਕਰ ਦਿੰਦੇ ਹਾਂ, ਅਜੇ ਝੋਨੇ ਦਾ ਸੀਜ਼ਨ ਚੱਲ ਰਿਹਾ, ਅਸੀਂ ਦੋ ਮਹੀਨੇ ਤੱਕ ਇਸ ਨੂੰ ਠੀਕ ਕਰਵਾ ਦੇਵਾਂਗੇ ਪਰ ਹੁਣ ਤਾਂ ਦੋ ਸਾਲ ਹੋ ਗਏ ਅਤੇ ਮੁੜ ਕੇ ਤੁਸੀ ਕੋਈ ਹੱਲ ਨਹੀਂ ਕੀਤਾ ਤਾਂ ਉਹਨਾਂ ਕਿਹਾ ਕਿ ਉਦੋਂ ਵੀ ਅਸੀਂ ਆਪਣੇ ਵੱਲੋਂ ਹੀ ਆਰਜ਼ੀ ਤੌਰ ‘ਤੇ ਹੱਲ ਕਰ ਦਿੱਤਾ ਸੀ ਅਤੇ ਹੁਣ ਵੀ ਉਹਨਾਂ ਐਕਸੀਅਨ ਸਾਹਿਬ ਦੇ ਧਿਆਨ ’ਚ ਇਹ ਮਸਲਾ ਲਿਆ ਦਿੱਤਾ ਹੈ ਅਤੇ ਜਲਦੀ ਹੀ ਇਸਦਾ ਹੱਲ ਕਰ ਦਿੱਤਾ ਜਾਵੇਗਾ। ਉਹਨਾਂ ਨਾਲ ਹੀ ਕਿਹਾ ਕਿ ਇਹ ਏਰੀਆ ਮਾਹੋਰਾਣਾ ਅਧੀਨ ਪੈਂਦਾ ਹੈ, ਤੁਸੀਂ ਉਹਨਾਂ ਨਾਲ ਗੱਲ ਕਰੋ। ਜਦੋਂ ਇਸ ਸਬੰਧੀ ਮਾਹੋਰਾਣਾ ਦੇ ਐੱਸਡੀਓ ਰਾਹੁਲ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਪਤਾ ਕਰਵਾ ਲੈਂਦੇ ਹਾਂ। ਜੇਕਰ ਉਹਨਾਂ ਅਧੀਨ ਪੈਂਦਾ ਹੋਇਆ ਤਾਂ ਜਲਦੀ ਹੀ ਪੱਕਾ ਹੱਲ ਕਰ ਦਿੱਤਾ ਜਾਵੇਗਾ।