ਚਮਕੌਰ ਸਾਹਿਬ ਦੀਆਂ ਮੰਡੀਆਂ ’ਚ ਬੋਰੀਆਂ ਦੇ ਲੱਗੇ ਅੰਬਾਰ
ਸੰਜੀਵ ਬੱਬੀ
ਚਮਕੌਰ ਸਾਹਿਬ , 21 ਅਕਤੂਬਰ
ਚਮਕੌਰ ਸਾਹਿਬ ਅਧੀਨ ਪੈਂਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ ਦੋ ਲੱਖ ਕੁਇੰਟਲ ਖਰੀਦੇ ਗਏ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀਆਂ ਨੂੰ ਮੁੜ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਾ ਪਿਆ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਮਾਂਗਟ, ਤਰਲੋਚਨ ਸਿੰਘ ਭੰਗੂ, ਆੜ੍ਹਤੀ ਮਨਜੀਤ ਸਿੰਘ ਕੰਗ ਅਤੇ ਉੱਜਲ ਸਿੰਘ ਨੇ ਦੱਸਿਆ ਕਿ ਇੱਥੋਂ ਦੀ ਮੰਡੀ ਵਿੱਚ ਹੁਣ ਤੱਕ ਇੱਕ ਲੱਖ ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਪਰ 90 ਹਜ਼ਾਰ ਕੁਇੰਟਲ ਝੋਨਾ ਮੰਡੀ ਵਿੱਚ ਪਿਆ ਹੈ ਅਤੇ ਇਸ ਤੋਂ ਇਲਾਵਾ ਦੋ ਹਜ਼ਾਰ ਕੁਇੰਟਲ ਝੋਨਾ ਢੇਰੀਆਂ ਵਜੋਂ ਪਿਆ ਹੈ।
ਉਨ੍ਹਾਂ ਦੱਸਿਆ ਕਿ ਇੱਥੋਂ ਦੀ ਮੰਡੀ ਸਣੇ ਕਸਬਾ ਬੇਲਾ, ਬਸੀ ਗੁੱਜਰਾਂ, ਗੱਗੋ ਅਤੇ ਹਾਫਿਜ਼ਾਬਾਦ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ ਹੈ। ਸਰਕਾਰੀ ਖਰੀਦ ਏਜੰਸੀ ਐੱਫਸੀਆਈ ਨੂੰ ਝੋਨੇ ਦੀ ਖਰੀਦ ਦਾ ਕੰਮ ਸੌਂਪਿਆ ਗਿਆ ਸੀ ਪਰ ਏਜੰਸੀ ਨੇ ਸਿਰਫ ਤਿੰਨ ਹਜ਼ਾਰ ਕੁਇੰਟਲ ਝੋਨਾ ਹੀ ਖਰੀਦਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਾਲਾਤਾਂ ਕਾਰਨ ਮੰਡੀਆਂ ਵਿੱਚੋਂ ਮਜ਼ਦੂਰ ਜਾਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਆੜ੍ਹਤੀ ਵਰਗ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਮੰਡੀਆਂ ਦੇ ਸਮੂਹ ਆੜ੍ਹਤੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਜਦੋਂ ਤੱਕ ਮੰਡੀਆਂ ਵਿੱਚ ਝੋਨੇ ਦੀ ਚੁਕਾਈ ਮੁਕੰਮਲ ਨਹੀਂ ਕੀਤੀ ਕੀਤੀ ਜਾਂਦੀ, ਉਦੋਂ ਤੱਕ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਹੀਂ ਹੋਵੇਗੀ।
ਦੂਜੇ ਪਾਸੇ ਝੋਨੇ ਦੀ ਖਰੀਦ ਨਾ ਹੋਣ ਕਾਰਨ ਦੁਕਾਨਦਾਰ ਵਰਗ ਵੀ ਬਾਜ਼ਾਰਾਂ ਵਿੱਚ ਮੰਦਹਾਲੀ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਮਾਂਗਟ ਮੋਟਰਜ਼ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਨੇੜੇ ਹੋਣ ਕਾਰਨ ਕਿਸਾਨਾਂ ਵੱਲੋਂ ਹਰ ਸਾਲ ਉਨ੍ਹਾਂ ਕੋਲੋਂ ਦਰਜਨਾਂ ਹੀ ਮੋਟਰਸਾਈਕਲ ਖਰੀਦ ਕੀਤੇ ਜਾਂਦੇ ਸਨ ਪਰ ਇਸ ਵਾਰ ਝੋਨੇ ਦੀ ਖਰੀਦ ਨਾ ਹੋਣ ਕਾਰਨ ਉਨ੍ਹਾਂ ਦੇ ਮੋਟਰਸਾਈਕਲਾਂ ਦੀ ਵਿਕਰੀ ਵਿੱਚ ਗਿਰਾਵਟ ਆਈ ਹੈ, ਜਦੋਂ ਕਿ ਉਨ੍ਹਾਂ ਵਲੋਂ ਲੱਖਾਂ ਰੁਪਏ ਲਗਾ ਕੇ ਕੰਪਨੀ ਤੋਂ ਮੋਟਰਸਾਈਕਲ ਖਰੀਦ ਚੁੱਕੇ ਹਨ। ਕੱਪੜਾ ਵਪਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਸਿਰ ’ਤੇ ਹੀ ਵਪਾਰ ਚਲਦਾ ਹੈ ਪਰ ਇਸ ਵਾਰ ਝੋਨੇ ਦੀ ਖਰੀਦ ਨਾ ਹੋਣ ਕਾਰਨ ਪੈਸਿਆਂ ਦਾ ਲੈਣ-ਦੇਣ ਵੀ ਨਹੀਂ ਹੋ ਰਿਹਾ, ਜਿਸ ਕਾਰਨ ਹਰੇਕ ਵਰਗ ਦੇ ਵਪਾਰ ਵਿਚ ਖੜੋਤ ਆ ਗਈ ਹੈ। ਪਰਮਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਜਿੱਥੇ ਕਿਸਾਨ ਮੰਡੀਆਂ ਵਿੱਚ ਰਾਤਾਂ ਕੱਟਣ ਲਈ ਮਜਬੂਰ ਹੈ ਉਥੇ ਹੀ ਆੜ੍ਹਤੀ ਦੇ ਵਪਾਰੀ ਵਰਗ ਵੀ ਪ੍ਰੇਸ਼ਾਨੀ ਦੇ ਆਲਮ ਵਿੱਚੋਂ ਲੰਘ ਰਹੇ ਹਨ।