ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਜੇ ਤੱਕ ਲਾਵਾਂ ਨਹੀਂ ਹੋਈਆਂ

07:28 AM Oct 16, 2024 IST

ਅਵਤਾਰ ਐੱਸ. ਸੰਘਾ


Advertisement

ਕੈਨੇਡਾ ਵਿੱਚ ਸਰੀ ਵਿਖੇ ਮੈਨੂੰ ਤੇ ਮੇਰੀ ਪਤਨੀ ਨੂੰ ਮੇਰੇ ਇੱਕ ਪੁਰਾਣੇ ਵਿਦਿਆਰਥੀ ਨੇ ਆਪਣੇ ਘਰ ਸ਼ਾਮ ਦੇ ਖਾਣੇ ’ਤੇ ਬੁਲਾਇਆ ਸੀ। ਮੇਰੀ ਪਤਨੀ ਤਾਂ ਮੇਰੇ ਵਿਦਿਆਰਥੀ ਦੀ ਪਤਨੀ ਤੇ ਬੱਚਿਆਂ ਨਾਲ ਘੁਲ ਮਿਲ ਗਈ। ਮੈਨੂੰ ਮੇਰਾ ਇਹ ਵਿਦਿਆਰਥੀ ਆਪਣੇ ਖੁੱਲ੍ਹੇ ਡੁੱਲ੍ਹੇ ਘਰ ਦੇ ਪਿਛਲੇ ਵਿਹੜੇ ਵਿੱਚ ਬਿਠਾ ਕੇ ਮੇਰੀ ਆਓ ਭਗਤ ਦਾ ਪ੍ਰਬੰਧ ਕਰਨ ਲੱਗ ਪਿਆ। ਮੇਰਾ ਇਹ ਵਿਦਿਆਰਥੀ ਖਾਣ ਪੀਣ ਦਾ ਖਾਸਾ ਹੀ ਸ਼ੌਕੀਨ ਸੀ ਤੇ ਖਾ ਪੀ ਕੇ ਰਿਕਾਰਡ ਪਲੇਅਰ ’ਤੇ ਗੀਤ ਲਗਾ ਕੇ ਸੁਣਿਆ ਕਰਦਾ ਸੀ। ਇੱਥੋਂ ਤੱਕ ਕਿ ਉਹ ਆਪਣੇ ਘਰ ਦੇ ਪਿਛਲੇ ਕਮਰੇ ਵਿੱਚ ਇੱਕ ਤੂੰਬੀ ਵੀ ਰੱਖਿਆ ਕਰਦਾ ਸੀ। ਇੱਕ ਦੋ ਪੈੱਗ ਲਗਾ ਕੇ ਮਸਤੀ ਵਿੱਚ ਆ ਕੇ ਤੂੰਬੀ ਵਜਾ ਕੇ ਕਿਸੇ ਪੰਜਾਬੀ ਗਾਣੇ ਦੀ ਹੇਕ ਵੀ ਲਗਾ ਦਿਆ ਕਰਦਾ ਸੀ। ਥੋੜ੍ਹੀ ਦੇਰ ਵਿੱਚ ਦੋ ਪ੍ਰਕਾਰ ਦੀ ਵਿਸਕੀ ਦੀਆਂ ਬੋਤਲਾਂ ਮੇਜ਼ ’ਤੇ ਲਿਆ ਧਰੀਆਂ। ਮੈਂ ਬਹੁਤ ਘੱਟ ਪੀਂਦਾ ਸਾਂ ਤੇ ਉਹ ਚੋਖੀ ਪੀ ਲੈਂਦਾ ਸੀ। ਇੱਕ ਇੱਕ ਪੈੱਗ ਲੈ ਕੇ ਨਵੀਆਂ ਪੁਰਾਣੀਆਂ ਗੱਲਾਂ ਚੱਲ ਪਈਆਂ।
‘‘ਜਗਜੀਤ, ਤੁਸੀਂ ਕਿਹੜੇ ਸਾਲਾਂ ਵਿੱਚ ਕਾਲਜ ਪੜ੍ਹਦੇ ਹੁੰਦੇ ਸੀ?’’
‘‘ਸਰ ਜੀ, ਤੁਹਾਨੂੰ ਯਾਦ ਨਹੀਂ? ਕਮਾਲ ਹੈ!’’
‘‘ਸਮਾਂ ਬਹੁਤ ਬੀਤ ਗਿਆ। ਮੈਂ ਹੁਣ 70 ਦਾ ਹਾਂ। ਮੈਨੂੰ ਸੇਵਾਮੁਕਤ ਹੋਏ ਨੂੰ ਵੀ 10 ਸਾਲ ਹੋ ਗਏ। 35 ਸਾਲ ਮੈਂ ਕਾਲਜ ਵਿੱਚ ਪੜ੍ਹਾਇਆ ਸੀ। ਯਾਦ ਥੋੜ੍ਹਾ ਰਹਿੰਦਾ ਕਿਹੜਾ ਵਿਦਿਆਰਥੀ ਕਿਸ ਸਾਲ ਸਾਡਾ ਵਿਦਿਆਰਥੀ ਸੀ।’’
‘‘ਸਰ, ਮੈਂ ਸੰਨ 1982 ਵਿੱਚ ਬੀ. ਏ. ਕੀਤੀ ਸੀ। ਇੱਕ ਗੱਲ ਹੋਰ ਵੀ ਏ ਅਸੀਂ ਜਮਾਤਾਂ ਵੀ ਘੱਟ ਹੀ ਲਗਾਇਆ ਕਰਦੇ ਸਾਂ। ਫੁੱਟਬਾਲ ਦੇ ਖਿਡਾਰੀ ਸਾਂ। ਸਾਡਾ ਬਹੁਤਾ ਵਾਸਤਾ ਡੀ.ਪੀ.ਈ. ਸਾਹਿਬ ਨਾਲ ਹੋਇਆ ਕਰਦਾ ਸੀ। ਡੀ.ਪੀ.ਈ. ਸਾਹਿਬ ਸਾਡੇ ਲੈਕਚਰ ਪੂਰੇ ਕਰਵਾ ਦਿਆ ਕਰਦੇ ਸਨ। ਉਹ ਤੁਹਾਨੂੰ ਸੈਸ਼ਨ ਦੇ ਸ਼ੁਰੂ ਵਿੱਚ ਹੀ ਕਹਿ ਦਿਆ ਕਰਦੇ ਸਨ ਕਿ ਖਿਡਾਰੀਆਂ ਦਾ ਖ਼ਿਆਲ ਰੱਖਿਓ। ਤੁਸੀਂ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਹੁੰਦੇ ਸੀ। ਤੁਸੀਂ ਵੈਸੇ ਵੀ ਬੜੇ ਫਿਰਾਖਦਿਲ ਸੀ। ਦੂਜਾ ਸਮਾਂ ਤੁਹਾਥੋਂ ਕੰਮ ਲੈਣ ਦਾ ਸਾਲਾਨਾ ਇਮਤਿਹਾਨ ਵੇਲੇ ਹੁੰਦਾ ਸੀ। ਇਮਤਿਹਾਨ ਤੋਂ ਮਹੀਨਾ ਕੁ ਪਹਿਲਾਂ ਤੁਸੀਂ ਸਾਨੂੰ ਸਵਾਲਾਂ ਦਾ ਐਸਾ ਗੈੱਸ ਲਗਾ ਕੇ ਦਿਆ ਕਰਦੇ ਸੀ ਕਿ ਤੁਹਾਡੇ ਦੱਸੇ ਸਵਾਲ ਅਕਸਰ ਪਰਚੇ ਵਿੱਚ ਆ ਹੀ ਜਾਇਆ ਕਰਦੇ ਸਨ। ਤੁਸੀਂ ਨਕਲ ਕਰਵਾਉਣ ਦੇ ਖਿਲਾਫ਼ ਹੋਇਆ ਕਰਦੇ ਸੀ। ਉਨ੍ਹਾਂ ਸਾਲਾਂ ਵਿੱਚ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਸਨ। ਪੰਜਾਬ ਵਿੱਚ ਖਾੜਕੂ ਲਹਿਰ ਚੱਲ ਰਹੀ ਸੀ। ਸਟਾਫ ਡਰਦਾ ਡਰਦਾ ਇਮਤਿਹਾਨਾਂ ਵਿੱਚ ਡਿਊਟੀ ਦਿੰਦਾ ਸੀ। ਭਾਵੇਂ ਅਸਲੀ ਖਾੜਕੂ ਨਕਲ ਦੇ ਖਿਲਾਫ਼ ਸਨ, ਫਿਰ ਵੀ ਆਮ ਜਿਹੇ ਮੁੰਡੇ ਵੀ ਸਟਾਫ ਲਈ ਡਰ ਦਾ ਕਾਰਨ ਬਣ ਹੀ ਜਾਂਦੇ ਸਨ। ਇਸ ਲਈ ਇਮਤਿਹਾਨਾਂ ਵਿੱਚ ਬਹੁਤੀ ਸਖ਼ਤੀ ਨਹੀਂ ਸੀ ਹੁੰਦੀ। ਕੁਝ ਤਾਂ ਨਕਲ ਵੱਜ ਜਾਂਦੀ ਸੀ ਤੇ ਕੁਝ ਅੰਦਰ ਆ ਕੇ ਸਾਡੇ ਡੀ.ਪੀ.ਈ. ਸਾਹਿਬ ਮਦਦ ਕਰਵਾ ਜਾਇਆ ਕਰਦੇ ਸਨ। ਡੀ.ਪੀ.ਈ. ਸਾਹਿਬ ਉਦੋਂ ਆਪਣੇ ਦੂਰ ਪੈਂਦੇ ਪਿੰਡ ਨਕੋਦਰ ਪਾਸ ਨਹੀਂ ਜਾਇਆ ਕਰਦੇ ਸਨ। ਉਦੋਂ ਉਹ ਛੜੇ ਹੀ ਸਨ ਤੇ ਕਾਲਜ ਦੇ ਨੇੜੇ ਹੀ ਕਮਰਾ ਕਿਰਾਏ ’ਤੇ ਲੈ ਕੇ ਰਹਿੰਦੇ ਹੁੰਦੇ ਸਨ। ਦੇਰ ਸ਼ਾਮ ਤੱਕ ਉਹ ਸਾਨੂੰ ਖਿਡਾਉਂਦੇ ਰਹਿੰਦੇ ਸਨ। ਉਨ੍ਹਾਂ ਸਾਲਾਂ ਵਿੱਚ ਸਾਡੀ ਟੀਮ ਇੱਕ ਵਾਰ ਇੰਟਰਵਰਸਿਟੀ ਚੈਂਪੀਅਨ ਵੀ ਬਣੀ ਸੀ।’’
‘‘ਹਾਂ! ਹੁਣ ਮੈਨੂੰ ਉਹ ਸਾਲ ਯਾਦ ਆ ਗਿਆ। ਉਦੋਂ ਫੁੱਟਬਾਲ ਵਿੱਚ ਸਾਡੇ ਕਾਲਜ ਦਾ ਸੱਚਮੁੱਚ ਹੀ ਬੜਾ ਵੱਡਾ ਨਾਮ ਸੀ। ਫੁਟਬਾਲ ਵਿੱਚ ਹੀ ਨਹੀਂ ਉਦੋਂ ਤਾਂ ਸਾਡੇ ਤਿੰਨ ਚਾਰ ਵਿਦਿਆਰਥੀਆਂ ਨੇ ਭਾਰ ਚੁੱਕਣ ਵਿੱਚ, ਕਬੱਡੀ ਵਿੱਚ ਤੇ ਇੱਕ ਕਰਾਸ ਕੰਟਰੀ ਰੇਸ ਵਿੱਚ ਵੀ ਚੰਗਾ ਨਾਮਣਾ ਖੱਟਿਆ ਸੀ।’’
‘‘ਸਰ, ਮੈਨੂੰ ਲੱਗਦਾ ਤੁਹਾਨੂੰ ਗੇਜਾ ਦੇ ਸੰਤੋਖ ਯਾਦ ਆ ਗਏ। ਉਨ੍ਹਾਂ ਦੇ ਨਾਮ ਕਾਲਜ ਦੇ ਸਨਮਾਨ ਬੋਰਡ ’ਤੇ ਵੀ ਲਿਖੇ ਹੋਏ ਹਨ।’’
‘‘ਹਾਂ, ਇਹ ਨਾਮ ਮੈਂ ਹੀ ਤਾਂ ਲਿਖਵਾਏ ਸਨ। ਪ੍ਰਿੰਸੀਪਲ ਨੇ ਸਨਮਾਨ ਬੋਰਡ ਨੂੰ ਪੂਰਾ ਕਰਵਾਉਣ ਦੀ ਡਿਊਟੀ ਮੇਰੀ ਹੀ ਲਗਾਈ ਸੀ। ਮੈਂ ਕਾਲਜ ਦਾ ਐੱਨ.ਸੀ.ਸੀ. ਅਫ਼ਸਰ ਸਾਂ। ਸਾਡਾ ਇੱਕ ਐੱਨ.ਸੀ.ਸੀ. ਦਾ ਕੈਡੇਟ ਦਿੱਲੀ ਰਿਪਬਲਿਕ ਡੇਅ ਪਰੇਡ ਲਈ ਵੀ ਚੁਣਿਆ ਗਿਆ ਸੀ। ਉਸ ਦਾ ਨਾਮ ਸੰਜੀਵ ਸੀ। ਉਹ ਕਾਲਜ ਵਿੱਚ ਐੱਨ.ਸੀ.ਸੀ. ਦਾ ਸਾਰਜੈਂਟ ਵੀ ਹੁੰਦਾ ਸੀ। ਮੈਂ ਉਸ ਦਾ ਨਾਮ ਵੀ ਸਨਮਾਨ ਬੋਰਡ ’ਤੇ ਲਿਖਵਾਇਆ ਸੀ। ਇਸ ਦੇ ਨਾਲ ਹੀ ਅਥਲੈਟਿਕਸ ਵਾਲਿਆਂ ਦਾ ਵੀ ਤੇ ਫੁੱਟਬਾਲ ਦੇ ਖਿਡਾਰੀਆਂ ਦਾ ਵੀ। ਹੋਰ ਵੀਕਐਂਡ ਕਿਵੇਂ ਬੀਤਿਆ?’’
‘‘ਸਰ, ਮੇਰਾ ਮਿੱਤਰ ਇੱਕ ਗੋਰਾ ਸਾਈਮਨ ਏ। ਉਹਦੇ ਨਾਲ ਗੱਡੀ ਵਿੱਚ ਵਿਸਲਰ ਸ਼ਹਿਰ ਵੱਲ ਗਿਆ ਸਾਂ। ਨਾਲ ਉਸ ਦੀ ਗਰਲਫਰੈਂਡ ਤੇ ਇੱਕ ਬੱਚਾ ਵੀ ਸਨ। ਮੈਂ ਗੱਡੀ ਚਲਾਈ। ਉੱਥੇ ਜਾ ਕੇ ਲੰਚ ਕੀਤਾ ਸੀ। ਫਿਰ ਪਹਾੜਾਂ ਦੇ ਸਿਖਰ ਤੱਕ ਸੈਰ ਕਰਨ ਗਏ। ਹੁਣ ਦੋ ਹਫ਼ਤਿਆਂ ਤੱਕ ਸਾਈਮਨ ਤੇ ਉਸ ਦੀ ਗਰਲਫਰੈਂਡ ਕੈਥਰੀਨ ਦਾ ਵਿਆਹ ਏ। ਵਿਆਹ ਵਿੱਚ ਵੀ ਹਿੱਸਾ ਲਵਾਂਗੇ।’’
‘‘ਵਿਆਹ ਅਜੇ ਹੋਇਆ ਹੀ ਨਹੀਂ? ਇਹ ਬੱਚਾ ਕਿਵੇਂ ਹੋ ਗਿਆ?’’ ਮੈਂ ਹੈਰਾਨੀ ਜ਼ਾਹਿਰ ਕੀਤੀ।


‘‘ਸਰ, ਜੋ ਕੁਝ ਤੁਹਾਨੂੰ ਹੈਰਾਨ ਕਰ ਰਿਹਾ ਏ ਇਹ ਕੁਝ ਇੱਥੇ ਆਮ ਵਰਤਾਰਾ ਏ। ਗੋਰੇ ਲੰਬਾ ਸਮਾਂ ਦੋਸਤੀ ਪਾ ਕੇ ਲੰਘਾ ਦਿੰਦੇ ਹਨ। ਇਸ ਸਮੇਂ ਦੌਰਾਨ ਕਈਆਂ ਦੇ ਤਾਂ ਬੱਚੇ ਵੀ ਹੋ ਜਾਂਦੇ ਹਨ। ਫਿਰ ਕਿਤੇ ਜਾ ਕੇ ਵਿਆਹ ਦੀ ਰਸਮ ਕਰਦੇ ਹਨ। ਹੁਣ ਤਾਂ ਸਾਡੇ ਦੇਸ਼ਾਂ ਦੇ ਮੁੰਡੇ ਕੁੜੀਆਂ ਵੀ ਇੱਥੇ ਲੰਬਾ ਸਮਾਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗ ਪਏ ਹਨ। ਇਹ ਵੱਖਰੀ ਗੱਲ ਹੈ ਕਿ ਇਹ ਬੱਚਾ ਪੈਦਾ ਕਰਨ ਤੋਂ ਗੁਰੇਜ਼ ਕਰਦੇ ਹਨ। ਇਨ੍ਹਾਂ ਦੇ ਮਨ ਵਿੱਚ ਸਮਾਜ ਅਤੇ ਧਰਮ ਦਾ ਮਾੜਾ ਮੋਟਾ ਡਰ ਭੈਅ ਅਜੇ ਵੀ ਹੈ।’’
‘‘ਜਗਜੀਤ, ਮੈਨੂੰ ਤਾਂ ਲੱਗਦਾ ਏ ਕਿ ਵਿਆਹ ਵਾਲੀ ਸੰਸਥਾ ਨੂੰ ਖ਼ਤਰਾ ਪੈਦਾ ਹੋਣ ਲੱਗ ਪਿਆ ਏ। ਅੱਜ ਦੇ ਯੁੱਗ ਦੇ ਇਸ ਰੁਝਾਨ ਨੇ ਰਿਸ਼ਤਿਆਂ ਦੀ ਟੁੱਟ ਭੱਜ ਵਧਾਉਣ ਹਿੱਤ ਚੋਖੀ ਮਾੜੀ ਭੂਮਿਕਾ ਨਿਭਾਈ ਏ। ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟਰੇਲੀਆ ਜਿਹੇ ਦੇਸ਼ਾਂ ਵਿੱਚ ਕਾਫ਼ੀ ਲੋਕ ਐਸੇ ਹਨ ਜੋ ਵਿਆਹ ਕਰਵਾਉਂਦੇ ਹੀ ਨਹੀਂ। ਕੁਝ ਐਸੇ ਹਨ ਜੋ ਮਾਂ-ਬਾਪ ਪਹਿਲਾਂ ਬਣ ਜਾਂਦੇ ਹਨ ਤੇ ਵਿਆਹ ਬਾਅਦ ਵਿੱਚ ਕਰਵਾਉਂਦੇ ਹਨ। ਐਸੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਜਿਨ੍ਹਾਂ ਦੇ ਤਲਾਕ ਤੇ ਟੁੱਟ ਭੱਜ ਹੋ ਜਾਂਦੀ ਏ। ਕੀ ਇਹ ਸਭ ਕੁਝ ਧਾਰਮਿਕ ਬੰਧਨ ਦੀ ਘਾਟ ਕਰਕੇ ਨਹੀਂ ਹੋ ਰਿਹਾ?’’
‘‘ਸਰ, ਗੱਲ ਤੁਹਾਡੀ ਠੀਕ ਲੱਗਦੀ ਏ। ਕੋਈ ਵੀ ਸਿਸਟਮ ਮਾਣ ਮਰਿਆਦਾ ਤੋਂ ਬਗੈਰ ਠੀਕ ਤਰ੍ਹਾਂ ਨਹੀਂ ਚੱਲ ਸਕਦਾ। ਇਸ ਦਾ ਕਾਰਨ ਸਮਾਜ ਦਾ ਵੱਡੇ ਪੱਧਰ ’ਤੇ ਸ਼ਹਿਰੀਕਰਨ ਵੀ ਹੈ। ਪਹਿਲੇ ਸਮਿਆਂ ਵਿੱਚ ਪਿੰਡ ਇੱਕ ਖ਼ੂਬਸੂਰਤ ਤੇ ਸਚਿਆਰੀ ਇਕਾਈ ਹੋਇਆ ਕਰਦੀ ਸੀ। ਕਈ ਪਿੰਡਾਂ ਵਿੱਚ ਤਾਂ ਸਾਰੇ ਪਿੰਡ ਦਾ ਗੋਤ ਵੀ ਇੱਕ ਹੀ ਹੋਇਆ ਕਰਦਾ ਸੀ। ਪਿੰਡ ਦੇ ਸਾਰੇ ਲੋਕ ਭੈਣ-ਭਰਾ ਹੋਇਆ ਕਰਦੇ ਸਨ। ਆਪਸ ਵਿੱਚ ਵਿਆਹ ਕਰਨ ਬਾਰੇ ਸੋਚਣਾ ਹੀ ਘਟੀਆ ਸੀ। ਦੂਜੇ ਪਿੰਡਾਂ ਤੱਕ ਸਬੰਧ ਕਾਇਮ ਕਰਨ ਲਈ ਲੋਕਾਂ ਕੋਲ ਨਾ ਤਾਂ ਸਾਧਨ ਸਨ ਤੇ ਨਾ ਹੀ ਦਲੇਰੀ। ਪਿੰਡਾਂ ਵਿੱਚ ਲੋਕ ਇੱਕ ਦੂਜੇ ਤੋਂ ਡਰਦੇ ਵੀ ਸਨ। ਪਿੰਡ ਵਿੱਚ ਮੁਹਤਬਰਾਂ ਦੀ ਚੱਲਦੀ ਵੀ ਬਹੁਤ ਸੀ। ਜਦ ਹੁਣ ਵੱਡੇ ਵੱਡੇ ਸ਼ਹਿਰ ਵਿਕਸਿਤ ਹੋ ਗਏ ਹਨ ਤਾਂ ਇਨ੍ਹਾਂ ਵਿੱਚ ਵਣ ਵਣ ਦੀ ਲੱਕੜੀ ਇਕੱਠੀ ਹੋ ਗਈ ਏ। ਕਿਸੇ ਨੂੰ ਕੋਈ ਪਤਾ ਹੀ ਨਹੀਂ, ਕੌਣ ਕਿੱਥੋਂ ਆਇਆ ਏ? ਬੇਗਾਨਗੀ ਜੀਵਨ ਦਾ ਧੁਰਾ ਬਣ ਗਈ ਏ। ਸ਼ਹਿਰੀਕਰਨ ਨੇ ਇੱਕ ਹੋਰ ਪ੍ਰਵਿਰਤੀ ਨੂੰ ਵੀ ਜਨਮ ਦਿੱਤਾ ਏ। ਜੇ ਕਿਸੇ ਦੀ ਮਾੜੀ ਹਰਕਤ ਕਾਰਨ ਵੱਡੇ ਸ਼ਹਿਰ ਦੇ ਇੱਕ ਇਲਾਕੇ ਵਿੱਚ ਕੁਝ ਬੇਇੱਜ਼ਤੀ ਹੋ ਜਾਵੇ ਤਾਂ ਉਹ ਆਪਣੀ ਰਿਹਾਇਸ਼ ਸ਼ਹਿਰ ਦੇ ਦੂਜੇ ਦੁਰਾਡੇ ਪਾਸੇ ਜਾ ਕੇ ਬਣਾ ਲੈਂਦਾ ਹੈ। ਜੇ ਦਿੱਲੀ ਵਿੱਚ ਕੋਈ ਸ਼ਾਲੀਮਾਰ ਬਾਗ਼ ਛੱਡ ਕੇ ਪੱਛਮ ਵਿਹਾਰ ਚਲਾ ਜਾਵੇ ਤਾਂ ਕਿਸੇ ਨੂੰ ਉਸ ਦੇ ਪਹਿਲੇ ਜੀਵਨ ਦਾ ਕੁਝ ਵੀ ਪਤਾ ਨਹੀਂ ਲੱਗਦਾ। ਮੈਂ ਤੁਹਾਨੂੰ ਪੰਜਾਬ ਵਿੱਚ ਸਾਡੇ ਇਲਾਕੇ ਦੀ ਇੱਕ ਸੱਚੀ ਘਟਨਾ ਬਿਆਨ ਦੱਸਦਾ ਹਾਂ।’’
‘‘ਕੀ ਕੁਝ ਖ਼ਾਸ ਵਾਪਰ ਗਿਐ?’’
‘‘ਇੱਥੇ ਅਮਰੀਕਾ ਵਿੱਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਦਾ ਇੱਕ ਰੇਸ਼ਮ ਸਿੰਘ ਨਾਮਕ ਅੱਧਖੜ ਤੋਂ ਵੀ ਜ਼ਿਆਦਾ ਉਮਰ ਦਾ ਬੰਦਾ ਏ। 25 ਕੁ ਸਾਲ ਪਹਿਲਾਂ ਉਹ ਅਮਰੀਕਾ ਨੂੰ ਆ ਗਿਆ ਸੀ। ਕਾਫ਼ੀ ਸਾਲ ਪੱਕਾ ਨਹੀਂ ਹੋ ਸਕਿਆ। ਪਿੱਛੇ ਮਾਂ ਪਿਓ ਕਾਫ਼ੀ ਉਮਰ ਦੇ ਹੋ ਗਏ। ਉਹ ਵਿਆਹ ਦੀ ਦੁਹਾਈ ਦੇਈ ਜਾਣ। ਮੰਗਣੀ ਕਰਵਾਉਣ ਲਈ ਮੰਨ ਗਿਆ। ਫੋਟੋ ’ਤੇ ਪਿੰਡ ਵਿੱਚ ਮੰਗਣੀ ਕਰ ਦਿੱਤੀ। ਇਸ ਮੰਗਣੀ ਵਿੱਚ ਧਰਮ ਦੀ ਸ਼ਮੂਲੀਅਤ ਹੈ ਹੀ ਨਹੀਂ ਸੀ। ਜਦ ਕਿਤੇ ਰੇਸ਼ਮ ਸਿੰਘ ਪੱਕਾ ਹੋਇਆ। ਕੁਝ ਸਮਾਂ ਗਰੀਨ ਕਾਰਡ ਨੂੰ ਲੱਗ ਗਿਐ। ਪੱਕਾ ਹੋਣ ’ਤੇ ਮੰਗੇਤਰ ਨੂੰ ਅਮਰੀਕਾ ਹੀ ਬੁਲਾ ਲਿਆ। ਖ਼ਰਚਾ ਚੰਗਾ ਹੋ ਗਿਐ। ਵਿਆਹ ਤੋਂ ਬਗੈਰ ਹੀ ਦੰਪਤੀ ਇਕੱਠੇ ਰਹਿੰਦੇ ਰਹੇ। ਹੁਣ ਉਨ੍ਹਾਂ ਦਾ 10 ਕੁ ਸਾਲ ਦਾ ਇੱਕ ਲੜਕਾ ਹੈ। ਕਦੀ ਲਾਵਾਂ ਲੈਣ ਲਈ ਸਮਾਂ ਨਾ ਮਿਲਿਆ, ਕਦੀ ਲਾਵਾਂ ਲੈਣ ਲਈ ਪੰਜਾਬ ਨਾ ਜਾ ਹੋਇਆ, ਕਦੀ ਪੈਸਿਆਂ ਦੀ ਥੁੜ੍ਹ ਰਹੀ, ਕਦੀ ਪੱਕਾ ਹੋਣ ਲਈ ਸਮਾਂ ਲੱਗ ਗਿਐ। ਉਹਨੂੰ ਹੁਣ ਪੁੱਛੋ, ‘‘ਰੇਸ਼ਮ ਸਿਹਾਂ, ਲਾਵਾਂ ਤਾਂ ਲੈ ਲੈਣੀਆਂ ਸੀ। ਹੁਣ ਤਾਂ ਬਹੁਤ ਹੋ ਗਿਐ।’’ ਉਹ ਜਵਾਬ ਵਿੱਚ ਕਹੂ, ‘‘ਕਾਮਰੇਡਾਂ ਨੂੰ ਕੀ ਫ਼ਰਕ ਪੈਂਦੈ? ਸਬੰਧ ਠੀਕ ਚੱਲ ਰਹੇ ਹਨ। ਜੇ ਲਾਵਾਂ ਨਾ ਵੀ ਲਈਏ ਤਾਂ ਕੀ ਹੋ ਜਾਊ?’’
‘‘ਉਸ ਦਾ ਇਹ ਉੱਤਰ ਸੁਣ ਕੇ ਅਸੀਂ ਸੋਚਾਂ ਵਿੱਚ ਪੈ ਜਾਂਦੇ ਹਾਂ। ਮਨ ਵਿੱਚ ਆਉਂਦਾ ਏ, ਲਾਵਾਂ ਸਬੰਧਾਂ ਨੂੰ ਪਕੇਰਾ ਤੇ ਪਵਿੱਤਰ ਕਰਦੀਆਂ ਹਨ। ਮਰਿਆਦਾ ਤੇ ਧਾਰਮਿਕ ਬੰਧਨ ਸਮਾਜਿਕ ਸਬੰਧਾਂ ਦਾ ਧੁਰਾ ਹਨ।’’
‘‘ਕੀ ਰੇਸ਼ਮ ਸਿੰਘ ਠੀਕ ਕਰ ਰਿਹਾ ਏ?’’ ਮੈਂ ਬੇਬਾਕੀ ਨਾਲ ਪੁੱਛਿਆ।
‘‘ਮੈਨੂੰ ਲੱਗਦਾ ਏ ਨਹੀਂ। ਇਹ ਕਹਿ ਕੇ ਉਹ ਚੁੱਪ ਕਰ ਗਿਐ ਤੇ ਫਿਰ ਕੁਝ ਸੋਚ ਕੇ ਬੋਲਿਆ, ‘‘ਅਸੀਂ ਸਮਾਜਿਕ ਪ੍ਰਾਣੀ ਹਾਂ। ਸਾਡੇ ਸਬੰਧ ਤਾਂ ਪੱਕੇ ਹੁੰਦੇ ਹਨ ਜੇ ਉਨ੍ਹਾਂ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੋਵੇ। ਸਮਾਜ ਦਾ ਵੱਡਾ ਹਿੱਸਾ ਅਨਪੜ੍ਹ ਤੇ ਅਰਧ ਪੜਿ੍ਹਆ ਲਿਖਿਆ ਹੁੰਦਾ ਏ। ਇੱਹ ਵੱਡਾ ਹਿੱਸਾ ਧਰਮ ਤੇ ਰੱਬ ਦੇ ਡਰ ਭੈਅ ਵਿੱਚ ਰਹਿੰਦਾ ਹੋਇਆ ਹੀ ਸਦਾਚਾਰੀ ਤੇ ਸੱਚਾ ਸੁੱਚਾ ਬਣਦਾ ਹੈ। ਕਾਨੂੰਨ ਨਾਲੋਂ ਸਮਾਜਿਕ ਮਾਨਤਾ ਜ਼ਿਆਦਾ ਮਹੱਤਵ ਰੱਖਦੀ ਹੈ। ਕਿਸੇ ਵੀ ਖਿੱਤੇ ਦੇ ਕਾਨੂੰਨ ਉੱਥੋਂ ਦੀਆਂ ਰਸਮਾਂ ਤੇ ਰਿਵਾਜਾਂ ਨੂੰ ਦੇਖ ਕੇ ਉਨ੍ਹਾਂ ਮੁਤਾਬਕ ਬਣਾਏ ਜਾਂਦੇ ਹਨ। ਰੇਸ਼ਮ ਨੂੰ ਚਾਹੀਦਾ ਹੈ ਕਿ ਲਾਵਾਂ ਜ਼ਰੂਰ ਲੈ ਲਵੇ। ਦੇਰ ਆਏ ਦਰੁਸਤ ਆਏ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ।’’ ਉਸ ਦੇ ਵਿਚਾਰ ਸੁਣ ਕੇ ਮੈਂ ਚੁੱਪ ਹੋ ਗਿਆ।
ਸੰਪਰਕ: 0437641033
Advertisement

Advertisement