ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਲਵੰਡੀ ਸਾਬੋ ਦੇ ਇੱਕੋ ਘਰ ’ਚ ਹਨ 427 ਵੋਟਰ

06:38 AM May 29, 2024 IST

* ਸਿਆਸੀ ਆਗੂ ਲਾ ਰਹੇ ਨੇ ਨਿਹੰਗ ਸਿੰਘਾਂ ਦੇ ਇਸ ਘਰ ਦੀਆਂ ਗੇੜੀਆਂ

Advertisement

ਚਰਨਜੀਤ ਭੁੱਲਰ
ਤਲਵੰਡੀ ਸਾਬੋ, 28 ਮਈ
ਬਠਿੰਡਾ ਸੰਸਦੀ ਹਲਕੇ ’ਚ ਤਲਵੰਡੀ ਸਾਬੋ ’ਚ ਇੱਕ ਅਜਿਹਾ ਘਰ ਹੈ ਜਿੱਥੇ ਇੱਕੋ ਘਰ ਵਿਚ 427 ਵੋਟਰ ਰਹਿੰਦੇ ਹਨ। ਸ਼ਾਇਦ ਪੰਜਾਬ ਦਾ ਇਹ ਪਹਿਲਾ ਏਡਾ ਘਰ ਹੋਵੇਗਾ ਜਿੱਥੇ ਇੱਕੋ ਛੱਤ ਹੇਠ ਸੈਂਕੜੇ ਵੋਟਰ ਰਹਿ ਰਹੇ ਹਨ। ਹਰ ਸਿਆਸੀ ਪਾਰਟੀ ਦੀ ਅੱਖ ਇਸ ਘਰ ’ਤੇ ਰਹਿੰਦੀ ਹੈ ਅਤੇ ਇਸ ਘਰ ਦੀ ਹਮਾਇਤ ਲੈਣ ਲਈ ਉਮੀਦਵਾਰ ਗੇੜੇ ਕੱਢਦੇ ਰਹਿੰਦੇ ਹਨ। ਤਲਵੰਡੀ ਸਾਬੋ ਦੇ ਵਾਰਡ ਨੰਬਰ-ਦੋ ਅਤੇ ਭਾਗ ਨੰਬਰ 118 ਵਿਚ ਕੁੱਲ 869 ਵੋਟਰ ਹਨ ਜਿਨ੍ਹਾਂ ਵੱਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਵਿਚਲੇ ਪੋਲਿੰਗ ਸਟੇਸ਼ਨ ’ਤੇ ਵੋਟ ਪਾਈ ਜਾਵੇਗੀ।ਵਾਰਡ ਨੰਬਰ-ਦੋ ਦੇ ਇਨ੍ਹਾਂ ਕੁੱਲ 869 ਵੋਟਰਾਂ ’ਚੋਂ ਇਕੱਲੇ ਮਕਾਨ ਨੰਬਰ-29 ਵਿਚ 427 ਵੋਟਰ ਰਹਿੰਦੇ ਹਨ ਜੋ ਕੁੱਲ ਵੋਟਰਾਂ ਦਾ 49.13 ਫ਼ੀਸਦੀ ਬਣਦੇ ਹਨ। ਇਸ ਘਰ ਦੀ ਸਿਆਸੀ ਪੁੱਛਗਿੱਛ ਹੋਣੀ ਸੁਭਾਵਿਕ ਹੈ। ਤਾਜ਼ਾ ਵੋਟਰ ਸੂਚੀ ਅਨੁਸਾਰ ਇਨ੍ਹਾਂ ਸਾਰੇ ਵੋਟਰਾਂ ਦੇ ਪਿਤਾ ਦਾ ਨਾਮ ਸੰਤਾ ਸਿੰਘ ਹੈ ਜੋ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਦਾ 8 ਮਈ 2008 ਨੂੰ ਦੇਹਾਂਤ ਹੋ ਗਿਆ ਸੀ। ਇਹ ਘਰ ਬੁੱਢਾ ਦਲ ਦੇ 13ਵੇਂ ਜਥੇਦਾਰ ਬਾਬਾ ਸੰਤ ਸਿੰਘ ਜੀ ਨਿਹੰਗ ਸਿੰਘ 96ਵੇਂ ਕਰੋੜੀ ਦਾ ਹੈ। ਤਲਵੰਡੀ ਸਾਬੋ ਵਿੱਚ ਬੁੱਢਾ ਦਲ ਦੀ ਛਾਉਣੀ ਹੈ ਜਿੱਥੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਰਹਿੰਦੀਆਂ ਹਨ। ਇਸ ਘਰ ਵਿਚਲੇ ਸਾਰੇ ਵੋਟਰਾਂ ਨੇ ਆਪਣੇ ਪਿਤਾ ਦਾ ਨਾਮ ਸੰਤਾ ਸਿੰਘ ਲਿਖਵਾਇਆ ਹੈ। ਨਿਹੰਗ ਸਿੰਘਾਂ ਦੀਆਂ ਰਵਾਇਤਾਂ ਅਨੁਸਾਰ ਅਜਿਹਾ ਕੀਤਾ ਗਿਆ ਹੈ। ਇਸ ਘਰ ’ਚ ਸਭ ਤੋਂ ਵਡੇਰੀ ਉਮਰ ਦਾ ਵੋਟਰ ਸ਼ੇਰ ਸਿੰਘ ਹੈ ਜਿਸ ਦੀ ਉਮਰ 95 ਸਾਲ ਹੈ ਅਤੇ ਸਭ ਤੋਂ ਛੋਟੀ ਉਮਰ ਦਾ ਵੋਟਰ ਨਿਰੰਜਨ ਸਿੰਘ ਹੈ ਜੋ 34 ਵਰ੍ਹਿਆਂ ਦਾ ਹੈ। ਇਸ ਘਰ ’ਚ ਸਰਦਾਰਾ ਸਿੰਘ, ਮੁਕੰਦ ਸਿੰਘ, ਪੂਰਨ ਸਿੰਘ ਅਤੇ ਤੇਜਾ ਸਿੰਘ ਵੀ ਸੀਨੀਅਰ ਵੋਟਰ ਹਨ ਜਿਨ੍ਹਾਂ ਦੀ ਉਮਰ 90-90 ਸਾਲ ਹੈ। ਇਸ ਘਰ ਦੇ 40 ਵੋਟਰਾਂ ਦੀ ਉਮਰ 80 ਤੋਂ 95 ਸਾਲ ਤੱਕ ਹੈ। 64 ਵੋਟਰਾਂ ਦੀ ਉਮਰ 30 ਤੋਂ 40 ਸਾਲ ਤੱਕ ਹੈ। ਇਸੇ ਤਰ੍ਹਾਂ 70 ਸਾਲ ਤੋਂ 80 ਸਾਲ ਤੱਕ ਦੀ ਉਮਰ ਦੇ ਵੋਟਰਾਂ ਦੀ ਗਿਣਤੀ 6 ਹੈ ਜਦੋਂ ਕਿ 86 ਵੋਟਰਾਂ ਦੀ ਉਮਰ 60 ਸਾਲ ਤੋਂ 70 ਸਾਲ ਤੱਕ ਦੀ ਹੈ। ਇਸ ਤੋਂ ਇਲਾਵਾ 50 ਸਾਲ ਤੋਂ 60 ਸਾਲ ਤੱਕ ਦੀ ਉਮਰ ਦੇ 97 ਵੋਟਰ ਹਨ। ਔਰਤ ਵੋਟਰਾਂ ਵਿਚ ਮਨਦੀਪ ਕੌਰ 34 ਸਾਲ ਦੀ ਵੋਟਰ ਹੈ ਜਦੋਂ ਕਿ ਜਸਵੀਰ ਕੌਰ 36 ਸਾਲ ਦੀ ਵੋਟਰ ਹੈ। ਜਾਣਕਾਰੀ ਅਨੁਸਾਰ ਇਸ ਘਰ ਦੀਆਂ ਕਦੇ ਵੀ ਸਾਰੀਆਂ ਵੋਟਾਂ ਪੋਲ ਨਹੀਂ ਹੋਈਆਂ। ਪਿਛਲੇ ਦਿਨਾਂ ਵਿਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਸ ਘਰ ਤੱਕ ਪਹੁੰਚ ਕੀਤੀ ਗਈ ਹੈ। ਇਤਿਹਾਸ ਦੇਖੀਏ ਤਾਂ ਬਾਬਾ ਸੰਤਾ ਸਿੰਘ ਦਾ ਰਾਜਸੀ ਝੁਕਾਅ ਕਾਂਗਰਸ ਵੱਲ ਰਿਹਾ ਹੈ। ਇਸ ਘਰ ਵਿਚ ਅਲੱਗ-ਅਲੱਗ ਨਾਵਾਂ ਵਾਲੇ ਵੋਟਰ ਹਨ ਜਿਨ੍ਹਾਂ ਦਾ ਪਿਛੋਕੜ ਅਲੱਗ ਅਲੱਗ ਇਲਾਕਿਆਂ ਦਾ ਹੈ। ਵੋਟਰ ਸੂਚੀ ਦੀ ਸੁਧਾਈ ਮਗਰੋਂ ਇਸ ਘਰ ਦੇ ਵੋਟਰਾਂ ਦੀ ਗਿਣਤੀ ਵਿਚ ਘਾਟਾ-ਵਾਧਾ ਵੀ ਹੁੰਦਾ ਰਹਿੰਦਾ ਹੈ। ਸਥਾਨਕ ਆਗੂਆਂ ਅਨੁਸਾਰ ਸਥਾਨਕ ਚੋਣਾਂ ਵੇਲੇ ਤਾਂ ਇਸ ਘਰ ਦੀਆਂ ਵੋਟਾਂ ਜਿੱਤ-ਹਾਰ ਤੈਅ ਕਰਦੀਆਂ ਹਨ।

Advertisement
Advertisement