For the best experience, open
https://m.punjabitribuneonline.com
on your mobile browser.
Advertisement

ਫਿਰ ਯਾਦ ਆਇਆ ਰਜੇਂਦਰ ਕ੍ਰਿਸ਼ਨ

01:31 PM Jan 30, 2023 IST
ਫਿਰ ਯਾਦ ਆਇਆ ਰਜੇਂਦਰ ਕ੍ਰਿਸ਼ਨ
Advertisement

ਜਗਵਿੰਦਰ ਜੋਧਾ

Advertisement

ਅੱਜ ਦਾ ਸੋਸ਼ਲ ਮੀਡੀਆ ਦੌਰ ਵਾਇਰਲ ਚੇਤਨਾ ਦੀ ਸਿਖਰ ਦਾ ਹੈ। ਕੁਝ ਸਾਲ ਪਹਿਲਾਂ ਸਮੀਰ ਅਮੀਨ ਨੇ ਇਸ ਨੂੰ ਨਿਗਰਾਨ ਪੂੰਜੀਵਾਦ ਕਿਹਾ ਸੀ। ਲਗਾਤਾਰ ਨਵਿਆਉਂਦੇ ਆਪਣੇ ਰੂਪ ਨਾਲ ਇਹ ਪੂੰਜੀ ਵਰਤਾਰਾ ਹੁਣ ਇੱਥੋਂ ਤਕ ਆ ਪਹੁੰਚਾ ਹੈ। ਕੋਈ ਦੌਰ ਪ੍ਰਚਲਿਤ ਨਹੀਂ ਹੋ ਸਕਦਾ ਜੇ ਉਸ ਵਿਚ ਮਨੁੱਖੀ ਭਾਵਨਾਵਾਂ ਦੀ ਤਰਜਮਾਨੀ ਦਾ ਪੱਖ ਨਾ ਪਿਆ ਹੋਵੇ। ਇਸ ਲਈ ਸਾਡੀਆਂ ਸਮ੍ਰਿਤੀਆਂ ਵਿਚ ਪਏ ਕਲਾਸਿਕ ਕਹੇ ਜਾਣ ਵਾਲੇ ਗੀਤ, ਕਵਿਤਾਵਾਂ ਆਦਿ ਨਵੇਂ ਰੂਪ ਵਿਚ ਵਾਇਰਲ ਹੁੰਦੇ ਰਹਿੰਦੇ ਹਨ। ਬਹੁਤੇ ਲੋਕ ਇਨ੍ਹਾਂ ਬਾਰੇ ਬਿਨਾ ਜਿ਼ਆਦਾ ਜਾਣਿਆਂ ਇਨ੍ਹਾਂ ਦੀ ਖਪਤ ਕਰਦੇ ਰਹਿੰਦੇ ਹਨ।

ਪਿਛਲੇ ਦਿਨੀਂ 1954 ਵਿਚ ਆਈ ਫਿਲਮ ‘ਨਾਗਿਨ’ ਦਾ ਗੀਤ ਬੜਾ ਵਾਇਰਲ ਹੋਇਆ। ਹਰ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਇਹ ਗੀਤ ਨਵੇਂ ਰੂਪ ਵਿਚ ਚਲਦਾ ਰਿਹਾ। ਲੋਕਾਂ ਨੇ ਨੱਚ ਕੇ ਇਸ ਗੀਤ ਨਾਲ ਆਪਣੀ ਸਾਂਝ ਜ਼ਾਹਿਰ ਕੀਤੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਸ ਦੇ ਲੇਖਕ ਕੌਣ ਸਨ ਤੇ ਇਸ ਗੀਤ ਦਾ ਪਿਛੋਕੜ ਕੀ ਰਿਹਾ ਸੀ। ਇਹ ਫਿਲਮ ਬਣਨੀ ਸੰਯੋਗ ਵਾਂਗ ਸੀ। ਪ੍ਰਸਿੱਧ ਨਿਰਮਾਤਾ ਐੱਸ ਮੁਕਰਜੀ ਬੰਬੇ ਟਾਕੀਜ਼ ਲਈ ਜਾਸੂਸੀ ਫਿਲਮ ਬਣਾਉਣਾ ਚਾਹੁੰਦੇ ਸਨ। ਕਾਸਟਿੰਗ ਹੋਈ ਅਤੇ ਵੈਜੰਤੀ ਮਾਲਾ ਤੇ ਦਲੀਪ ਕੁਮਾਰ ਨੂੰ ਲੈ ਲਿਆ। ਫਿਲਮ ਦੇ ਨਿਰਦੇਸ਼ਕ ਜਯੰਤ ਬਸੂ ਹੋਣੇ ਸਨ। ਬਸੂ ਅੱਖੜ ਸੁਭਾਅ ਦਾ ਨਿਰਦੇਸ਼ਕ ਸੀ। ਜਦੋਂ ਨਿਰਮਾਤਾ ਦੀ ਉਸ ਨਾਲ ਨਾ ਬਣੀ ਤਾਂ ਉਹ ਫਿਲਮ ਤੋਂ ਵੱਖ ਹੋ ਗਿਆ। ਨਾਲ ਹੀ ਕਹਾਣੀ ਲੇਖਕ ਆਪਣੀ ਕਹਾਣੀ ਲੈ ਕੇ ਖਿਸਕ ਗਿਆ। ਫਿਰ ਰਜੇਂਦਰ ਕ੍ਰਿਸ਼ਨ ਨੂੰ ਯਾਦ ਕੀਤਾ ਗਿਆ। ਰਜਿੰਦਰ ਕ੍ਰਿਸ਼ਨ ਸਾਂਝੇ ਮੂਲ ਰੂਪ ਵਿਚ ਪੰਜਾਬੀ ਲੇਖਕ ਸੀ। ਉਹ ਸੰਜੀਦਾ ਸਾਹਿਤ ਲਿਖਣਾ ਚਾਹੁੰਦਾ ਸੀ। ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਉਹ ਬੰਬੇ ਪੁੱਜ ਗਿਆ, ਜਿਵੇਂ ਉਸ ਦੌਰ ਦੇ ਬਹੁਤੇ ਨੌਜਵਾਨ ਕਰਦੇ ਸਨ। ਬੰਬੇ ਪੁੱਜ ਕੇ ਉਹਨੇ ਕੁਝ ਚੰਗੀਆਂ ਫਿਲਮਾਂ ਦੀ ਕਹਾਣੀ ਤੇ ਸੰਵਾਦ ਲਿਖੇ। ਇਨ੍ਹਾਂ ਵਿਚ ਅਨਾਰਕਲੀ, ਬਲੱਫ ਮਾਸਟਰ, ਬੰਬੇ ਟੂ ਗੋਆ, ਬ੍ਰਹਮਚਾਰੀ, ਖ਼ਾਨਦਾਨ, ਸਾਧੂ ਔਰ ਸ਼ੈਤਾਨ, ਬਲੈਕਮੇਲ, ਬਨਾਰਸੀ ਬਾਬੂ, ਅੱਲ੍ਹਾ ਰੱਖਾ ਆਦਿ ਮੁੱਖ ਸਨ। ਉਹਦਾ ਕੰਮ ਚੱਲ ਨਿਕਲਿਆ ਸੀ ਤੇ ਉਹ ਭਾਰਤੀ ਫਿਲਮ ਇਤਿਹਾਸ ਵਿਚ ਆਪਣੇ ਦੌਰ ਦਾ ਸਭ ਤੋਂ ਸਫ਼ਲ ਲੇਖਕ ਸੀ। ਉਹਨੂੰ ਘੋੜ ਦੌੜ ‘ਤੇ ਪੈਸਾ ਲਾਉਣ ਦਾ ਭੁਸ ਸੀ ਤੇ ਇਸ ਨਾਲ ਉਹਦੀ ਬਹੁਤੀ ਕਮਾਈ ਚਲੀ ਜਾਂਦੀ ਸੀ। 70ਵਿਆਂ ਦੇ ਅੱਧ ਵਿਚ ਇਸ ਨੇ ਇਕ ਦੌੜ ਵਿਚ ਸ਼ਰਾਬੀ ਹੋ ਕੇ ਕਮਜ਼ੋਰ ਜਿਹੇ ਘੋੜੇ ‘ਤੇ ਪੈਸਾ ਲਾ ਦਿੱਤਾ। ਇਤਫ਼ਾਕ ਨਾਲ ਉਹ ਘੋੜਾ ਜਿੱਤ ਗਿਆ ਤੇ ਰਜੇਂਦਰ ਕ੍ਰਿਸ਼ਨ ਨੇ ਕਰੀਬ 46 ਲੱਖ ਰੁਪਏ ਜਿੱਤ ਲਏ। ਇਹ ਰਕਮ ਉਸ ਦੌਰ ਵਿਚ ਦੌਲਤ ਦੇ ਅੰਬਾਰ ਵਾਂਗ ਸੀ।

ਖ਼ੈਰ… ਰਜੇਂਦਰ ਕ੍ਰਿਸ਼ਨ 1953 ਵਿਚ ਬੜਾ ਰੁੱਝਿਆ ਲੇਖਕ ਸੀ। ਉਹਨੂੰ ਮਨਾਉਣਾ ਇੰਨਾ ਸੌਖਾ ਨਹੀਂ ਸੀ। ਮੁਕਰਜੀ ਨੇ ਨਿਰਦੇਸ਼ਕ ਵਜੋਂ ਨੰਦਲਾਲ ਜਸਵੰਤਲਾਲ ਨਾਂ ਦੇ ਸਹਾਇਕ ਨੂੰ ਚੁਣਿਆ। ਉਹ ਕਿਸੇ ਜ਼ਮਾਨੇ ਵਿਚ ਰਜੇਂਦਰ ਕ੍ਰਿਸ਼ਨ ਦਾ ਰੂਮਮੇਟ ਰਿਹਾ ਸੀ। ਉਹਨੇ ਰਜੇਂਦਰ ਕ੍ਰਿਸ਼ਨ ਨੂੰ ਮਨਾਉਣ ਦੀ ਜਿ਼ੰਮੇਵਾਰੀ ਓਟ ਲਈ।

ਰਜੇਂਦਰ ਕ੍ਰਿਸ਼ਨ ਨੇ ਆਪਣੇ ਬਚਪਨ ਵਿਚ ਸਪੇਰਿਆਂ ਦੀ ਬਸਤੀ ਵਿਚ ਕੁਝ ਦਿਨ ਬਿਤਾਏ ਸਨ। ਉਹਨੇ ਉਨ੍ਹਾਂ ਦੀ ਜਿ਼ੰਦਗੀ ਤੇ ਰਵਾਇਤਾਂ ਨੂੰ ਨੇੜਿਓਂ ਦੇਖਿਆ ਸੀ। ਇਸ ਬਾਰੇ ਉਹਨੇ ਨਾਵਲ ਵੀ ਲਿਖਿਆ ਸੀ। ਇਹ ਨਾਵਲ ਦੋ ਕਬੀਲਿਆਂ ਦੀ ਕਹਾਣੀ ਸੀ ਜਿਨ੍ਹਾਂ ਵਿਚ ਦੁਸ਼ਮਣੀ ਦੇ ਬਾਵਜੂਦ ਸਰਦਾਰਾਂ ਦੇ ਬੱਚੇ ਮੁਹੱਬਤ ਕਰ ਬੈਠਦੇ ਹਨ। ਜਦੋਂ ਨੰਦਲਾਲ ਨੂੰ ਇਹ ਕਹਾਣੀ ਸੁਣਾਈ ਤਾਂ ਉਹਨੇ ਫੌਰਨ ਪਸੰਦ ਕਰ ਲਈ। ਇਸ ਉੱਪਰ ਹੀ ਫਿਲਮ ਬਣਾਉਣਾ ਤੈਅ ਹੋਇਆ। ਦਲੀਪ ਕੁਮਾਰ ਦੀ ਥਾਂ ਨਾਇਕ ਦੀ ਭੂਮਿਕਾ ਵਿਚ ਪ੍ਰਦੀਪ ਕੁਮਾਰ ਆ ਗਿਆ। ਸੰਗੀਤ ਲਈ ਹੇਮੰਤ ਕੁਮਾਰ ਨਾਲ ਗੱਲ ਹੋਈ। ਗੀਤ ਸ਼ਕੀਲ ਬਦਾਯੂੰਨੀ ਨੇ ਲਿਖਣੇ ਸਨ। ਸ਼ਕੀਲ ਨੇ ਆਖ਼ਰੀ ਵਕਤ ‘ਤੇ ਰੱਫੜ ਪਾ ਲਿਆ। ਨੰਦਲਾਲ ਨੇ ਰਜੇਂਦਰ ਕ੍ਰਿਸ਼ਨ ਨੂੰ ਹੀ ਗੀਤ ਲਿਖਣ ਲਈ ਕਹਿ ਦਿੱਤਾ।

ਹੇਮੰਤ ਕੁਮਾਰ ਕੋਈ ਉਦਾਸ ਗੀਤ ਬਣਾਉਣਾ ਚਾਹੁੰਦਾ ਸੀ। ਉਹਨੇ ਵਿਛੋੜੇ ਦੀ ਹਾਲਤ ਵਿਚ ਨਿਰਦੇਸ਼ਕ ਦੀ ਮੰਗ ਦੱਸ ਕੇ ਗੀਤ ਬਾਰੇ ਗੱਲ ਕੀਤੀ। ਰਜੇਂਦਰ ਕ੍ਰਿਸ਼ਨ ਕੁਝ ਸਾਲ ਪਹਿਲਾਂ ਨੈਨੀਤਾਲ ਵਿਚ ਗਿਆ ਤਾਂ ਪਰਿਵਾਰ ਬਿਨਾ ਵਿਯੋਗਿਆ ਗਿਆ ਸੀ। ਉਹਨੇ ਉਥੋਂ ਕਵਿਤਾ ਦੇ ਰੂਪ ਵਿਚ ਆਪਣੀ ਬੀਵੀ ਨੂੰ ਕੁਝ ਖ਼ਤ ਲਿਖੇ ਸਨ। ਉਨ੍ਹਾਂ ਵਿਚੋਂ ਇਕ ਖ਼ਤ ਵਿਚ ਇਹ ਨਜ਼ਮ ਲਿਖੀ ਸੀ:

ਭੀਗਾ ਭੀਗਾ ਹੈ ਸਮਾਂ ਐਸੇ ਮੇਂ ਹੈ ਤੂ ਕਹਾਂ….

ਜਦੋਂ ਇਹ ਬੋਲ ਹੇਮੰਤ ਕੁਮਾਰ ਨੇ ਸੁਣੇ ਤਾਂ ਉਹਨੇ ਫੌਰਨ ਹੀ ਧੁਨ ਬਣਾ ਦਿੱਤੀ। ਨਾਲ ਹੀ ਇਕ ਇਕ ਸਤਰ ਹੋਰ ਜੋੜ ਦਿੱਤੀ: ਮੇਰਾ ਦਿਲ ਯੇ ਪੁਕਾਰੇ ਆ ਜਾ…

ਰਜੇਂਦਰ ਕ੍ਰਿਸ਼ਨ ਨੇ ਗੀਤ ਪੂਰਾ ਕੀਤਾ। ਗੀਤ ਕਾਵਿਕ ਦੀ ਥਾਂ ਆਮ ਭਾਸ਼ਾ ਵਿਚ ਜਿ਼ਆਦਾ ਲਿਖਿਆ ਗਿਆ ਸੀ; ਇਸ ਲਈ ਬਸ ਇਤਨਾ ਮੁਝੇ ਸਮਝਾਜਾ ਵਰਗੀਆਂ ਸਾਧਾਰਨ ਤਰਕੀਬਾਂ ਆਉਂਦੀਆਂ ਹਨ। ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਅਤੇ ਵੈਜੰਤੀ ਮਾਲਾ ਦੀ ਅਦਾਕਾਰੀ ਕਰ ਕੇ ਬੜਾ ਪ੍ਰਸਿੱਧ ਰਿਹਾ। ਰਜੇਂਦਰ ਕ੍ਰਿਸ਼ਨ ਦੇ ਹੋਰ ਬੜੇ ਗੀਤ ਸਨ ਜੋ ਆਪਣੇ ਅੰਦਾਜ਼ ਲਈ ਪ੍ਰਸਿੱਧ ਰਹੇ। ਇਨ੍ਹਾਂ ਵਿਚ ‘ਚੁਪ ਚੁਪ ਖੜ੍ਹੇ ਹੋ ਜ਼ਰੂਰ ਕੋਈ ਬਾਤ ਹੈ’ (ਬੜੀ ਬਹਿਨ), ‘ਯੇ ਜਿ਼ੰਦਗੀ ਉਸੀ ਕੀ ਹੈ’ (ਅਨਾਰਕਲੀ), ‘ਯਹਾਂ ਡਾਲ ਡਾਲ ਪਰ ਸੋਨੇ ਕੀ ਚਿੜੀਆ’ (ਸਿਕੰਦਰੇ-ਆਜ਼ਮ), ‘ਏਕ ਚਤੁਰ ਨਾਰ’ (ਪੜੋਸਨ), ‘ਪਲ ਪਲ ਦਿਲ ਕੇ ਪਾਸ’ (ਬਲੈਕਮੇਲ), ‘ਸਈਆਂ ਦਿਲ ਮੈਂ ਆਨਾ ਰੇ’ (ਬਹਾਰ) ਆਦਿ ਦਾ ਜਿ਼ਕਰ ਕੀਤਾ ਜਾਵੇਗਾ।

ਆਪਣੇ ਦੌਰ ਵਿਚ ਇੰਨਾ ਮਿਆਰੀ ਕੰਮ ਦੇਣ ਦੇ ਬਾਵਜੂਦ ਰਜੇਂਦਰ ਕ੍ਰਿਸ਼ਨ ਦੀ ਚਰਚਾ ਜਿ਼ਆਦਾ ਨਹੀਂ ਹੋਈ। ਸਾਢੇ ਛੇ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਬਾਅਦ ਇਹ ਗੀਤ ਦੁਬਾਰਾ ਵਾਇਰਲ ਹੋਇਆ ਤਾਂ ਇਸ ਨਾਲ ਬਹੁਤ ਸਾਰੀਆਂ ਅਣਫੋਲੀਆਂ ਤਹਿਆਂ ਦੁਬਾਰਾ ਉਜਾਗਰ ਹੋਈਆਂ।

ਸੰਪਰਕ: 94654-64502

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×