ਵੱਖ-ਵੱਖ ਥਾਈਂ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ
ਪੱਤਰ ਪ੍ਰੇਰਕ
ਭੋਗਪੁਰ, 7 ਅਗਸਤ
ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦਾ ਬਲਾਕ ਭੋਗਪੁਰ ਦੇ ਪਿੰਡ ਕਾਲਾ ਬੱਕਰਾ ਵਿੱਚ ‘ਤੀਆਂ ਦਾ ਮੇਲਾ’ ਸੋਨੀਆਂ ਹੰਸ ਅਤੇ ਸੋਹਣ ਲਾਲ ਸਿੱਧੂ ਦੀ ਰਹਿਨੁਮਾਈ ਹੇਠ ਧੂਮ ਧਾਮ ਨਾਲ ਕਰਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਐਸਡੀਐਮ ਆਦਮਪੁਰ ਪਿੰਕੀ ਦੇਵੀ ਅਤੇ ਪ੍ਰਧਾਨਗੀ ਐਸਪੀ ਮਨਜੀਤ ਕੌਰ ਨੇ ਕੀਤੀ। ਸ਼ੁਰੂਆਤ ਸਕੂਲ ਦੇ ਬੱਚਿਆਂ ਨੇ ਗੀਤ ’ਤੇ ਨਾਚ, ਕੋਰੀਓਗ੍ਰਾਫੀ, ਕਵਿਤਾ, ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਬਾਅਦ ਵਿੱਚ ਪਿੰਡ ਦੀਆਂ ਧੀਆਂ ਨੇ ਗਿੱਧਾ ਅਤੇ ਬੋਲੀਆਂ ਪਾ ਪਾ ਕੇ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ। ਐਸਡੀਐਮ ਪਿੰਕੀ ਦੇਵੀ ਅਤੇ ਐਸਪੀ ਮਨਜੀਤ ਕੌਰ ਨੇ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਪਠਾਨਕੋਟ (ਪੱਤਰ ਪ੍ਰੇਰਕ): ਲਾਇਨਜ਼ ਕਲੱਬ ਸੁਜਾਨਪੁਰ ਮੇਨ ਐਕਟਿਵ ਵੱਲੋਂ ਫਰਸਟ ਲਾਇਨ ਲੇਡੀ ਸਰੋਜ ਮਹਾਜਨ ਦੀ ਅਗਵਾਈ ਵਿੱਚ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਤੀਜ਼ ਮਹਾਂਉਤਸਵ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਕਲੱਬ ਦੀਆਂ ਸਾਰੀਆਂ ਲੇਡੀਜ਼ ਮੈਂਬਰਾਂ ਪੰਜਾਬੀ ਸੰਸਕ੍ਰਿਤੀ ਤੇ ਅਧਾਰਿਤ ਅਤੇ ਰਵਾਇਤੀ ਵੇਸ਼ਭੂਸ਼ਾ ਧਾਰਨ ਕਰਕੇ ਸ਼ਾਮਲ ਹੋਈਆਂ। ਤੀਜ ਮਹਾਂਉਤਸਵ ਦੀ ਸ਼ੁਰੂਆਤ ਢੋਲ ਦੀ ਥਾਪ ਨਾਲ ਸ਼ੁਰੂ ਹੋਈ ਅਤੇ ਸਮੂਹ ਔਰਤਾਂ ਨੇ ਪੰਜਾਬੀ ਬੋਲੀਆਂ ਪੇਸ਼ ਕਰਕੇ ਖੂਬ ਸਮਾਂ ਬੰਨ੍ਹਿਆ। ਸਮਾਗਮ ਵਿੱਚ ਵੱਖ-ਵੱਖ ਪੰਜਾਬੀ ਲਬਿਾਸਾਂ ਵਿੱਚ ਸਜ਼ੀਆਂ ਔਰਤਾਂ ਨੇ ਚਰਖਾ ਚਲਾ ਕੇ ਆਪਣੇ ਸਭਿਆਚਾਰ ਦੀ ਝਾਕੀ ਪੇਸ਼ ਕੀਤੀ।
ਫਗਵਾੜਾ (ਪੱਤਰ ਪ੍ਰੇਰਕ): ਜੀ.ਬੀ. ਇੰਸਟੀਚਿਊਟ ਆਫ਼ ਨਰਸਿੰਗ ਐਂਡ ਹੈਲਥ ਸਾਇੰਸ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਸਮਾਗਮ ਦਾ ਉਦਘਾਟਨ ਡਾ. ਜੀ.ਬੀ. ਸਿੰਘ ਪ੍ਰਧਾਨ ਨੇ ਰੀਬਨ ਕੱਟ ਕੇ ਕੀਤਾ ਜਦਕਿ ਉਪ ਪ੍ਰਧਾਨ ਡਾ. ਬੀ.ਐਸ.ਭਾਟੀਆ, ਸਕੱਤਰ ਦਵਿੰਦਰ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਵਿਦਿਆਰਥੀਆਂ ਵਲੋਂ ਫ਼ੋਕ ਡਾਂਸ, ਗਿੱਧਾ, ਭੰਗੜਾ ਦੀ ਪੇਸ਼ਕਾਰੀ ਕੀਤੀ ਗਈ।
ਕਾਹਨੂੰਵਾਨ (ਪੱਤਰ ਪ੍ਰੇਰਕ): ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਫੇਰੋਚੇਚੀ ਵਿੱਚ ਨਵ ਵਿਆਹੀਆਂ ਮੁਟਿਆਰਾਂ, ਔਰਤਾਂ ਅਤੇ ਬੱਚਿਆਂ ਨੇ ਮਿਲ ਕੇ ਤੀਆਂ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ। ਇਹ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਗੋਲਡਨ ਯੂਥ ਕਲੱਬ ਵੱਲੋਂ ਅਹਿਮ ਭੂਮਿਕਾ ਨਿਭਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਰਜਿੰਦਰ ਕੌਰ, ਰੀਟਾ ਬਾਜਵਾ, ਦਲਜੀਤ ਕੌਰ ਅਤੇ ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭੁੱਲਦੇ ਜਾ ਰਹੇ ਪੰਜਾਬੀ ਸਭਿਆਚਾਰ ਦਾ ਅਹਿਮ ਤਿਉਹਾਰ ਤੀਆਂ ਨੂੰ ਰਵਾਇਤੀ ਢੰਗ ਨਾਲ ਮਨਾ ਕੇ ਰੀਤ ਨੂੰ ਫਿਰ ਉਜਾਗਰ ਕੀਤਾ।