ਟਿਊਬਵੈੱਲ ਸਟੋਰ ਵਿੱਚੋਂ ਮੋਟਰਾਂ ਤੇ ਨਗ਼ਦੀ ਚੋਰੀ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 31 ਜੁਲਾਈ
ਇਥੋਂ ਦੇ ਹਿਸਾਰ ਰੋਡ ਸਥਿਤ ਗੋਇਲ ਟਿਊਬਵੈੱਲ ਸਟੋਰ ਵਿਚੋਂ ਲੰਘੀ ਦੇਰ ਰਾਤ ਚੋਰ ਤਿੰਨ ਮੋਟਰਾਂ ਤੇ 20 ਹਜ਼ਾਰ ਦੀ ਨਗਦੀ ਚੋਰੀ ਹੋ ਗਈ। ਚੋਰ ਇਕ ਮੋਟਰ ਦੁਕਾਨ ਦੇ ਬਾਹਰ ਛੱਡ ਗਏ। ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਦਿਨੋ-ਦਿਨ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਵਪਾਰੀਆਂ ਤੇ ਹੋਰ ਲੋਕਾਂ ’ਚ ਭਾਰੀ ਰੋਸ ਹੈ। ਪੁਲੀਸ ਨੇ ਦੁਕਾਨ ਮਾਲਕ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਗੋਇਲ ਟਿਊਬਵੈੱਲ ਸਟੋਰ ਦੇ ਸ਼ਟਰ ਦੇ ਜਿੰਦਰੇ ਤੋੜ ਕੇ ਚੋਰਾਂ ਨੇ ਸਟੋਰ ਵਿਚੋਂ ਤਿੰਨ ਵੱਡੀਆਂ ਮੋਟਰਾਂ, ਵੀਹ ਹਜ਼ਾਰ ਦੀ ਨਗਦੀ ਤੇ ਹੋਰ ਕੁਝ ਸਾਮਾਨ ਚੋਰੀ ਕਰ ਲਿਆ। ਇਸ ਦਾ ਪਤਾ ਦੁਕਾਨ ਮਾਲਕ ਨੂੰ ਉਦੋਂ ਲੱਗਿਆ ਜਦੋਂ ਚੋਰ ਇਕ ਮੋਟਰ ਦੁਕਾਨ ਦੇ ਬਾਹਰ ਹੀ ਛੱਡ ਗਏ। ਜਦੋਂ ਕਿਸੇ ਹੋਰ ਦੁਕਾਨਦਾਰ ਨੇ ਦੁਕਾਨ ਦੇ ਬਾਹਰ ਪਈ ਮੋਟਰ ਵੇਖੀ ਤਾਂ ਇਸ ਦੀ ਸੂਚਨਾ ਦੁਕਾਨਦਾਰ ਨੂੰ ਦਿੱਤੀ ਗਈ। ਦੁਕਾਨਦਾਰ ਨੇ ਜਦੋਂ ਆ ਕੇ ਆਪਣੀ ਦੁਕਾਨ ਸੰਭਾਲੀ ਤਾਂ ਮੋਟਰਾਂ ਤੇ ਹੋਰ ਸਾਮਾਨ ਗਾਇਬ ਮਿਲਿਆ। ਦੁਕਾਨ ਮਾਲਕ ਤ੍ਰਿਲੋਕ ਗੋਇਲ ਨੇ ਦੱਸਿਆ ਹੈ ਕਿ ਉਹ ਆਮ ਦਿਨਾਂ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਆ ਗਏ ਸਨ। ਗੁਆਂਢੀ ਦੁਕਾਨਦਾਰ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਇਕ ਮੋਟਰ ਦੁਕਾਨ ਦੇ ਬਾਹਰ ਰਹਿ ਗਈ ਹੈ। ਜਦੋਂ ਉਹ ਦੁਕਾਨ ’ਤੇ ਗਏ ਤਾਂ ਦੁਕਾਨ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਚੋਰੀ ਦਾ ਪਤਾ ਲੱਗਿਆ। ਉਧਰ ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਪੁਲੀਸ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਪੁਲੀਸ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ’ਚ ਫੇਲ੍ਹ ਸਾਬਤ ਹੋ ਰਹੀ ਹੈ।
ਦੁਕਾਨ ਵਿੱਚੋਂ ਨਗਦੀ ਅਤੇ ਸਾਈਕਲ ਚੋਰੀ
ਭੁੱਚੋ ਮੰਡੀ (ਪੱਤਰ ਪ੍ਰੇਰਕ): ਇਥੇ ਚੋਰਾਂ ਨੇ ਬੀਤੀ ਰਾਤ ਇੱਕ ਕਰਿਆਨੇ ਦੀ ਦੁਕਾਨ ਦੀ ਮਮਟੀ ਵਿੱਚ ਪਾੜ ਲਗਾ ਕੇ ਦਸ ਹਜ਼ਾਰ ਰੁਪਏ ਦੀ ਨਗਦੀ ਅਤੇ ਇੱਕ ਸਾਈਕਲ ਚੋਰੀ ਕਰ ਲਿਆ। ਪੀੜਤ ਦੁਕਾਨਦਾਰ ਲਖਵੀਰ ਸਿੰਘ (ਸੇਵਾ ਮੁਕਤ ਫੌਜੀ) ਅਤੇ ਉਸ ਦੇ ਲੜਕੇ ਪਰਮਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦਾ ਅੱਜ ਸਵੇਰੇ ਦੁਕਾਨ ਖੋਲ੍ਹਣ ਸਮੇਂ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਭੁੱਚੋ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ, ਜੋ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।