ਧੀ ਦੇ ਵਿਆਹ ਲਈ ਰੱਖੇ ਗਹਿਣੇ ਤੇ ਨਕਦੀ ਚੋਰੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਨਵੰਬਰ
ਟਿੱਬਾ ਦੇ ਗੋਪਾਲ ਨਗਰ ਚੌਕ ਕੋਲ ਸਥਿਤ ਸ਼ਿਵ ਸ਼ਕਤੀ ਕਲੋਨੀ ’ਚ ਚੋਰਾਂ ਨੇ ਇੱਕ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਦੇ ਗਹਿਣੇ, ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਘਰ ਦਾ ਮਾਲਕ ਅਮਰਜੀਤ ਸਿੰਘ ਦੁੱਧ ਲੈ ਕੇ ਘਰ ਗਿਆ ਤਾਂ ਕੁਝ ਸਾਮਾਨ ਖਿਲਰਿਆ ਪਿਆ ਸੀ। ਜਦੋਂ ਉਹ ਲੜਕੇ ਅਨਿਲ ਦੇ ਕਮਰੇ ’ਚ ਗਿਆ ਤਾਂ ਸਾਮਾਨ ਖਿਲਰਿਆ ਪਿਆ ਸੀ। ਅੰਦਰੋਂ ਗਹਿਣੇ ਤੇ ਨਕਦੀ ਗਾਇਬ ਸੀ। ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਥਾਣਾ ਟਿੱਬਾ ਪੁਲੀਸ ਨੇ ਫੁਟੇਜ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਅਨਿਲ ਸ਼ਰਮਾ ਆਪਣੀ ਪਤਨੀ ਤੇ ਬੱਚਿਆਂ ਨਾਲ ਕਰਨਾਲ ਸਥਿਤ ਆਪਣੇ ਸਹੁਰੇ ਗਿਆ ਹੋਇਆ ਸੀ। ਉਹ ਤੇ ਉਸ ਦੀ ਪਤਨੀ ਆਪਣੇ ਕਮਰੇ ’ਚ ਅਤੇ ਉਨ੍ਹਾਂ ਦੀ ਲੜਕੀ ਆਪਣੇ ਕਮਰੇ ’ਚ ਸੌ ਰਹੀ ਸੀ। ਦੇਰ ਰਾਤ ਕਰੀਬ 3 ਵਜੇ ਚੋਰ ਘਰ ’ਚ ਕੰਧ ਟੱਪ ਕੇ ਦਾਖਲ ਹੋ ਗਏ। ਜਿਸ ਤੋਂ ਬਾਅਚ ਚੋਰ ਕਮਰੇ ’ਚ ਦਾਖਲ ਹੁੰਦੇ ਹਨ ਤੇ ਅੰਦਰੋਂ ਕਰੀਬ 5 ਲੱਖ ਨਕਦੀ ਤੇ ਗਹਿਣੇ ਚੋਰੀ ਕਰ ਫ਼ਰਾਰ ਹੋ ਗਏ। ਅਮਰਜੀਤ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਦਾ ਤਿੰਨ ਮਹੀਨੇ ਬਾਅਦ ਵਿਆਹ ਹੈ। ਉਨ੍ਹਾਂ ਪਾਈ ਪਾਈ ਜੋੜ ਕੇ ਗਹਿਣੇ ਬਣਾਏ ਸਨ। ਉਹ ਸਵੇਰੇ ਦੁੱਧ ਲੈਣ ਗਏ ਤੇ ਵਾਪਸ ਆਏ ਤਾਂ ਲੜਕੇ ਦੇ ਕਮਰੇ ਦੇ ਬਾਹਰ ਸਾਮਾਨ ਪਿਆ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਚੋਰੀ ਹੋ ਚੁੱਕੀ ਹੈ ਤਾਂ ਉਨ੍ਹਾਂ ਸੀਸੀਟੀਵੀ ਫੁਟੇਜ ਚੈਕ ਕੀਤੀ ਤਾਂ ਪੂਰੀ ਵਾਰਦਾਤ ਸਮਝ ਆ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਟਿੱਬਾ ਪੁਲੀਸ ਨੂੰ ਸੂਚਨਾ ਦਿੱਤੀ।