ਘਰ ’ਚੋਂ ਨਕਦੀ, ਵਿਦੇਸ਼ੀ ਕਰੰਸੀ ਤੇ ਗਹਿਣੇ ਚੋਰੀ
ਪੱਤਰ ਪ੍ਰੇਰਕ
ਜਲੰਧਰ, 4 ਨਵੰਬਰ
ਥਾਣਾ ਆਦਮਪੁਰ ਅਧੀਨ ਆਉਂਦੇ ਕਸਬਾ ਅਲਾਵਲਪੁਰ ਵਿੱਚ ਅੱਜ ਘਰ ਵਿੱਚੋਂ ਨਕਦੀ, ਵਿਦੇਸ਼ੀ ਕਰੰਸੀ ਅਤੇ ਗਹਿਣੇ ਚੋਰੀ ਹੋ ਗਏ। ਇਸ ਸਬੰਧੀ ਪੀੜਤ ਸੁਰਜੀਤ ਕੌਰ ਪਤਨੀ ਜਮਨਾ ਦਾਸ ਨੇ ਦੱਸਿਆ ਕਿ ਉਹ ਅੱਜ ਸਵੇਰੇ ਕਰੀਬ 10 ਵਜੇ ਆਪਣੇ ਘਰ ਤੋਂ ਚੱਕੀ ਵਾਲੇ ਪਾਸੇ ਨਵੇਂ ਘਰ ਗਏ ਸਨ। ਜਦੋਂ ਉਹ ਥੋੜ੍ਹੀ ਦੇਰ ਬਾਅਦ ਘਰ ਆਏ ਤਾਂ ਮੁੱਖ ਦਰਵਾਜ਼ਾ ਖੁੱਲ੍ਹਾ ਪਿਆ ਸੀ ਅਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਤੇ ਗਹਿਣੇ, ਨਕਦੀ ਅਤੇ ਵਿਦੇਸ਼ੀ ਕਰੰਸੀ ਗਾਇਬ ਸੀ।
ਉਨ੍ਹਾਂ ਦੱਸਿਆ ਕਿ ਕੁੱਲ 13 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਪਰਿਵਾਰ ਸਮੇਤ ਕੁਝ ਦਿਨਾਂ ਬਾਅਦ ਆਪਣੀ ਬੇਟੀ ਪਾਸ ਵਿਦੇਸ਼ ਜਾਣ ਵਾਲੇ ਸਨ ਅਤੇ ਇਸੇ ਕਰਕੇ ਗਹਿਣੇ ਅਤੇ ਨਕਦੀ ਘਰ ਵਿੱਚ ਰੱਖੇ ਸਨ। ਇਸਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ ਤਾਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਆਦਮਪੁਰ ਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਇਸ ਸਾਰੇ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ ਤੇ ਚੋਰ ਛੇਤੀ ਹੀ ਕਾਬੂ ਕਰ ਲਏ ਜਾਣਗੇ।