ਖਨੌਰੀ ਸ਼ਹਿਰ ’ਚ ਵਧ ਰਹੀਆਂ ਨੇ ਚੋਰੀ ਦੀਆਂ ਵਾਰਦਾਤਾਂ
ਹਰਜੀਤ ਸਿੰਘ
ਖਨੌਰੀ, 30 ਮਾਰਚ
ਸਥਾਨਕ ਸ਼ਹਿਰ ਅੰਦਰ ਚੋਰੀਆਂ ਕਰਨ ਦਾ ਸਿਲਸਿਲਾ ਦਿਨ ਪ੍ਰਤੀ ਦਿਨ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ
ਇੱਥੋਂ ਦੇ ਸਿਟੀ ਲਾਈਟ ਟੇਲਰਜ਼ ਦੀ ਦੁਕਾਨ ਵਿੱਚ ਲੰਘੀ ਰਾਤ ਚੋਰੀ ਹੋ ਗਈ। ਦੁਕਾਨ ਮਾਲਕ ਪਵਨ ਕੁਮਾਰ ਬਤਰਾ ਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ ਨੂੰ ਆਪਣੀ ਦੁਕਾਨ ਦਾ ਕੰਮ ਨਬਿੇੜ ਕੇ ਆਪਣੇ ਘਰ ਜਾ ਚੁੱਕੇ ਸਨ ਪਰ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਉੱਪਰ ਬਣੇ ਕਮਰੇ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਅਤੇ ਦੋ ਬੈਟਰੇ ਅਤੇ ਇਨਵਰਟਰ ਗਾਇਬ ਸਨ। ਉਨ੍ਹਾਂ ਕਿਹਾ ਕਿ ਦੁਕਾਨ ਵਿੱਚ ਲੱਗੇ ਸੀਸੀ ਟੀਵੀ ਕੈਮਰਿਆਂ ਨੂੰ ਵੀ ਤੋੜ ਦਿੱਤਾ ਗਿਆ ਹੈ ਪਰ ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਇਸ ਸਬੰਧੀ ਸਥਾਨਕ ਥਾਣਾ ਖਨੌਰੀ ਵਿੱਚ ਸਵੇਰੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਪਰ ਪੁਲੀਸ ਪ੍ਰਸ਼ਾਸਨ ਹੁਣ ਤੱਕ ਚੋਰਾਂ ਦਾ ਕੋਈ ਸੁਰਾਗ ਨਹੀਂ ਲਗਾ ਸਕੀ। ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਵੀ 25 ਫਰਵਰੀ ਨੂੰ ਉਹਨਾਂ ਦੀ ਦੁਕਾਨ ਵਿੱਚ ਚੋਰਾਂ ਵੱਲੋਂ 60/65 ਹਜ਼ਾਰ ਰੁਪਏ ਦੇ ਕੱਪੜੇ ਚੋਰੀ ਕਰ ਲਏ ਗਏ ਸਨ ਜਿਸਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।
ਜ਼ਿਕਰਯੋਗ ਹੈ ਕਿ ਬੀਤੀ 26 ਮਾਰਚ ਨੂੰ ਵੀ ਚੋਰਾਂ ਵੱਲੋਂ ਕਾਲੀ ਮਾਤਾ ਮੰਦਰ ਵਿੱਚ ਗਹਿਣੇ ਵਗੈਰਾ ਚੋਰੀ ਕਰ ਲਏ ਗਏ ਸਨ। ਖਨੋਰੀ ਸ਼ਹਿਰ ਵਿੱਚ ਦਿਨੋ ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ।
ਇਸ ਸਬੰਧੀ ਜਦੋਂ ਥਾਣਾ ਖਨੌਰੀ ਦੇ ਐਸ.ਐਚ.ਓ. ਸਬ ਇੰਸਪੈਕਟਰ ਅੰਮ੍ਰਿਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਵਲੋਂ ਰਾਤ ਦੀ ਗਸ਼ਤ ਲਗਾਤਾਰ ਹੋ ਰਹੀ ਹੈ। ਦੁਕਾਨਦਾਰ ਵੀ ਆਪਣੇ ਚੌਕੀਦਾਰ ਰੱਖਣ ਅਤੇ ਪਬਲਿਕ ਦੇ ਸਹਿਯੋਗ ਨਾਲ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ।