ਇੱਕੋ ਰਾਤ ਅੱਧੀ ਦਰਜਨ ਤੋਂ ਵੱਧ ਦੁਕਾਨਾਂ ’ਚ ਚੋਰੀ
ਨਿੱਜੀ ਪੱਤਰ ਪ੍ਰੇਰਕ
ਮਲੋਟ, 17 ਨਵੰਬਰ
ਇਸ ਸ਼ਹਿਰ ਦੇ ਮੁੱਖ ਬਾਜ਼ਾਰ, ਦਾਨੇਵਾਲਾ ਚੌਕ ਅਤੇ ਜੀਟੀ ਰੋਡ ’ਤੇ ਲੰਘੀ ਰਾਤ ਅੱਧੀ ਦਰਜਨ ਤੋਂ ਵਧੇਰੇ ਵੱਖ-ਵੱਖ ਦੁਕਾਨਾਂ ਦੇ ਚੋਰਾਂ ਵੱਲੋਂ ਤਾਲੇ ਤੋੜੇ ਜਾਣ ਦੀ ਖ਼ਬਰ ਮਿਲੀ ਹੈ। ਕੈਂਪ ਏਰੀਏ ਵਿੱਚ ਸਥਿਤ ਵਧਵਾ ਮੈਡੀਕਲ ਸਟੋਰ, ਉਸ ਦੇ ਨਾਲ ਮੁੱਖ ਬਾਜ਼ਾਰ ਵਾਲੇ ਪਾਸੇ ਕੱਪੜੇ ਅਤੇ ਮੁਨਿਆਰੀ ਦੀਆਂ ਦੁਕਾਨਾਂ ਅਰੋੜਾ ਕਲਾਥ ਹਾਊਸ, ਗਣਪਤ ਗਾਰਮੈਂਂਟਸ ਤੋਂ ਇਲਾਵਾ ਅਮਨ ਟਾਈਲ ਸਟੋਰ ਦਾਨੇਵਾਲਾ ਚੌਂਕ, ਜੀਟੀ ਰੋਡ ‘ਤੇ ਸਥਿਤ ਗੁਲਸ਼ਨ ਸਵੀਟ ਹਾਊਸ ਅਤੇ ਸੂਰਜਾ ਰਾਮ ਮਾਰਕੀਟ ਦੇ ਗੇਟ ’ਤੇ ਸਥਿਤ ਇਕ ਕੱਪੜੇ ਦੇ ਵੱਡੇ ਸ਼ੋਅਰੂਮ ਤੋਂ ਤਾਂ ਨਗਦੀ ਸਮੇਤ ਡੀਵੀਆਰ ਵੀ ਚੋਰ ਨਾਲ ਹੀ ਲੈ ਗਏ ਅਤੇ ਕਈਆਂ ਦੁਕਾਨਾਂ ’ਤੇ ਵਾਰਦਾਤ ਤੋਂ ਪਹਿਲਾਂ ਉਨ੍ਹਾਂ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ। ਜ਼ਿਕਰਯੋਗ ਹੈ ਕਿ ਕਈ ਦੁਕਾਨਾਂ ਤਾਂ ਥਾਣੇ ਤੋਂ ਮਹਜਿ਼ 300 ਮੀਟਰ ਦੀ ਦੂਰੀ ’ਤੇ ਸਥਿਤ ਹਨ। ਇਸ ਘਟਨਾ ਨੂੰ ਲੈ ਕੇ ਸ਼ਹਿਰਵਾਸੀ ਖੌਫ਼ਜ਼ਦਾ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰੋਬਾਰਾਂ ਦੀ ਸੁਰੱਖਿਆ ਤਾਂ ਰੱਬ ਆਸਰੇ ਹੈ। ਓਧਰ ਡੀਐਸਪੀ ਮਲੋਟ ਫਤਿਹਬੀਰ ਸਿੰਘ ਦਾ ਕਹਿਣਾ ਸੀ ਕਿ ਚੋਰੀਆਂ ਬਾਰੇ ਉਨ੍ਹਾਂ ਤੱਕ ਸੂਚਨਾ ਪਹੁੰਚੀ ਹੈ, ਉਹ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲੈਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੰਯਮ ਤੋਂ ਕੰਮ ਲੈਣ, ਪੁਲੀਸ ਉਨ੍ਹਾਂ ਨਾਲ ਖੜ੍ਹੀ ਹੈ। ਭਾਵੇਂ ਵੱਖ-ਵੱਖ ਚੌਕਾਂ ਵਿੱਚ ਕੈਮਰੇ ਲੱਗੇ ਹੋਏ ਹਨ ਪਰ ਇਸ ਦੇ ਬਾਵਜੂਦ ਲੋਕ ਆਪਣੇ ਕੈਮਰੇ ਅਪ-ਟੂ-ਡੇਟ ਰੱਖਣ।