ਲੌਂਗੋਵਾਲ ’ਚ ਇੱਕੋ ਰਾਤ ਛੇ ਦੁਕਾਨਾਂ ’ਚੋਂ ਚੋਰੀ; ਦੁਕਾਨਦਾਰਾਂ ਵੱਲੋਂ ਧਰਨਾ
ਜਗਤਾਰ ਸਿੰਘ ਨਹਿਲ
ਲੌਂਗੋਵਾਲ, 4 ਅਗਸਤ
ਸਥਾਨਕ ਕਸਬੇ ਵਿਚ ਪਿਛਲੇ ਕਈ ਦਿਨਾਂ ਤੋਂ ਚੋਰੀਆਂ ਦਾ ਸਿਲਸਲਾ ਲਗਾਤਰ ਜਾਰੀ ਹੈ। ਲੰਘੀ ਰਾਤ 6 ਦੁਕਾਨਾਂ ਦੇ ਸ਼ਟਰਾਂ ਦੇ ਜਿੰਦਰੇ ਤੋੜ ਕੇ ਚੋਰੀ ਕੀਤੀ ਗਈ ਜਿਸ ਖ਼ਿਲਾਫ਼ ਅੱਜ ਦੁਕਾਨਦਾਰਾਂ ਨੇ ਸੜਕ ’ਤੇ ਧਰਨਾ ਲਾ ਦਿੱਤਾ। ਲੰਘੀ ਰਾਤ ਵਸ਼ਿਸ਼ਟ ਮੈਡੀਕੋਜ਼, ਆਰ.ਕੇ. ਮੈਡੀਕੋਜ, ਸਾਈ ਜਰਨਲ ਸਟੋਰ, ਪ੍ਰੀਤ ਗਾਰਮੈਂਟਸ, ਮਿੱਤਲ ਜਰਨਲ ਸਟੋਰ, ਬੀਕੇ ਐਗਰੀਕਲਚਰ ਦੁਕਾਨਾਂ ਤੋਂ ਨਗਦੀ ਅਤੇ ਕੈਮਰਿਆਂ ਦੇ ਡੀਵੀਆਰ ਅਤੇ ਇਕ ਦੁਕਾਨ ਤੋਂ ਜਰਨੇਟਰ ਵੀ ਚੋਰੀ ਹੋਇਆ ਹੈ।
ਇਨ੍ਹਾਂ ਚੋਰੀਆਂ ਤੋਂ ਗੁੱਸੇ ਵਿਚ ਆਏ ਕਸਬੇ ਦੇ ਦੁਕਾਨਦਾਰਾਂ ਤੇ ਲੋਕਾਂ ਨੇ ਬਾਜ਼ਾਰ ਬੰਦ ਕਰਕੇ ਬੱਸ ਅੱਡੇ ਉੱਪਰ ਧਰਨਾ ਲਗਾ ਦਿੱਤਾ। ਅੱਕੇ ਹੋਏ ਸ਼ਹਿਰ ਵਾਸੀਆਂ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਧਰਨੇ ਵਿਚ ਆਏ ਥਾਣਾ ਮੁਖੀ ਜਤਿੰਦਰਪਾਲ ਸਿੰਘ ਦਾ ਘਿਰਾਓ ਕਰ ਦਿੱਤਾ ਅਤੇ ਉਨ੍ਹਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਦਿੱਤੀ, ਜਿਸ ਦੇ ਚੱਲਦਿਆਂ ਥਾਣਾ ਮੁਖੀ ਇੰਸਪੈਕਟਰ ਜਤਿੰਦਰਪਾਲ ਸਿੰਘ ਆਪਣੀ ਸਰਕਾਰੀ ਗੱਡੀ ਛੱਡ ਕੇ ਚਲੇ ਗਏ। ਧਰਨੇ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕਟ ਗੁਰਤੇਜ ਸਿੰਘ ਲੌਂਗੋਵਾਲ, ਵਿਜੈ ਕੁਮਾਰ ਗੋਇਲ, ਲਖਵੀਰ ਸਿੰਘ ਲੱਖੀ,ਕਮਲਜੀਤ ਸਿੰਘ ਵਿੱਕੀ, ਸਤਪਾਲ ਸੱਤਾ ਆਦਿ ਕਿਹਾ ਕਿ ਇਹ ਕੋਈ ਪਹਿਲੀ ਵਾਰਦਾਤ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਚੋਰੀਆਂ ਹੋ ਚੁੱਕੀਆਂ ਹਨ। ਚਾਰ ਦਿਨ ਪਹਿਲਾਂ ਕੌਂਸਲਰ ਗੁਰਮੀਤ ਸਿੰਘ ਲੱਲੀ ਅਤੇ ਹੋਰ ਕਿਸਾਨਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਕੇਬਲਾਂ ਆਦਿ ਵੀ ਚੋਰੀ ਹੋਈਆਂ ਹਨ ਅਤੇ ਬੱਸ ਸਟੈਂਡ ਤੇ ਰਾਕੇਸ਼ ਕੁਮਾਰ ਰਿੰਕਾ ਦੀ ਦੁਕਾਨ ਤੋਂ ਇੱਕ ਲੱਖ ਰੁਪਏ ਦੀ ਨਗਦੀ ਚੋਰੀ ਹੋ ਗਈ ਸੀ, ਜਿਸ ਦੀ ਪੁਲੀਸ ਪ੍ਰਸ਼ਾਸਨ ਵਲੋਂ ਹੁਣ ਤੱਕ ਕੋਈ ਸ਼ਨਾਖਤ ਨਹੀਂ ਕੀਤੀ ਜਾ ਸਕੀ। ਲੌਂਗੋਵਾਲ ਨੇ ‘ਆਪ’ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਥੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕੀ ਹੈ। ਦਿਨੋ ਦਿਨ ਚੋਰੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਰਾਜ ਨੇਤਾਵਾਂ ਦੀ ਸੁਰੱਖਿਆ ਵਿੱਚ ਜੁਟੀ ਪੁਲੀਸ ਕੋਲ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਸਮਾਂ ਨਹੀਂ ਹੈ। ਇਸ ਦੌਰਾਨ ਲੌਂਗੋਵਾਲ ਦੇ ਸਮੁੱਚੇ ਬਜ਼ਾਰ ਬੰਦ ਰਹੇ। ਲੋਕਾਂ ਦੇ ਪ੍ਰਚੰਡ ਰੋਹ ਨੂੰ ਵੇਖਦਿਆਂ ਡੀ.ਐੱਸ.ਪੀ. ਸੁਨਾਮ ਨੂੰ ਧਰਨੇ ਵਾਲੀ ਥਾਂ ’ਤੇ ਪੁੱਜਣਾ ਪਿਆ। ਉਨ੍ਹਾਂ ਨੇ ਧਰਨਾਕਾਰੀਆਂ ਤੋਂ 72 ਘੰਟਿਆਂ ਦੇ ਸਮੇਂ ਦੀ ਮੰਗ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਵਿਚ ਸਖਤ ਕਾਰਵਾਈ ਕੀਤੀ ਜਾ ਰਹੀ ਹੈ।