ਪੰਜਾਬੀ ਯੂਨੀਵਰਸਿਟੀ ਦੀ ਥੀਏਟਰ ਵਰਕਸ਼ਾਪ ਸਮਾਪਤ
ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਅਕਤੂਬਰ
ਪੰਜਾਬੀ ਵਿਭਾਗ ਦੀ ਸਾਹਿਤ ਸਭਾ ਅਤੇ ਅੰਗਰੇਜ਼ੀ ਵਿਭਾਗ ਦੀ ਇੰਗਲਿਸ਼ ਲਿਟਰੇਰੀ ਸੋਸਾਇਟੀ ਵੱਲੋਂ ਸਾਂਝੇ ਰੂਪ ਵਿੱਚ ਕਰਵਾਈ ਗਈ ਦੋ-ਭਾਸ਼ੀ ਥੀਏਟਰ ਵਰਕਸ਼ਾਪ ਅੱਜ ਸਮਾਪਤ ਹੋ ਗਈ। ਨੌਜਵਾਨ ਰੰਗਕਰਮੀ ਅਤੇ ਸਟੇਜ ਮਾਹਿਰ ਸਹਿਜ ਅਜੀਜ਼ ਇਸ ਵਰਕਸ਼ਾਪ ਵਿੱਚ ਲਗਾਤਾਰ ਹਰ ਰੋਜ਼ ਹਾਜ਼ਰ ਰਹੇ। ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲ਼ਿਆਂ ਨੇ ਰੂਸੀ ਨਾਟਕਕਾਰ ਐਂਟੋਨ ਪਾਵਲੋਵਿਚ ਚੇਖੋਵ ਦੀਆਂ ਚਾਰ ਛੋਟੀਆਂ ਕਹਾਣੀਆਂ ਨੂੰ ਰੂਪਾਂਤਰਿਤ ਕਰ ਕੇ ਨਾਟਕੀ ਰੂਪ ਦਿੱਤਾ। ਅੰਤਲੇ ਦਿਨ ਖਚਾਖਚ ਭਰੇ ਕਲਾ-ਭਵਨ ਵਿਚ ‘ਚੇਖੋਵ ਦੀਆਂ ਨਜ਼ਰਾਂ ਤੋਂ’ ਨਾਮ ਹੇਠ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਜਯੋਤੀ ਪੁਰੀ ਨੇ ਸੰਬੋਧਨ ਕੀਤਾ। ਪ੍ਰੋ. ਗੁਰਮੁਖ ਸਿੰਘ ਨੇ ਵਰਕਸ਼ਾਪ ਦੇ ਅੰਤਲੇ ਦਿਨ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਵਰਕਸ਼ਾਪ ਦੋਵਾਂ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਰੰਗਮੰਚ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਸਟੇਜ ਡਿਜ਼ਾਈਨਿੰਗ, ਸਕ੍ਰਿਪਟ ਲੇਖਣ, ਆਵਾਜ਼ ਨਿਯੰਤਰਣ, ਦੇਹਿਕ ਭਾਸ਼ਾ, ਰੋਸ਼ਨੀ ਅਤੇ ਥਾਂ ਦੀ ਵਰਤੋਂ ਤੋਂ ਜਾਣੂ ਕਰਵਾਉਣ ਲਈ ਵਿਉਂਤੀ ਗਈ ਸੀ। ਇਹ ਭਾਸ਼ਾਵਾਂ ਦੇ ਵਿਭਾਗਾਂ ਦੇ ਵਿਦਿਆਰਥੀਆਂ ਵਿਚ ਸਿਰਜਣਤਮਕ ਤਾਲਮੇਲ ਨੂੰ ਮਜ਼ਬੂਤ ਕਰਨ ਦੀ ਇੱਕ ਕੋਸ਼ਿਸ਼ ਵੀ ਸੀ। ਡਾ. ਜਯੋਤੀ ਪੁਰੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਅਜਿਹੀਆਂ ਕਲਾਸੀਕਲ ਰਚਨਾਵਾਂ ਦੇ ਦੋਭਾਸ਼ੀ ਢੰਗ ਨਾਲ ਸਮਕਾਲੀ ਰੂਪਾਂਤਰਣ ਦੀ ਸ਼ਲਾਘਾ ਕੀਤੀ। ਨਾਟਕੀ ਪੇਸ਼ਕਾਰੀ ਦੀ ਸਫ਼ਲ ਦੇਖ-ਰੇਖ ਡਾ. ਰਾਜਵੰਤ ਕੌਰ ਪੰਜਾਬੀ, ਡਾ. ਗੁਰਸੇਵਕ ਲੰਬੀ ਅਤੇ ਡਾ. ਧਰਮਜੀਤ ਸਿੰਘ ਵੱਲੋਂ ਕੀਤੀ ਗਈ।