For the best experience, open
https://m.punjabitribuneonline.com
on your mobile browser.
Advertisement

ਥੀਏਟਰ ਫੈਸਟੀਵਲ: ਨਾਟਕ ‘00000’ ਨੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ

07:39 AM Nov 19, 2024 IST
ਥੀਏਟਰ ਫੈਸਟੀਵਲ  ਨਾਟਕ ‘00000’ ਨੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ
ਨਾਟਕ ਪੇਸ਼ ਕਰਦੇ ਹੋਏ ਕਲਾਕਾਰ।
Advertisement

ਮਨੋਜ ਸ਼ਰਮਾ
ਬਠਿੰਡਾ, 18 ਨਵੰਬਰ
ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਪੇਸ਼ ਕੀਤੇ ਨਾਟਕ ‘00000’ ਨੇ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ ਪੋਟ ਕਰ ਦਿੱਤਾ। ਜੱਸੀ ਜਸਪ੍ਰੀਤ ਵੱਲੋਂ ਲਿਖੇ ਇਸ ਨਾਟਕ ਨੂੰ ਟੀਮ ਨਾਟਿਅਮ ਪੰਜਾਬ ਨੇ ਕੀਰਤੀ ਕਿਰਪਾਲ ਦੇ ਨਿਰਦੇਸ਼ਨ ਹੇਠ ਖੇਡਿਆ। ਇਸ ਵਿਅੰਗ ਭਰਪੂਰ ਨਾਟਕ ਨੇ ਦਰਸ਼ਕਾਂ ਨੂੰ ਬਾਹਰੋਂ ਸ਼ਾਂਤੀ ਲੱਭਣ ਦੀ ਬਜਾਇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਤਿਆਗ ਕੇ ਆਪਣੇ ਅੰਤਰਮਨ ’ਚੋਂ ਸ਼ਾਂਤੀ ਲੱਭਣ ਲਈ ਪ੍ਰੇਰਿਆ। ਨਾਟਕ ਦੌਰਾਨ ਗੁਰਨੂਰ ਸਿੰਘ ਨੇ ਡਾ. ਦਿਲਦਾਰ ਸਿੰਘ ਦਾ ਕਿਰਦਾਰ ਨਿਭਾਅ ਕੇ ਰੰਗ ਬੰਨ੍ਹ ਦਿੱਤਾ।
ਨਾਟ-ਉਤਸਵ ਦੇ ਚੌਥੇ ਦਿਨ ਮੁੱਖ ਮਹਿਮਾਨ ਵਜੋਂ ਰਜਿੰਦਰ ਮਿੱਤਲ, ਐੱਮਡੀ, ਮਿੱਤਲ ਇੰਡਸਟਰੀਜ਼ ਪਹੁੰਚੇ। ਰੰਗਮੰਚ ਦੀ ਉੱਘੀ ਸ਼ਖ਼ਸੀਅਤ ਤ੍ਰਿਪਤੀ ਚੈਟਲੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ਮਾ ਰੌਸ਼ਨ ਦੀ ਰਸਮ ਸ੍ਰੀ ਚੈਟਲੇ ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਨੇ ਮਹਿਮਾਨਾਂ ਨਾਲ ਮਿਲ ਕੇ ਅਦਾ ਕੀਤੀ। ਇਸ ਮੌਕੇ ਸ੍ਰੀ ਮਿੱਤਲ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਨਾਟ-ਨਿਰਦੇਸ਼ਕ ਕੀਰਤੀ ਕਿਰਪਾਲ ਦੇ ਮਾਲਵੇ ਵਿੱਚ ਰੰਗਮੰਚ ਨੂੰ ਜਿਉਂਦਾ ਰੱਖਣ ਸਬੰਧੀ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ।
ਨਾਟਿਅਮ ਦੇ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਅਤੇ ਸੁਦਰਸ਼ਨ ਗੁਪਤਾ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਸਹਿਯੋਗ ਲਈ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ, ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਅਤੇ ਮਿਉਂਸਿਪਲ ਕਾਰਪੋਰੇਸ਼ਨ ਬਠਿੰਡਾ ਦਾ ਧੰਨਵਾਦ ਕੀਤਾ। ਇਸ ਦੌਰਾਨ ਯੂਨੀਵਰਸਿਟੀ ਰਜਿਸਟਰਾਰ ਗੁਰਿੰਦਰਪਾਲ ਸਿੰਘ ਬਰਾੜ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਿਟਾਇਰਡ ਪ੍ਰੋਫੈਸਰ ਮਹਿੰਦਰ ਕੁਮਾਰ, ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਪ੍ਰਮੁੱਖ ਸਾਹਿਤਕ ਹਸਤੀਆਂ ਵੀ ਮੌਜੂਦ ਸਨ।

Advertisement

Advertisement
Advertisement
Author Image

sukhwinder singh

View all posts

Advertisement